ਨਵੀਂ ਦਿੱਲੀ (ਜੇਐੱਨਐੱਨ) : ਸਪਿੰਨਰਾਂ ਦੀ ਮਦਦਗਾਰ ਪਿੱਚ 'ਤੇ ਇੰਗਲੈਂਡ ਖ਼ਿਲਾਫ਼ ਸ਼ਨਿਚਰਵਾਰ ਤੋਂ ਸ਼ੁਰੂ ਹੋ ਰਹੇ ਦੂਜੇ ਟੈਸਟ ਵਿਚ ਭਾਰਤੀ ਟੀਮ ਆਪਣੀਆਂ ਗ਼ਲਤੀਆਂ ਤੋਂ ਸਬਕ ਲੈ ਕੇ ਉਤਰੇਗੀ ਕਿਉਂਕਿ ਕਪਤਾਨ ਵਿਰਾਟ ਕੋਹਲੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਇੱਥੇ ਗ਼ਲਤੀ ਕਰਨ ਦਾ ਮਤਲਬ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਵਿਚੋਂ ਥਾਂ ਗੁਆਉਣਾ ਹੋਵੇਗਾ। ਆਸਟ੍ਰੇਲੀਆ ਦੌਰੇ 'ਤੇ ਇਤਿਹਾਸਕ ਜਿੱਤ ਦਾ ਖੁਮਾਰ ਇੰਗਲੈਂਡ ਹੱਥੋਂ ਪਹਿਲੇ ਟੈਸਟ ਵਿਚ 227 ਦੌੜਾਂ ਨਾਲ ਮਿਲੀ ਹਾਰ ਨਾਲ ਹੀ ਉਤਰ ਗਿਆ। ਇੰਗਲੈਂਡ ਦੀ ਟੀਮ ਵਿਚ ਬੇਨ ਫੋਕਸ ਦੇ ਰੂਪ ਵਿਚ ਨਵੇਂ ਵਿਕਟਕੀਪਰ ਹਨ ਤੇ ਜੇਮਜ਼ ਐਂਡਰਸਨ ਦੀ ਥਾਂ ਸਟੂਅਰਟ ਬਰਾਡ ਲੈਣਗੇ। ਮੋਇਨ ਅਲੀ ਨੂੰ ਵੀ ਡੋਮ ਬੇਸ ਦੀ ਥਾਂ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਕੂਹਣੀ ਦੀ ਸੱਟ ਕਾਰਨ ਜੋਫਰਾ ਆਰਚਰ ਬਾਹਰ ਹਨ ਜਿਨ੍ਹਾਂ ਦੀ ਥਾਂ ਗੇਂਦਬਾਜ਼ੀ ਹਰਫ਼ਨਮੌਲਾ ਕ੍ਰਿਸ ਵਾਕਸ ਨੂੰ ਮਿਲੇਗੀ।

ਚੇਪਕ ਦੀ ਨਵੀਂ ਗਹਿਰੇ ਰੰਗ ਦੀ ਪਿੱਚ ਪਹਿਲੇ ਟੈਸਟ ਦੀ ਪਿੱਚ ਤੋਂ ਵੱਖ ਹੈ ਤੇ ਇਸ ਤੋਂ ਸਪਿੰਨ ਮਿਲਣ ਦੀ ਉਮੀਦ ਹੈ। ਇਸ ਕਾਰਨ ਰਵੀਚੰਦਰਨ ਅਸ਼ਵਿਨ ਨੂੰ ਦੂਜੇ ਪਾਸੇ ਸਾਥ ਦੀ ਲੋੜ ਪਵੇਗੀ। ਸ਼ਾਹਬਾਜ਼ ਨਦੀਮ ਦੀ ਥਾਂ ਅਕਸ਼ਰ ਪਟੇਲ ਤੇ ਕੁਲਦੀਪ ਯਾਦਵ ਵਿਚੋਂ ਕਿਸੇ ਇਕ ਨੂੰ ਮੌਕਾ ਜ਼ਰੂਰ ਮਿਲੇਗਾ ਹਾਲਾਂਕਿ ਟੀਮ ਮੈਨੇਜਮੈਂਟ ਅਕਸ਼ਰ ਨੂੰ ਮੌਕਾ ਦੇਣ ਲਈ ਉਤਸ਼ਾਹਤ ਨਜ਼ਰ ਆ ਰਹੀ ਹੈ। ਬਿਹਤਰ ਬੱਲੇਬਾਜ਼ੀ ਲਈ ਵਾਸ਼ਿੰਗਟਨ ਸੁੰਦਰ ਦੀ ਥਾਂ ਹਾਰਦਿਕ ਪਾਂਡਿਆ ਵੀ ਬਦਲ ਹਨ। ਇਸ ਤੋਂ ਇਲਾਵਾ ਟੀਮ ਕੋਲ ਅਸ਼ਵਿਨ, ਅਕਸ਼ਰ ਤੇ ਕੁਲਦੀਪ ਤਿੰਨਾਂ ਸਪਿੰਨਰਾਂ ਨੂੰ ਖਿਡਾਉਣ ਦਾ ਮੌਕਾ ਹੈ। ਕੁਲਦੀਪ ਚੰਗਾ ਬਦਲ ਹਨ ਪਰ ਟੀਮ ਮੈਨੇਜਮੈਂਟ ਲਗਾਤਾਰ ਉਨ੍ਹਾਂ ਦੀ ਅਣਦੇਖੀ ਕਰਦੀ ਆ ਰਹੀ ਹੈ। ਉਥੇ ਹਾਰਦਿਕ 10 ਓਵਰ ਸੁੱਟਣ ਨਾਲ ਤੇਜ਼ੀ ਨਾਲ ਦੌੜਾਂ ਬਣਾਉਣ ਵਿਚ ਵੀ ਮਾਹਿਰ ਹਨ।

ਪਿੱਚ ਦਾ ਮਾਮਲਾ

ਪਹਿਲੇ ਟੈਸਟ ਦੀ ਹਾਰ ਤੋਂ ਬਾਅਦ ਟੀਮ ਮੈਨੇਜਮੈਂਟ ਦੇ ਸਾਹਮਣੇ ਦੋ ਬਦਲ ਸਨ। ਪਹਿਲਾ ਪਿੱਚ 'ਤੇ ਘਾਹ ਛੱਡ ਦਿੱਤੀ ਜਾਵੇ ਤੇ ਦੂਜਾ ਘਾਹ ਹਟਾ ਕੇ ਥੋੜ੍ਹਾ ਹੀ ਪਾਣੀ ਪਾਇਆ ਜਾਵੇ ਤਾਂਕਿ ਵਿਕਟ ਧੁੱਪ ਵਿਚ ਸੁੱਕ ਜਾਵੇ। ਇਸ ਕਾਰਨ ਇਹ ਸਮੇਂ ਤੋਂ ਪਹਿਲਾਂ ਟੁੱਟਣ ਲੱਗੇਗੀ ਪਰ ਅਤੀਤ ਵਿਚ ਅਜਿਹੇ ਤਜਰਬੇ ਉਲਟੇ ਪਏ ਹਨ। ਪੁਣੇ ਵਿਚ 2017 ਵਿਚ ਸਪਿੰਨ ਵਾਲੀ ਪਿੱਚ 'ਤੇ ਪਹਿਲੇ ਹੀ ਦਿਨ ਸਟੀਵ ਸਮਿਥ ਨੇ ਦਬਾਅ ਬਣਾ ਦਿੱਤਾ ਸੀ। ਮੇਜ਼ਬਾਨ ਟੀਮ ਨੂੰ ਪਤਾ ਨਹੀਂ ਸੀ ਕਿ ਗੇਂਦ ਇੰਨੀ ਸਪਿੰਨ ਲਵੇਗੀ। ਮੁੰਬਈ ਵਿਚ 2012 ਵਿਚ ਕੇਵਿਨ ਪੀਟਰਸਨ ਨੇ ਅਜਿਹੀ ਹੀ ਪਿੱਚ 'ਤੇ 186 ਦੌੜਾਂ ਬਣਾਈਆਂ ਸਨ। ਦੋਵਾਂ ਮੈਚਾਂ ਵਿਚ ਵਿਰੋਧੀ ਸਪਿੰਨਕਾਂ ਨੇ ਹਾਲਾਤ ਦਾ ਪੂਰਾ ਫ਼ਾਇਦਾ ਉਠਾ ਕੇ ਟੀਮ ਇੰਡੀਆ ਦਾ ਸ਼ਿਕਾਰ ਉਸ ਦੇ ਘਰ ਵਿਚ ਹੀ ਕੀਤਾ ਸੀ।

ਟਾਸ ਦੀ ਅਹਿਮ ਭੂਮਿਕਾ

ਪਿਛਲੇ ਮੈਚ ਵਾਂਗ ਇਸ ਵਾਰ ਵੀ ਟਾਸ ਦੀ ਅਹਿਮ ਭੂਮਿਕਾ ਹੋਵੇਗੀ ਤੇ ਕੋਹਲੀ ਦੀਆਂ ਨਜ਼ਰਾਂ ਪਹਿਲਾਂ ਬੱਲੇਬਾਜ਼ੀ ਕਰਨ 'ਤੇ ਲੱਗੀਆਂ ਹੋਣਗੀਆਂ। ਰੋਹਿਤ ਸ਼ਰਮਾ ਤੋਂ ਵੱਡੀ ਪਾਰੀ ਦੀ ਉਮੀਦ ਹੈ ਜੋ ਉਹ ਨਹੀਂ ਖੇਡ ਪਾ ਰਹੇ ਹਨ। ਚੇਤੇਸ਼ਵਰ ਪੁਜਾਰਾ, ਅਜਿੰਕੇ ਰਹਾਣੇ ਤੇ ਰਿਸ਼ਭ ਪੰਤ ਨੂੰ ਵੱਡੀ ਪਾਰੀ ਖੇਡਣੀ ਪਵੇਗੀ।

ਇੰਗਲੈਂਡ ਟੀਮ 'ਚ ਵੱਡੀ ਤਬਦੀਲੀ

ਚਾਰ ਮੈਚਾਂ ਦੀ ਟੈਸਟ ਸੀਰੀਜ਼ ਵਿਚ 1-0 ਨਾਲ ਅੱਗੇ ਚੱਲ ਰਹੀ ਇੰਗਲੈਂਡ ਦੀ ਟੀਮ ਨੇ ਸ਼ੁੱਕਰਵਾਰ ਨੂੰ ਹੀ 12 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ। ਇਸ ਵਿਚੋਂ 11 ਮੈਚ ਖੇਡਣਗੇ। ਪਹਿਲੇ ਟੈਸਟ ਵਿਚ ਖੇਡਣ ਵਾਲੇ ਚਾਰ ਖਿਡਾਰੀਆਂ ਨੂੰ ਵੱਖ-ਵੱਖ ਕਾਰਨਾਂ ਕਾਰਨ ਬਾਹਰ ਕਰ ਦਿੱਤਾ ਗਿਆ ਹੈ। ਤੇਜ਼ ਗੇਂਦਬਾਜ਼ ਜੇਮਜ਼ ਐਂਡਰਸਨ, ਵਿਕਟਕੀਪਰ ਜੋਸ ਬਟਲਰ ਤੇ ਹਰਫ਼ਨਮੌਲਾ ਡਾਮ ਬੇਸ ਨੂੰ ਆਰਾਮ ਦਿੱਤਾ ਗਿਆ ਹੈ। ਤੇਜ਼ ਗੇਂਦਬਾਜ਼ ਜੋਫਰਾ ਆਰਚਰ ਜ਼ਖ਼ਮੀ ਹਨ। ਇਨ੍ਹਾਂ ਦੀ ਥਾਂ ਵਿਕਟਕੀਪਰ ਬੇਨ ਫੋਕਸ, ਹਰਫ਼ਨਮੌਲਾ ਮੋਇਨ ਅਲੀ, ਓਲੀ ਸਟੋਨ, ਕ੍ਰਿਸ ਵਾਕਸ ਤੇ ਤਜਰਬੇਕਾਰ ਤੇਜ਼ ਗੇਂਦਬਾਜ਼ ਸਟੂਅਰਟ ਬਰਾਡ ਨੂੰ ਸ਼ਾਮਲ ਕੀਤਾ ਗਿਆ ਹੈ। ਐਂਡਰਸਨ ਤੇ ਬੇਸ ਨੇ ਪਹਿਲੇ ਟੈਸਟ ਮੈਚ ਵਿਚ ਪੰਜ-ਪੰਜ ਵਿਕਟਾਂ ਲਈਆਂ ਸਨ। ਰੂਟ ਨੇ ਫੋਕਸ ਨੂੰ ਸੀਰੀਜ਼ ਦੇ ਬਾਕੀ ਬਚੇ ਤਿੰਨ ਟੈਸਟ ਵਿਚ ਬਤੌਰ ਵਿਕਟਕੀਪਰ ਖਿਡਾਉਣ ਦੀ ਪੁਸ਼ਟੀ ਕੀਤੀ ਹੈ। ਅਗਲੇ ਮੈਚ ਤੋਂ ਟੀਮ ਨਾਲ ਜੁੜਨ ਵਾਲੇ ਜਾਨੀ ਬੇਰਸਟੋ ਮਾਹਿਰ ਬੱਲੇਬਾਜ਼ ਵਜੋਂ ਆਖ਼ਰੀ ਦੋ ਮੈਚ ਖੇਡਣਗੇ।

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰੀ

ਭਾਰਤ :

ਵਿਰਾਟ ਕੋਹਲੀ (ਕਪਤਾਨ), ਅਜਿੰਕੇ ਰਹਾਣੇ, ਰੋਹਿਤ ਸ਼ਰਮਾ, ਸ਼ੁਭਮਨ ਗਿੱਲ, ਚੇਤੇਸ਼ਵਰ ਪੁਜਾਰਾ, ਰਿਸ਼ਭ ਪੰਤ, ਰਵੀਚੰਦਰਨ ਅਸ਼ਵਿਨ, ਜਸਪ੍ਰਰੀਤ ਬੁਮਰਾਹ, ਇਸ਼ਾਂਤ ਸ਼ਰਮਾ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ, ਕੁਲਦੀਪ ਯਾਦਵ, ਅਕਸ਼ਰ ਪਟੇਲ, ਹਾਰਦਿਕ ਪਾਂਡਿਆ, ਮਯੰਕ ਅਗਰਵਾਲ, ਕੇਐੱਲ ਰਾਹੁਲ, ਰਿੱਧੀਮਾਨ ਸਾਹਾ, ਸ਼ਾਰਦੁਲ ਠਾਕੁਰ।

ਇੰਗਲੈਂਡ :

ਡਾਮ ਸਿਬਲੀ, ਰੋਰੀ ਬਰਨਜ਼, ਡੈਨ ਲਾਰੇਂਸ, ਜੋ ਰੂਟ (ਕਪਤਾਨ), ਬੇਨ ਸਟੋਕਸ, ਓਲੀ ਪੋਪ, ਬੇਨ ਫੋਕਸ, ਮੋਇਨ ਅਲੀ, ਸਟੂਅਰਟ ਬਰਾਡ, ਕ੍ਰਿਸ ਵਾਕਸ, ਜੈਕ ਲੀਚ, ਓਲੀ ਸਟੋਨ।