ਨਵੀਂ ਦਿੱਲੀ, ਜੇਐੱਨਐੱਨ : ਭਾਰਤੀ ਮਹਿਲਾ ਕ੍ਰਿਕਟ ਟੀਮ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਦੇ ਇਰਾਦੇ ਨਾਲ ਆਸਟ੍ਰੇਲੀਆ ਪਹੁੰਚੀ ਹੈ। ਭਾਰਤੀ ਟੀਮ ਦਾ ਇਰਾਦਾ ਟੂਰਨਾਮੈਂਟ ਦਾ ਆਗਾਜ਼ ਧਮਾਕੇਦਾਰ ਅੰਦਾਜ਼ 'ਚ ਕਰਨ ਦਾ ਹੈ। ਆਈਸੀਸੀ ਟੀ-20 ਵਿਸ਼ਵ ਕੱਪ 'ਚ ਟੀਮ ਇੰਡੀਆ ਦੀ ਪਹਿਲੀ ਟੱਕਰ ਮੇਜ਼ਬਾਨ ਟੀਮ ਆਸਟ੍ਰੇਲੀਆ ਨਾਲ ਹੋਵੇਗੀ। ਕੰਗਾਰੂ ਟੀਮ ਮੌਜੂਦਾ ਚੈਂਪੀਅਨ ਹੈ ਤੇ ਹਾਲ ਹੀ 'ਚ ਟ੍ਰਾਈ ਸੀਰੀਜ਼ 'ਚ ਭਾਰਤ ਨੂੰ ਹਰਾ ਕੇ ਖ਼ਿਤਾਬ ਆਪਣੇ ਨਾਂ ਕਰ ਚੁੱਕੀ ਹੈ।

ਵਿਸ਼ਵ ਕੱਪ 'ਚ ਕੁੱਲ 10 ਟੀਮਾਂ ਹਿੱਸਾ ਲੈ ਰਹੀਆਂ ਹਨ ਜਿਸ ਨੂੰ ਦੋ ਗਰੁੱਪਾਂ ਨੂੰ ਵੰਡਿਆ ਗਿਆ ਹੈ। ਭਾਰਤੀ ਟੀਮ ਗਰੁੱਪ ਏ 'ਚ ਹੈ ਤੇ ਉਸ ਦੇ ਨਾਲ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਵਰਗੀਆਂ ਬੇਹੱਦ ਤਾਕਤਵਰ ਟੀਮਾਂ ਹਨ। ਭਾਰਤੀ ਟੀਮ ਨੇ ਹੁਣ ਤਕ ਤਿੰਨ ਵਾਰ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਆਪਣੀ ਥਾਂ ਬਣਾਈ ਹੈ ਪਰ ਕਦੇ ਇਸ ਤੋਂ ਅੱਗੇ ਨਹੀਂ ਵੱਧ ਸਕੀ। ਇਸ ਵਾਰ ਹਰਮਨਪ੍ਰੀਤ ਕੌਰ ਦੀ ਕਪਤਾਨੀ ਹੇਠ ਟੀਮ ਇੰਡੀਆ ਇਤਿਹਾਸ ਸਿਰਜਣ ਦੇ ਇਰਾਦੇ ਨਾਲ ਮੈਦਾਨ ਵਿਚ ਉਤਰੇਗੀ।


ਭਾਰਤ ਦਾ ਵਿਸ਼ਵ ਕੱਪ ਪ੍ਰੋਗਰਾਮ


ਟੀਮ ਇੰਡੀਆ ਦਾ ਪਹਿਲਾ ਮੁਕਾਬਲਾ ਮੇਜ਼ਬਾਨ ਟੀਮ ਨਾਲ ਹੋਵੇਗਾ। ਆਸਟ੍ਰੇਲੀਆ ਬਨਾਮ ਭਾਰਤ ਦੇ ਇਸ ਹਾਈ ਵੋਲਟੇਜ ਮੁਕਾਬਲੇ ਨਾਲ ਟੂਰਨਾਮੈਂਟ ਦਾ ਆਗਾਜ਼ ਹੋਣ ਵਾਲਾ ਹੈ। ਭਾਰਤੀ ਟੀਮ ਸਿਡਨੀ 'ਚ 21 ਫਰਵਰੀ ਨੂੰ ਭਾਰਤੀ ਸਮੇਂ ਦੇ ਮੁਤਾਬਕ 1.30 ਵਜੇ ਵਿਸ਼ਵ ਕੱਪ ਮੁਹਿੰਮ ਦੀ ਸ਼ੁਰੂਆਤ ਕਰੇਗੀ।

ਭਾਰਤ ਦਾ ਦੂਜਾ ਮੁਕਾਬਲਾ 24 ਫਰਵਰੀ ਨੂੰ ਪਰਥ 'ਚ ਬੰਗਲਾਦੇਸ਼ ਦੀ ਟੀਮ ਨਾਲ ਹੋਵੇਗਾ। ਇਹ ਮੈਚ ਭਾਰਤੀ ਸਮੇਂ ਮੁਤਾਬਕ ਸ਼ਾਮ 4.30 ਵਜੇ ਸ਼ੁਰੂ ਹੋਵੇਗਾ। ਤੀਜੇ ਮੈਚ 'ਚ ਭਾਰਤ ਨੇ ਨਿਊਜ਼ੀਲੈਂਡ ਨਾਲ ਖੇਡਣਾ ਹੈ। ਇਹ ਮੈਚ 27 ਫਰਵਰੀ ਨੂੰ ਮੈਲਬਰਨ 'ਚ ਭਾਰਤੀ ਸਮੇਂ ਮੁਤਾਬਕ ਸਵੇਰੇ 8.30 ਵਜੇ ਸ਼ੁਰੂ ਹੋਵੇਗਾ। ਆਖ਼ਰੀ ਗਰੁੱਪ ਮੈਚ 'ਚ ਭਾਰਤ ਦਾ ਸਾਹਮਣਾ ਸ਼੍ਰੀਲੰਕਾ ਨਾਲ ਹੋਵੇਗਾ। ਇਹ ਮੈਚ ਮੈਲਬਰਨ 'ਚ 29 ਫਰਵਰੀ ਨੂੰ ਦੁਪਹਿਰ 1.30 ਵਜੇ ਤੋਂ ਭਾਰਤ 'ਚ ਦੇਖਿਆ ਜਾ ਸਕਦਾ ਹੈ।

Posted By: Rajnish Kaur