ਬਰਮਿੰਘਮ : ਟੀਮ ਇੰਡੀਆ ਤੇ ਬੰਗਲਾਦੇਸ਼ ਦਰਮਿਆਨ ਬਰਮਿੰਘਮ ਦੇ ਅਜ਼ਬੇਸਟਨ ਮੈਦਾਨ 'ਤੇ ਵਰਲਡ ਕੱਪ 2019 ਦਾ 40ਵਾਂ ਮੁਕਾਬਲਾ ਖੇਡਿਆ ਗਿਆ। ਇਸ ਮੁਕਾਬਲੇ 'ਚ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 28 ਦੌੜਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਭਾਰਤੀ ਟੀਮ ਨੇ ਸੈਮੀਫਾਈਨਲ 'ਚ ਥਾਂ ਬਣਾ ਲਈ। ਰੋਹਿਤ ਸ਼ਰਮਾ ਨੂੰ ਉਨ੍ਹਾਂ ਦੀ ਸੈਂਕੜੇ ਵਾਲੀ ਪਾਰੀ ਲਈ ਮੈਨ ਆਫ ਦਾ ਮੈਚ ਦਾ ਖਿਤਾਬ ਮਿਲਿਆ।

ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਟੀਮ ਇੰਡੀਆ ਨੇ ਨਿਰਧਾਰਤ 50 ਓਵਰਾਂ 'ਚ ਰੋਹਿਤ ਸ਼ਰਮਾ ਦੇ ਸੈਂਕੜੇ ਦੀ ਬਦੌਲਤ 9 ਵਿਕਟਾਂ ਗਵਾ ਕੇ 314 ਦੌੜਾਂ ਬਣਾਈਆਂ। ਇਸ ਦੇ ਜਵਾਬ 'ਚ ਬੰਗਲਾਦੇਸ਼ ਦੀ ਟੀਮ 48 ਓਵਰਾਂ 'ਚ 286 ਦੌੜਾਂ ਬਣਾ ਕੇ ਢਹਿ ਢੇਰੀ ਹੋ ਗਈ। ਇਸ ਦੇ ਨਾਲ ਹੀ ਟੀਮ ਇੰਡੀਆ ਸੈਮੀਫਾਈਨਲ 'ਚ ਪਹੁੰਚਣ ਵਾਲੀ ਦੂਜੀ ਟੀਮ ਬਣ ਗਈ। ਇਸ ਜਿੱਤ ਦੇ ਨਾਲ ਹੀ ਭਾਰਤੀ ਟੀਮ ਦੇ 8 ਮੈਚਾਂ 'ਚ 13 ਅੰਕ ਹੋ ਗਏ ਹਨ ਤੇ ਉਹ ਅੰਕ ਸੂਚੀ 'ਚ ਦੂਜੇ ਨੰਬਰ 'ਤੇ ਬਣੀ ਹੋਈ ਹੈ, ਉਥੇ ਬੰਗਲਾਦੇਸ਼ ਦੇ 8 ਮੈਚਾਂ 'ਚ 7 ਅੰਕ ਹਨ ਤੇ ਉਹ ਛੇਵੇਂ ਨੰਬਰ 'ਤੇ ਬਣੀ ਹੋਈ ਹੈ। ਇਸ ਹਾਰ ਤੋਂ ਬਾਅਦ ਬੰਗਲਾਦੇਸ਼ ਦਾ ਸਫ਼ਰ ਲਗਪਗ ਖ਼ਤਮ ਹੀ ਹੋ ਗਿਆ ਹੈ।

ਟੀਮ ਇੰਡੀਆ ਦੀ ਪਾਰੀ, ਰੋਹਿਤ ਸ਼ਰਮਾ ਨੇ ਲਾਇਆ ਸੈਂਕੜਾ

ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 50 ਓਵਰਾਂ 'ਚ 9 ਵਿਕਟਾਂ 'ਤੇ 314 ਦੌੜਾਂ ਬਣਾਈਆਂ। ਭਾਰਤ ਵੱਲੋਂ ਸਭ ਤੋਂ ਜ਼ਿਆਦਾ ਰੋਹਿਤ ਸ਼ਰਮਾ ਨੇ 92 ਗੇਂਦਾਂ 'ਚ 104 ਦੌੜਾਂ ਦ ਪਾਰੀ ਖੇਡੀ। ਕੇਐੱਲ ਰਾਹੁਲ ਨੇ 77 ਦੌੜਾਂ ਤੇ ਰਿਸ਼ੰਭ ਪੰਤ ਨੇ 48 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਇਲਾਵਾ ਧੋਨੀ ਨੇ 35 ਤੇ ਕੋਹਲੀ ਨੇ 26 ਦੌੜਾਂ ਦੀ ਪਾਰੀ ਖੇਡੀ। ਉਥੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੈਚ 'ਚ ਦਿਨੇਸ਼ ਕਾਰਤਿਕ ਨੇ 08 ਦੌੜਾਂ ਦੀ ਪਾਰੀ ਖੇਡੀ। ਬੰਗਲਾਦੇਸ਼ ਵੱਲੋਂ ਮੁਸਤੀਫਿਜੁਰ ਰਹਿਮਾਨ ਨੇ 10 ਓਵਰਾਂ 'ਚ 59 ਦੌੜਾਂ ਦੇ ਕੇ ਪੰਜ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਇਲਾਵਾ ਸ਼ਾਕਿਬ, ਸੌਮਿਆ ਸਰਕਾਰ, ਰੁਬੇਲ ਹੁਸੈਨ ਨੂੰ ਇਕ-ਇਕ ਵਿਕਟ ਮਿਲਿਆ।

ਸ਼ਾਕਿਬ ਨੇ ਲਾਇਆ ਅਰਧ ਸੈਂਕੜਾ

315 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉੱਤਰੀ ਬੰਗਲਾਦੇਸ਼ ਦੀ ਟੀਮ ਵੱਲੋਂ ਸਭ ਤੋਂ ਜ਼ਿਆਦਾ ਸਕੋਰ (66) ਸ਼ਾਕਿਬ ਅਲ ਹਸਨ ਨੇ ਬਣਾਏ। ਸ਼ਾਕਿਬ ਤੋਂ ਇਲਾਵਾ ਤਮੀਮ ਇਕਬਾਲ ਨੇ 22, ਸੌਮਿਆ ਸਰਕਾਰ ਨੇ 33, ਮੁਸ਼ਫਿਕੁਰ ਰਹੀਮ ਨੇ 34, ਲਿਟਨ ਦਾਸ ਨੇ 22 ਹੁਸੈਨ ਨੇ 3 ਤੇ ਸ਼ੱਬੀਰ ਰਹਿਮਾਨ ਨੇ 36 ਦੌੜਾਂ ਬਣਾਈਆਂ। ਕਪਤਾਨ ਮਸ਼ਰਫੇ ਮੁਰਤਜਾ 8 ਦੌੜਾਂ ਬਣਾ ਕੇ ਭੁਵੇਸ਼ਵਰ ਦੀ ਗੇਂਦ 'ਤੇ ਧੌਨੀ ਨੂੰ ਕੈਚ ਦੇ ਬੈਠੇ।

ਭਾਰਤੀ ਟੀਮ ਨੇ ਕੀਤੇ ਦੋ ਬਦਲਾਅ

ਟੀਮ ਇੰਡੀਆ ਨੇ ਇਸ ਮੈਚ 'ਚ ਦੋ ਬਦਲਾਅ ਕੀਤੇ। ਕਪਤਾਨ ਵਿਰਾਟ ਕੋਹਲੀ ਨੇ ਇਸ ਮੁਕਾਬਲੇ 'ਚ ਕੇਦਾਰ ਜਾਧਵ ਦੀ ਥਾਂ ਦਿਨੇਸ਼ ਕਾਰਤਿਕ ਤੇ ਕੁਲਦੀਪ ਯਾਦਵ ਦੀ ਥਾਂ ਭੁਵਨੇਸ਼ਵਰ ਕੁਮਾਰ ਨੂੰ ਟੀਮ 'ਚ ਥਾਂ ਦਿੱਤੀ। ਇਸ ਤੋਂ ਇਲਾਵਾ ਬੰਗਲਾਦੇਸ਼ ਦੀ ਟੀਮ 'ਚ ਇਸ ਮੈਚ 'ਚ ਦੋ ਬਦਲਾਅ ਕੀਤੇ ਗਏ।

Posted By: Akash Deep