ਨਵੀਂ ਦਿੱਲੀ: ਇੰਗਲੈਂਡ ਨੇ ਬੁੱਧਵਾਰ ਨੂੰ ਚੇਸਟਰ ਲੀ ਸਟ੍ਰੀਟ 'ਚ ਨਿਊਜ਼ੀਲੈਂਡ ਨੂੰ 119 ਦੌੜਾਂ ਨਾਲ ਹਰਾ ਕੇ ਕ੍ਰਿਕਟ ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾ ਲਈ ਹੈ। ਹੁਣ ਫੈਨਸ ਇਹ ਜਾਣਨ ਲਈ ਬੇਤਾਬ ਹਨ ਕਿ ਭਾਰਤ ਸੈਮੀਫਾਈਨਲ 'ਚ ਕਿਸ ਨਾਲ ਭਿੜੇਗਾ।

ਨਿਊਜ਼ੀਲੈਂਡ ਦੀ ਬੁੱਧਵਾਰ ਨੂੰ ਹੋਈ ਹਾਰ ਦੇ ਬਾਵਜੂਦ ਪਾਕਿਸਤਾਨ ਵਰਲਡ ਕੱਪ ਸੈਮੀਫਾਈਨਲ ਦੀ ਦੌੜ 'ਚੋਂ ਲਗਪਗ ਬਾਹਰ ਹੋ ਗਿਆ ਹੈ। ਜੇਕਰ ਉਸ ਨੇ ਆਖ਼ਰੀ ਮੈਚ 'ਚ ਬੰਗਲਾਦੇਸ਼ ਨੂੰ ਹਰਾ ਵੀ ਦਿੱਤਾ ਤਾਂ ਵੀ ਉਹ ਨੇਟ ਰਨਰੇਟ ਕਾਰਨ ਨਿਊਜ਼ੀਲੈਂਡ ਤੋਂ ਪਿੱਛੇ ਹੀ ਰਹੇਗਾ।

ਮੌਜੂਦਾ ਅੰਕ ਸੂਚੀ 'ਤੇ ਨਜ਼ਰ ਮਾਰੀਏ ਤਾਂ ਆਸਟ੍ਰੇਲੀਆ 8 ਮੈਚਾਂ ਤੋਂ 14 ਅੰਕਾਂ ਨਾਲ ਪਹਿਲੇ ਸਥਾਨ ਤੇ ਭਾਰਤ 8 ਮੈਚਾਂ 'ਚ 13 ਅੰਕਾਂ ਨਾਲ ਦੂਸਰੇ ਸਥਾਨ 'ਤੇ ਹੈ। ਇੰਗਲੈਂਡ ਆਪਣੇ ਸਾਰੇ ਮੈਚ ਖੇਡ ਕੇ 12 ਅੰਕਾਂ ਨਾਲ ਤੀਸਰੇ ਸਥਾਨ 'ਤੇ ਹੈ ਤੇ ਨਿਊਜ਼ੀਲੈਂਡ ਸਾਰੇ ਮੈਚਾਂ ਖੇਡ ਕੇ 11 ਅੰਕਾਂ ਨਾਲ ਚੌਥੇ ਸਥਾਨ 'ਤੇ ਹੈ। ਪਾਕਿਸਤਾਨ 8 ਮੈਚਾਂ 'ਚ 9 ਅੰਕਾਂ ਨਾਲ ਪੰਜਵੇਂ ਸਥਾਨ 'ਤੇ ਹੈ।

ਜੇਕਰ ਭਾਰਤ ਨੇ 6 ਜੁਲਾਈ ਨੂੰ ਰਾਊਂਡ ਰਾਬਿਨ ਮੈਚਾਂ ਦੇ ਆਖ਼ਰੀ ਮੈਚ 'ਚ ਸ੍ਰੀਲੰਕਾ ਨੂੰ ਹਰਾ ਦਿੱਤਾ ਤਾਂ ਉਸ ਦੇ 15 ਅੰਕ ਹੋ ਜਾਣਗੇ ਪਰ ਉਸੇ ਦਿਨ ਡੇਅ-ਨਾਈਟ ਮੈਚ 'ਚ ਆਸਟ੍ਰੇਲੀਆ ਦਾ ਦੱਖਣੀ ਅਫਰੀਕਾ ਨਾਲ ਮੈਚ ਹੈ। ਆਸਟ੍ਰੇਲੀਆ ਜੇਕਰ ਇਹ ਮੈਚ ਜਿੱਤਦਾ ਹੈ ਤਾਂ ਉਸ ਦੇ 16 ਅੰਕ ਹੋ ਜਾਣਗੇ ਤੇ ਉਹ ਟਾਪ 'ਤੇ ਬਣਿਆ ਰਹੇਗਾ। ਜੇਕਰ ਭਾਰਤ ਟਾਪ 'ਤੇ ਆ ਜਾਂਦਾ ਹੈ ਤਾਂ ਉਸ ਦਾ ਸੈਮੀਫਾਈਨਲ ਮੈਚ 9 ਜੁਲਾਈ ਨੂੰ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤ ਜੇਕਰ ਸ੍ਰੀਲੰਕਾ ਤੋਂ ਹਾਰ ਜਾਂਦਾ ਹੈ ਤਾਂ ਆਸਟ੍ਰੇਲੀਆ ਦੀ ਜਿੱਤ ਜਾਂ ਹਾਰ ਨਾਲ ਉਸ ਨੂੰ ਕੋਈ ਫਰਕ ਨਹੀਂ ਪਵੇਗਾ ਤੇ ਉਹ ਦੂਸਰੇ ਸਥਾਨ 'ਤੇ ਰਹੇਗਾ। ਇਸ ਸਥਿਤੀ 'ਚ 11 ਜੁਲਾਈ ਨੂੰ ਉਸ ਦਾ ਮੁਕਾਬਲਾ ਇੰਗਲੈਂਡ ਨਾਲ ਹੋਵੇਗਾ।

Posted By: Akash Deep