ਯੁਵਾ ਵਿਕਟਕੀਪਰ ਤੇ ਬੱਲੇਬਾਜ਼ ਰਿਸ਼ਭ ਪੰਤ ਨੂੰ ਸ਼ਿਖਰ ਧਵਨ ਦੀ ਜਗ੍ਹਾ ਟੀਮ ਇੰਡੀਆ ਚ ਸ਼ਾਮਲ ਕਰ ਲਿਆ ਹੈ। ਪੰਤ ਇੰਗਲੈਂਡ ਲਈ ਰਵਾਨਾ ਹੋ ਚੁੱਕੇ ਹਨ। ਉਹ 12 ਜੂਨ ਨੂੰ ਇੰਗਲੈਂਡ ਪਹੁੰਚ ਜਾਣਗੇ। ਹਾਲਾਂਕਿ ਉਨ੍ਹਾਂ ਨੂੰ ਉਦੋਂ ਤਕ ਪਲੈਇੰਗ ਇਲੈਵਨ 'ਚ ਸ਼ਾਮਲ ਨਹੀਂ ਕੀਤਾ ਜਾਵੇਗਾ ਜਦੋਂ ਤਕ ਟੀਮ ਮੈਨੇਜਮੈਂਟ ਬਾਕੀ ਟੂਰਨਾਮੈਂਟ ਲਈ ਸ਼ਿਖਰ ਧਵਨ ਦੀ ਉਪਲਬਧਾ 'ਤੇ ਆਖ਼ਰੀ ਫ਼ੈਸਲਾ ਨਹੀਂ ਲੈ ਲੈਂਦੀ।

ਇੰਗਲੈਂਡ 'ਚ ਮੌਜੂਦ ਬੀਸੀਸੀਆਈ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ, 'ਰਿਸ਼ਭ ਪੰਤ ਟੀਮ ਮੈਨੇਜਮੈਂਟ ਦੇ ਕਹਿਣ 'ਤੇ ਭਾਰਤ ਤੋਂ ਇੰਗਲੈਂਡ ਲਈ ਰਵਾਨਾ ਹੋ ਚੁੱਕੇ ਹਨ।' 21 ਸਾਲ ਦਾ ਇਹ ਖਿਡਾਰੀ ਭਾਰਤੀ ਕ੍ਰਿਕਟ 'ਚ ਉਭਰਨ ਵਾਲੇ ਸਭ ਤੋਂ ਤੂਫ਼ਾਨੀ ਖਿਡਾਰੀਆਂ 'ਚੋਂ ਇਕ ਹੈ। ਪੰਤ ਨੇ ਇੰਗਲੈਂਡ ਅਤੇ ਆਸਟ੍ਰੇਲੀਆ 'ਚ ਆਪਣੇ ਟੈਸਟ ਸੈਕੜੇ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਹਾਲ ਹੀ 'ਚ ਹੋਏ ਆਈਪੀਐੱਲ 12 'ਚ ਉਨ੍ਹਾਂ ਦਾ ਪ੍ਰਦਰਸ਼ਨ ਬਿਹਤਰੀਨ ਰਿਹਾ ਹੈ।

ਵਿਸ਼ਵ ਕੱਪ 2019 ਦੇ ਸ਼ੁਰੂਆਤ ਦੌਰ 'ਚ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਟੀਮ ਇੰਡੀਆ ਨੂੰ ਪਿਛਲੇ ਮੈਚ ਦੌਰਾਨ ਇਕ ਵੱਡਾ ਝਟਕਾ ਲੱਗਿਆ ਹੈ। ਆਸਟ੍ਰੇਲੀਆ ਖ਼ਿਲਾਫ਼ ਸੈਂਕੜ ਲਗਾਉਣ ਵਾਲੇ ਸ਼ਿਖਰ ਧਵਨ ਜ਼ਖ਼ਮੀ ਹੋ ਗਏ ਹਨ। ਮੈਡੀਕਲ ਜਾਂਚ 'ਚ ਉਨ੍ਹਾਂ ਦੇ ਅੰਗੂਠੇ 'ਤੇ ਸੱਟ ਲੱਗਣ ਦੀ ਰਿਪੋਰਟ ਸਾਹਮਣੇ ਆਈ ਹੈ। ਅਜਿਹੇ 'ਚ ਇਸ ਪੂਰੇ ਵਰਲਡ ਕੱਪ 'ਚ ਹੀ ਉਨ੍ਹਾਂ ਦੇ ਖੇਡਣ ਦਾ ਖ਼ਦਸ਼ਾ ਹੈ। ਇਸ ਦੌਰਾਨ ਬੀਸੀਸੀਆਈ ਨੇ ਸਾਫ਼ ਕਰ ਦਿੱਤਾ ਹੈ ਕਿ ਧਵਨ ਨੂੰ ਟੀਮ ਤੋਂ ਬਾਹਰ ਨਹੀਂ ਕੀਤਾ ਗਿਆ ਅਤੇ ਉਹ ਇੰਗਲੈਂਡ 'ਚ ਹੀ ਟੀਮ ਨਾਲ ਬਣੇ ਰਹਿਣਗੇ। ਦੱਸ ਦੇਈਏ ਕਿ ਅੰਗੂਠੇ 'ਤੇ ਸੱਟ ਤੋਂ ਬਾਅਦ ਡਾਕਟਰਾਂ ਨੇ ਧਵਨ ਨੂੰ ਕੁਝ ਹਫ਼ਤਿਆਂ ਦੇ ਆਰਾਮ ਦੀ ਸਲਾਹ ਦਿੱਤੀ ਹੈ। ਹਾਲਾਂਕਿ ਕਵਰ ਦੇ ਤੌਰ 'ਤੇ ਰਿਸ਼ਭ ਪੰਤ ਨੂੰ ਭਾਰਤੀ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ।

ਧਵਨ ਦੇ ਜ਼ਖ਼ਮੀ ਹੋਣ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਉਨ੍ਹਾਂ ਦੀ ਰਿਪਲੈਸਮੈਂਟ ਦੇ ਤੌਰ 'ਤੇ ਬੀਸੀਸੀਆਈ ਕਿਸੇ ਹੋਰ ਖਿਡਾਰੀ ਨੂੰ ਟੀਮ 'ਚ ਸ਼ਾਮਲ ਕਰ ਸਕਦੀ ਹੈ ਪਰ ਧਵਨ ਦੇ ਇੰਗਲੈਂਡ 'ਚ ਰਹਿਣ ਦੇ ਬੀਸੀਸੀਆਈ ਦੇ ਫ਼ੈਸਲੇ ਤੋਂ ਬਾਅਦ ਕਾਫ਼ੀ ਹੱਦ ਤਕ ਇਸ ਕਿਆਸ 'ਤੇ ਵਿਰਾਮ ਲੱਗ ਗਿਆ ਹੈ। ਹਾਲਾਂਕਿ ਪੀਟੀਆਈ ਦੀ ਰਿਪੋਰਟ ਮੁਤਾਬਿਕ ਬੀਸੀਸੀਆਈ ਧਵਨ ਨੂੰ ਰਿਪਲੇਸ ਕਰਨ ਲਈ ਚਾਹੇ ਕੋਈ ਖਿਡਾਰੀ ਨਾ ਭੇਜੇ ਪਰ ਕਵਰ ਦੇ ਤੌਰ 'ਤੇ ਰਿਸ਼ਭ ਪੰਤ ਨੂੰ ਭਾਰਤੀ ਟੀਮ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਪਿਛਲੇ ਕੁਝ ਸਮੇਂ ਤੋਂ ਪੰਤ ਦਾ ਬਿਹਤਰੀਨ ਫਾਮਰ ਉਨ੍ਹਾਂ ਨੂੰ ਟੀਮ ਇੰਡੀਆ 'ਚ ਜਗ੍ਹਾ ਦਿਵਾ ਸਕਦਾ ਹੈ।

ਫਿਲਹਾਲ ਇਹ ਤੈਅ ਨਹੀਂ ਹੈ ਕਿ ਸ਼ਿਖਰ ਧਵਨ ਆਉਣ ਵਾਲੇ ਕਿੰਨੇ ਮੈਚਾਂ 'ਚ ਟੀਮ ਇੰਡੀਆ ਤੋਂ ਬਾਹਰ ਰਹਿਣਗੇ ਪਰ ਮੰਨਿਆ ਜਾ ਰਿਹਾ ਹੈ ਕਿ ਉਹ ਨਿਊਜ਼ੀਲੈਂਡ ਅਤੇ ਪਾਕਿਸਤਾਨ ਖ਼ਿਲਾਫ਼ ਹੋਣ ਵਾਲੇ ਮੁਕਾਬਲਿਆਂ 'ਚੋਂ ਬਾਹਰ ਰਹਿਣਗੇ।

ਦੱਸ ਦੇਈਏ ਕਿ ਬੀਸੀਸੀਆ ਦੀ ਅਧਿਆਕਾਰਕ ਸਟੈਂਡ ਬਾਏ ਲਿਸਟ 'ਚ ਰਿਸ਼ਭ ਪੰਤ ਅਤੇ ਅੰਬਾਤੀ ਰਾਇਡੂ ਨੂੰ ਰੱਖਿਆ ਗਿਆ ਹੈ, ਹਾਲਾਂਕਿ ਮੁੰਬਈ ਦੇ ਬੱਲੇਬਾਜ਼ ਸ਼ਰੇਅਸ ਅਈਅਰ ਦਾ ਨਾਂ ਵੀ ਚੱਲ ਰਿਹਾ ਹੈ।

Posted By: Akash Deep