ਲੰਡਨ (ਏਜੰਸੀ) : ਸਾਬਕਾ ਚੈਂਪੀਅਨ ਪਾਕਿਸਤਾਨ ਲਈ ਸੈਮੀਫਾਈਨਲ ਵਿਚ ਥਾਂ ਬਣਾਉਣਾ ਹੁਣ ਸਿਰਫ਼ ਅੰਕੜਿਆਂ ਦੀ ਸੰਭਾਵਨਾ ਹੈ, ਕਿਉਂਕਿ ਇਸ ਦੇ ਹਿਸਾਬ ਨਾਲ ਵਿਸ਼ਵ ਕੱਪ ਦੇ ਅੰਤਿਮ ਚਾਰ ਵਿਚ ਪ੍ਰਵੇਸ਼ ਕਰਨ ਲਈ ਉਸ ਨੂੰ ਸ਼ੁੱਕਰਵਾਰ ਨੂੰ ਇਥੇ ਹੋਣ ਵਾਲੇ ਮੈਚ ਵਿਚ ਬੰਗਲਾਦੇਸ਼ 'ਤੇ ਅਸੰਭਵ ਜਿੱਤ ਹਾਸਲ ਕਰਨੀ ਹੋਵੇਗੀ।

ਪਾਕਿਸਤਾਨ ਦੀ ਵਿਸ਼ਵ ਕੱਪ ਵਿਚ ਮੁਹਿੰਮ 1992 ਵਿਸ਼ਵ ਕੱਪ ਦੇ ਬਰਾਬਰ ਦਿਸ ਰਿਹਾ ਸੀ ਪਰ ਭਾਰਤ ਦੇ ਇੰਗਲੈਂਡ ਤੋਂ ਹਾਰਨ ਨਾਲ ਉਸ ਦੀ ਸੈਮੀਫਾਈਨਲ ਵਿਚ ਪੁੱਜਣ ਦੀ ਉਮੀਦ ਨੂੰ ਕਰਾਰਾ ਝਟਕਾ ਲੱਗਾ ਹੈ ਅਤੇ ਜਦ ਬੁੱਧਵਾਰ ਨੂੰ ਨਿਊਜ਼ੀਲੈਂਡ ਦੀ ਟੀਮ ਮੇਜ਼ਬਾਨਾਂ ਤੋਂ ਹਾਰ ਗਈ ਤਾਂ ਉਸ ਲਈ ਇਹ ਉਮੀਦ ਬਿਲਕੁਲ ਖ਼ਤਮ ਜਿਹੀ ਹੋ ਗਈ। ਹੁਣ ਇਹ ਮਾਮਲਾ ਜੋੜ ਘਟਾ ਮਾਤਰ ਰਹਿ ਗਿਆ ਅਤੇ ਅਜਿਹਾ ਹੋ ਸਕਦਾ ਹੈ ਜਦ ਪਾਕਿਸਤਾਨ ਜਿੱਤ ਕੇ ਪਹਿਲਾ ਬੱਲੇਬਾਜ਼ੀ ਕਰੇ, ਕਿਉਂਕਿ ਜੇ ਪਾਕਿਸਤਾਨ ਟਾਸ ਹਾਰ ਗਿਆ ਅਤੇ ਉਸ ਨੂੰ ਫੀਲਡਿੰਗ ਲਈ ਕਿਹਾ ਜਾਂਦਾ ਹੈ ਤਾਂ ਪਹਿਲੀ ਗੇਂਦ ਖੇਡਣ ਤੋਂ ਪਹਿਲਾਂ ਹੀ ਉਸ ਲਈ ਸੈਮੀਫਾਈਨਲ ਦੀ ਉਮੀਦ ਖ਼ਤਮ ਹੋ ਜਾਵੇਗੀ। ਨਿਊਜ਼ੀਲੈਂਡ ਦੇ ਇੰਗਲੈਂਡ ਤੋਂ 119 ਦੌੜਾਂ ਨਾਲ ਹਾਰਨ ਤੋਂ ਬਾਅਦ ਉਸ ਦੇ ਨੌਂ ਮੈਚਾਂ ਵਿਚ 11 ਅੰਕ ਹਨ ਪਰ ਇਸ ਕਰਾਰੀ ਹਾਰ ਦੇ ਬਾਵਜੂਦ ਉਸ ਦੀ ਨੈੱਟ ਰਨ ਰੇਟ ਪਾਕਿਸਤਾਨ ਦੀ ਤੁਲਨਾ ਵਿਚ ਕਾਫੀ ਚੰਗੀ ਹੈ ਜੋ ਪਲੱਸ 0.175 ਹੈ, ਜਦਕਿ ਪਾਕਿਸਤਾਨ ਦੀ ਨੈੱਟ ਰਨ ਰੇਟ ਮਾਈਨਸ 0.792 ਹੈ। ਅੱਠਾਂ ਵਿਚ ਨੌਂ ਅੰਕਾਂ ਨਾਲ ਪੰਜਵੇਂ ਸਥਾਨ 'ਤੇ ਬੈਠੀ ਪਾਕਿਸਤਾਨੀ ਟੀਮ ਨੂੰ ਜੇ ਨਿਊਜ਼ੀਲੈਂਡ ਨੂੰ ਪਿੱਛੇ ਛੱਡਣਾ ਹੈ ਤਾਂ ਉਸ ਨੂੰ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ 350 ਦੌੜਾਂ ਬਣਾ ਕੇ ਬੰਗਲਾਦੇਸ਼ ਨੂੰ 311 ਨਾਲ ਹਰਾਉਣਾ ਹੋਵੇਗਾ ਜਾਂ ਫਿਰ 400 ਦੌੜਾਂ ਦਾ ਸਕੋਰ ਖੜ੍ਹਾ ਕਰ ਕੇ 316 ਦੌੜਾਂ ਨਾਲ ਮਾਤ ਦੇਣੀ ਪਵੇਗੀ। ਇਸ ਜਿੱਤ ਮੌਜੂਦਾ ਸਮੇਂ ਵਿਚ ਅਸੰਭਵ ਲੱਗ ਰਹੀ ਹੈ।