ਦੁਬਈ (ਪੀਟੀਆਈ) : ਸਲਾਮੀ ਬੱਲੇਬਾਜ਼ ਵਜੋਂ ਆਪਣੇ ਪਹਿਲੇ ਟੈਸਟ ਦੀਆਂ ਦੋਵਾਂ ਪਾਰੀਆਂ ਵਿਚ ਸੈਂਕੜੇ ਲਾਉਣ ਵਾਲੇ ਭਾਰਤੀ ਬੱਲੇਬਾਜ਼ ਰੋਹਿਤ ਸ਼ਰਮਾ ਸੋਮਵਾਰ ਨੂੰ ਆਈਸੀਸੀ ਟੈਸਟ ਖਿਡਾਰੀ ਰੈਂਕਿੰਗ ਵਿਚ ਕਰੀਅਰ ਦੇ ਸਰਬੋਤਮ 17ਵੇਂ ਸਥਾਨ 'ਤੇ ਪੁੱਜ ਗਏ ਹਨ। ਰੋਹਿਤ ਦੇ ਨਾਂ ਹੁਣ 28 ਟੈਸਟ ਮੈਚਾਂ ਵਿਚ ਪੰਜ ਸੈਂਕੜੇ ਹਨ। ਉਨ੍ਹਾਂ ਨੇ ਵਿਸ਼ਾਖਾਪਟਨਮ ਵਿਚ ਦੱਖਣੀ ਅਫਰੀਕਾ ਖ਼ਿਲਾਫ਼ ਪਹਿਲੇ ਟੈਸਟ ਵਿਚ 176 ਤੇ 127 ਦੌੜਾਂ ਦੀਆਂ ਪਾਰੀਆਂ ਨਾਲ 36 ਸਥਾਨ ਦੀ ਲੰਬੀ ਛਾਲ ਲਾਈ। ਇਸ ਮੈਚ ਵਿਚ ਭਾਰਤ ਨੇ 203 ਦੌੜਾਂ ਨਾਲ ਜਿੱਤ ਹਾਸਲ ਕਰ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ। ਹੋਰ ਸਲਾਮੀ ਬੱਲੇਬਾਜ਼ ਮਯੰਕ ਅੱਗਰਵਾਲ ਨੂੰ ਪਹਿਲੀ ਪਾਰੀ ਵਿਚ ਦੋਹਰਾ ਸੈਂਕੜਾ ਲਾਉਣ ਤੋਂ ਬਾਅਦ 38 ਸਥਾਨ ਦਾ ਫ਼ਾਇਦਾ ਹੋਇਆ ਹੈ ਜਿਸ ਨਾਲ ਉਹ ਕਰੀਅਰ ਦੀ ਸਰਬੋਤਮ 25ਵੀਂ ਰੈਂਕਿੰਗ 'ਤੇ ਪੁੱਜ ਗਏ। ਕਪਤਾਨ ਵਿਰਾਟ ਕੋਹਲੀ ਨੇ ਆਪਣਾ ਦੂਜਾ ਸਥਾਨ ਕਾਇਮ ਰੱਖਿਆ ਹੈ ਹਾਲਾਂਕਿ ਉਹ ਜਨਵਰੀ 2018 ਤੋਂ ਬਾਅਦ ਪਹਿਲੀ ਵਾਰ 900 ਰੇਟਿੰਗ ਅੰਕਾਂ ਤੋਂ ਹੇਠਾਂ ਖ਼ਿਸਕ ਗਏ ਹਨ। ਉਨ੍ਹਾਂ ਦੇ ਹੁਣ 899 ਅੰਕ ਹਨ ਤੇ ਉਹ ਆਸਟ੍ਰੇਲੀਆ ਦੇ ਚੋਟੀ ਦੀ ਰੈਂਕਿੰਗ 'ਤੇ ਕਾਬਜ਼ ਸਟੀਵ ਸਮਿਥ ਤੋਂ 38 ਅੰਕ ਪਿੱਛੇ ਹਨ। ਗੇਂਦਬਾਜ਼ਾਂ ਵਿਚ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੇ ਮੈਚ ਵਿਚ ਅੱਠ ਵਿਕਟਾਂ ਹਾਸਲ ਕਰਨ ਤੋਂ ਬਾਅਦ ਚੋਟੀ ਦੇ 10 ਵਿਚ ਵਾਪਸੀ ਕੀਤੀ ਹੈ। ਉਨ੍ਹਾਂ ਨੇ ਪਹਿਲੀ ਪਾਰੀ ਵਿਚ 145 ਦੌੜਾਂ ਦੇ ਕੇ ਸੱਤ ਵਿਕਟਾਂ ਹਾਸਲ ਕੀਤੀਆਂ ਸਨ। ਪਹਿਲਾਂ ਚੋਟੀ ਦੇ ਸਥਾਨ 'ਤੇ ਰਹਿ ਚੁੱਕੇ ਅਸ਼ਵਿਨ ਨੇ 14ਵੇਂ ਸਥਾਨ ਤੋਂ ਚਾਰ ਸਥਾਨ ਦੀ ਛਾਲ ਲਾਈ ਹੈ ਤੇ 10ਵੇਂ ਸਥਾਨ 'ਤੇ ਪੁੱਜ ਗਏ ਹਨ। ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਕਰੀਅਰ ਦੇ ਸਰਬੋਤਮ 710 ਅੰਕਾਂ ਨਾਲ 18ਵੇਂ ਤੋਂ 16ਵੇਂ ਸਥਾਨ 'ਤੇ ਪੁੱਜ ਗਏ ਹਨ ਤੇ ਉਹ ਆਪਣੇ ਕਰੀਅਰ ਦੇ ਸਰਬੋਤਮ 14ਵੇਂ ਸਥਾਨ ਤੋਂ ਦੋ ਸਥਾਨ ਪਿੱਛੇ ਹਨ। ਉਥੇ ਰਵਿੰਦਰ ਜਡੇਜਾ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਨੂੰ ਪਛਾੜ ਕੇ ਹਰਫ਼ਨਮੌਲਾ ਸੂਚੀ ਵਿਚ ਦੂਜਾ ਸਥਾਨ ਹਾਸਲ ਕਰਨ ਵਿਚ ਕਾਮਯਾਬ ਰਹੇ ਹਨ।

ਭਾਰਤ ਨੂੰ ਮਿਲਿਆ ਫ਼ਾਇਦਾ :

ਭਾਰਤ ਨੂੰ ਵਿਸ਼ਾਖਾਪਟਨਮ ਵਿਚ ਜਿੱਤ ਨਾਲ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ 40 ਅੰਕਾਂ ਦਾ ਫ਼ਾਇਦਾ ਮਿਲਿਆ ਹੈ ਤੇ ਹੁਣ ਉਸ ਦੇ 160 ਅੰਕ ਹਨ। ਉਸ ਨੇ ਵੈਸਟਇੰਡੀਜ਼ ਵਿਚ ਸੀਰੀਜ਼ 2-0 ਨਾਲ ਜਿੱਤਣ ਤੋਂ ਬਾਅਦ 120 ਅੰਕ ਹਾਸਲ ਕੀਤੇ ਸਨ। ਨਿਊਜ਼ੀਲੈਂਡ ਤੇ ਸ੍ਰੀਲੰਕਾ ਦੇ ਸੀਰੀਜ਼ 1-1 ਨਾਲ ਡਰਾਅ ਕਰਵਾਉਣ ਤੋਂ ਬਾਅਦ 60-60 ਅੰਕ ਹਨ ਜਦਕਿ ਆਸਟ੍ਰੇਲੀਆ ਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਸੀਰੀਜ਼ ਵਿਚ 2-2 ਨਾਲ ਡਰਾਅ ਤੋਂ ਬਾਅਦ 56-56 ਅੰਕ ਹਨ।

ਕਵਿੰਟਨ ਡਿਕਾਕ ਤੇ ਡੀਨ ਏਲਗਰ ਵੀ ਵਧੇ ਅੱਗੇ :

ਦੱਖਣੀ ਅਫਰੀਕਾ ਲਈ ਸੈਂਕੜਾ ਲਾਉਣ ਵਾਲੇ ਕਵਿੰਟਨ ਡਿਕਾਕ ਤੇ ਡੀਨ ਏਲਗਰ ਨੂੰ ਫ਼ਾਇਦਾ ਮਿਲਿਆ ਹੈ। ਡਿਕਾਕ ਚਾਰ ਸਥਾਨ ਦੇ ਫ਼ਾਇਦੇ ਨਾਲ ਸੱਤਵੇਂ ਸਥਾਨ 'ਤੇ ਪੁੱਜਣ ਨਾਲ ਚੋਟੀ ਦੇ 10 ਵਿਚ ਸ਼ਾਮਲ ਹੋਏ ਗਏ ਹਨ ਜਦਕਿ ਏਲਗਰ ਨੂੰ ਪੰਜ ਸਥਾਨ ਦਾ ਫ਼ਾਇਦਾ ਮਿਲਿਆ ਹੈ ਜਿਸ ਨਾਲ ਉਹ 14ਵੇਂ ਸਥਾਨ 'ਤੇ ਪੁੱਜ ਗਏ ਹਨ।