ਅਭਿਸ਼ੇਕ ਤਿ੍ਪਾਠੀ, ਲੀਡਸ : ਬੰਗਲਾਦੇਸ਼ ਖ਼ਿਲਾਫ਼ ਮੁਕਾਬਲਾ ਜਿੱਤਣ ਤੋਂ ਬਾਅਦ ਭਾਰਤੀ ਟੀਮ ਨੇ ਸੈਮੀਫਾਈਨਲ ਦੀ ਸੀਟ ਪੱਕੀ ਕਰ ਲਈ ਹੈ ਅਤੇ ਇਸ ਤੋਂ ਬਾਅਦ ਉਸ ਦੇ ਖਿਡਾਰੀ ਆਰਾਮ ਕਰ ਰਹੇ ਹਨ। ਭਾਰਤੀ ਟੀਮ ਨੇ ਵੀਰਵਾਰ ਨੂੰ ਅਭਿਆਸ ਨਹੀਂ ਕੀਤਾ, ਜਦਕਿ ਸ੍ਰੀਲੰਕਾਈ ਟੀਮ ਨੇ ਕਾਫੀ ਮਿਹਨਤ ਕੀਤੀ। ਭਾਰਤੀ ਟੀਮ ਬੁੱਧਵਾਰ ਨੂੰ ਲੀਡਸ ਪੁੱਜ ਗਈ ਸੀ ਅਤੇ ਉਸ ਵੱਲੋਂ ਪਹਿਲਾਂ ਹੀ ਦੱਸਿਆ ਗਿਆ ਸੀ ਕਿ ਵੀਰਵਾਰ ਨੂੰ ਕੋਈ ਅਭਿਆਸ ਨਹੀਂ ਹੋਵੇਗਾ। ਹਾਲਾਂਕਿ, ਬਾਅਦ ਵਿਚ ਮੀਡੀਆ ਮੈਨੇਜਰ ਵੱਲੋਂ ਸੰਦੇਸ਼ ਆਇਆ ਕਿ ਟੀਮ ਇੰਡੀਆ ਲੀਡਸ ਯੂਨੀਵਰਸਿਟੀ ਦੇ ਮੈਦਾਨ ਵਿਚ ਅਭਿਆਸ ਕਰੇਗੀ। ਹੇਡਿੰਗਲੇ ਕ੍ਰਿਕਟ ਮੈਦਾਨ ਵਿਚ ਅਫ਼ਗਾਨਿਸਤਾਨ-ਵੈਸਟਇੰਡੀਜ਼ ਮੈਚ ਹੋਣ ਕਾਰਨ ਟੀਮ ਉਥੇ ਅਭਿਆਸ ਨਹੀਂ ਕਰ ਸਕਦੀ ਸੀ। ਹਾਲਾਂਕਿ, ਉਸ ਦੇ ਕੁਝ ਦੇਰ ਬਾਅਦ ਹੀ ਫਿਰ ਦੱਸਿਆ ਗਿਆ ਕਿ ਟੀਮ ਅਭਿਆਸ ਨਹੀਂ ਕਰੇਗੀ।

ਭਾਰਤੀ ਟੀਮ ਦੇ ਇਕ ਸੂਤਰ ਨੇ ਕਿਹਾ ਕਿ ਟੀਮ ਇੰਡੀਆ ਦੇ ਨਾਲ ਹਾਲ ਹੀ ਵਿਚ ਜੁੜੇ ਮਿਅੰਕ ਅਗਰਵਾਲ ਨੂੰ ਅਭਿਆਸ ਕਰਵਾਉਣ ਲਈ ਬਦਲਵਾਂ ਅਭਿਆਸ ਰੱਖਿਆ ਗਿਆ ਸੀ ਪਰ ਫਿਰ ਸੋਚਿਆ ਗਿਆ ਕਿ ਸ਼ੁੱਕਰਵਾਰ ਨੂੰ ਜਦ ਸਾਰੇ ਅਭਿਆਸ ਕਰਨਗੇ ਤਾਂ ਉਨ੍ਹਾਂ ਨੂੰ ਵੀ ਉਸ ਵਿਚ ਸ਼ਾਮਿਲ ਕਰ ਲਿਆ ਜਾਵੇਗਾ। ਹਾਲਾਂਕਿ ਇਸ ਦੇ ਉਲਟ ਸ੍ਰੀਲੰਕਾ ਦੀ ਟੀਮ ਨੇ ਜਮ ਕੇ ਅਭਿਆਸ ਕੀਤਾ। ਸੈਮੀਫਾਈਨਲ ਤੋਂ ਪਹਿਲਾਂ ਹੀ ਬਾਹਰ ਹੋ ਚੁੱਕੀ ਸ੍ਰੀਲੰਕਾਈ ਟੀਮ ਆਪਣਾ ਆਖਰੀ ਮੁਕਾਬਲਾ ਜਿੱਤ ਕੇ ਵਿਸ਼ਵ ਕੱਪ ਦਾ ਚੰਗਾ ਅੰਤ ਕਰਨਾ ਚਾਹੁੰਦੀ ਹੈ।

ਕਿਉਂ ਮਹੱਤਵਪੂਰਨ ਹੈ ਇਹ ਮੈਚ : ਸ੍ਰੀਲੰਕਾ ਟੀਮ ਉੱਤੇ ਭਾਰਤ ਦੀ ਜਿੱਤ ਸੈਮੀਫਾਈਨਲ ਨਹੀਂ ਬਲਕਿ ਫਾਈਨਲ ਮੁਕਾਬਲੇ ਦਾ ਰਸਤਾ ਸੌਖਾ ਕਰੇਗਾ। ਭਾਰਤ ਦੇ ਅਜੇ ਅੱਠ ਮੈਚਾਂ ਵਿਚ 13 ਅੰਕ ਹਨ, ਜਦਕਿ ਆਸਟ੍ਰੇਲੀਆ ਦੇ ਇੰਨੇ ਹੀ ਮੈਚਾਂ ਵਿਚ 14 ਅੰਕ ਹਨ। ਇਨ੍ਹਾਂ ਵਿਚ ਜੋ ਵੀ ਟੀਮ ਨੰਬਰ ਵਨ ਰਹੇਗੀ, ਉਸ ਨੂੰ ਕਮਜ਼ੋਰ ਟੀਮ ਨਿਊਜ਼ੀਲੈਂਡ ਜਾਂ ਪਾਕਿਸਤਾਨ (ਜੇ ਚਮਤਕਾਰ ਨਾਲ ਸੈਮੀਫਾਈਨਲ 'ਚ ਪੁੱਜੀ) ਨਾਲ ਭਿੜਨਾ ਪਵੇਗਾ।

ਜੇ ਭਾਰਤ ਸ਼ਨਿਚਰਵਾਰ ਨੂੰ ਸ੍ਰੀਲੰਕਾ ਖ਼ਿਲਾਫ਼ ਆਪਣੇ ਆਖਰੀ ਲੀਗ ਮੁਕਾਬਲੇ ਵਿਚ ਜਿੱਤ ਹਾਸਲ ਕਰਦਾ ਹੈ ਤਾਂ ਉਸ ਦੇ 15 ਅੰਕਾਂ ਨਾਲ ਨੰਬਰ ਵਨ ਦੇ ਤੌਰ 'ਤੇ ਸੈਮੀਫਾਈਨਲ ਵਿਚ ਪੁੱਜਣ ਦਾ ਇਕ ਮੌਕਾ ਹੋਵੇਗਾ। ਹਾਲਾਂਕਿ ਇਸ ਲਈ ਸ਼ਨਿਚਰਵਾਰ ਨੂੰ ਦੂਜੇ ਮੈਚ ਵਿਚ ਦੱਖਣੀ ਅਫ਼ਰੀਕਾ ਨੂੰ ਆਸਟ੍ਰੇਲੀਆ ਨੂੰ ਹਰਾਉਣਾ ਹੋਵੇਗਾ। ਅੰਕ ਸੂਚੀ ਵਿਚ ਨੰਬਰ ਵਨ ਰਹਿਣ 'ਤੇ ਭਾਰਤ ਦੀ ਟੱਕਰ ਚੌਥੇ ਨੰਬਰ 'ਤੇ ਰਹਿਣ ਵਾਲੀ ਨਿਊਜ਼ੀਲੈਂਡ ਟੀਮ ਨਾਲ ਹੋਵੇਗੀ। ਪਾਕਿਸਤਾਨ ਟੀਮ ਕੋਲ ਚੌਥੇ ਨੰਬਰ ਦੀ ਟੀਮ ਬਣ ਕੇ ਸੈਮੀਫਾਈਨਲ ਵਿਚ ਪੁੱਜਣ ਦਾ ਮੌਕਾ ਹੈ ਪਰ ਉਸ ਲਈ ਅਜਿਹਾ ਕਰਨਾ ਲਗਭਗ ਅਸੰਭਵ ਲੱਗ ਰਿਹਾ ਹੈ। ਉਸ ਨੂੰ ਸ਼ੁੱਕਰਵਾਰ ਨੂੰ ਬੰਗਲਾਦੇਸ਼ ਵਿਰੁੱਧ ਮੁਕਾਬਲੇ ਵਿਚ ਘੱਟ ਤੋਂ ਘੱਟ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 350 ਦੌੜਾਂ ਬਣਾਉਣੀਆਂ ਹੋਣਗੀਆਂ ਅਤੇ 312 ਦੌੜਾਂ ਦੀ ਜਿੱਤ ਦਰਜ ਕਰਨੀ ਹੋਵੇਗੀ। ਅੰਤਰਰਾਸ਼ਟਰੀ ਇਕ ਰੋਜ਼ਾ ਮੈਚਾਂ ਵਿਚ ਅੱਜ ਤਕ ਕਿਸੇ ਨੇ ਵੀ ਦੂਜੀ ਟੀਮ 'ਤੇ 300 ਦੌੜਾਂ ਦੀ ਜਿੱਤ ਹਾਸਲ ਨਹੀਂ ਕੀਤੀ ਹੈ।

ਕਮਜ਼ੋਰੀਆਂ ਨੂੰ ਦੂਰ ਕਰਨ ਦਾ ਸਮਾਂ

ਦੁਨੀਆ ਦੀ ਨੰਬਰ ਵਨ ਭਾਰਤੀ ਟੀਮ ਲਈ ਸ੍ਰੀਲੰਕਾ ਖ਼ਿਲਾਫ਼ ਮੁਕਾਬਲਾ ਸੈਮੀਫਾਈਨਲ ਦੀ ਦਿ੍ਸ਼ਟੀ ਤੋਂ ਮਹੱਤਵਪੂਰਨ ਹੈ ਹੀ, ਨਾਲ ਹੀ ਉਸ ਨੂੰ ਇਸ ਮੈਚ ਰਾਹੀਂ ਆਪਣੀਆਂ ਕਮਜ਼ੋਰੀਆਂ ਨੂੰ ਵੀ ਦੂਰ ਕਰਨਾ ਹੋਵੇਗਾ। ਭਾਰਤ ਦਾ ਮੱਧਕ੍ਰਮ ਅਜੇ ਵੀ ਚਿੰਤਾ ਦਾ ਵਿਸ਼ਾ ਹੈ। ਵਿਰਾਟ ਇਕ ਵਾਰ ਫਿਰ ਸ੍ਰੀਲੰਕਾ ਖ਼ਿਲਾਫ਼ ਇਹ ਚੈੱਕ ਕਰ ਸਕਦੇ ਹਨ ਕਿ ਸੈਮੀਫਾਈਨਲ ਵਿਚ ਉਨ੍ਹਾਂ ਨੇ ਕਿਹੜੀ ਟੀਮ ਨੂੰ ਉਤਾਰਨਾ ਹੈ। ਭਾਰਤੀ ਟੀਮ ਨੇ ਬੰਗਲਾਦੇਸ਼ ਵਿਰੁੱਧ ਪਿਛਲੇ ਮੈਚ ਵਿਚ ਸਪਿਨਰ ਕੁਲਦੀਪ ਯਾਦਵ ਅਤੇ ਮੱਧਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ ਦੀ ਜਗ੍ਹਾ ਦਿਨੇਸ਼ ਕਾਰਤਿਕ ਅਤੇ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਸ਼ਾਮਿਲ ਕੀਤਾ ਸੀ। ਸ਼ੁਰੂਆਤੀ ਮੈਚਾਂ ਵਿਚ ਖੇਡ ਕੇ ਜ਼ਖ਼ਮੀ ਹੋਣ ਕਾਰਨ ਬਾਹਰ ਹੋਣ ਵਾਲੇ ਭੁਵੀ ਨੇ ਸ਼ਾਨਦਾਰ ਵਾਪਸੀ ਕੀਤੀ, ਜਦਕਿ ਕਾਰਤਿਕ ਕੁਝ ਖਾਸ ਨਹੀਂ ਕਰ ਸਕੇ।