ਦੁਬਈ (ਪੀਟੀਆਈ) : ਭਾਰਤ ਨੇ ਸੋਮਵਾਰ ਨੂੰ ਜਾਰੀ ਹੋਈ ਆਈਸੀਸੀ ਮਹਿਲਾ ਵਨ ਡੇ ਰੈਂਕਿੰਗ ਵਿਚ ਨਾ ਸਿਰਫ਼ ਆਪਣਾ ਦੂਜਾ ਸਥਾਨ ਕਾਇਮ ਰੱਖਿਆ ਹੈ ਬਲਕਿ ਤੀਜੇ ਸਥਾਨ 'ਤੇ ਕਾਬਜ ਇੰਗਲੈਂਡ 'ਤੇ ਆਪਣੇ ਅੰਕਾਂ ਦੀ ਬੜ੍ਹਤ ਨੂੰ ਵੀ ਵਧਾ ਲਿਆ ਹੈ। ਮਿਤਾਲੀ ਰਾਜ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਨੇ ਇੰਗਲੈਂਡ 'ਤੇ ਹੁਣ ਆਪਣੀ ਬੜ੍ਹਤ ਨੂੰ ਇਕ ਅੰਕ ਤੋਂ ਵਧਾ ਕੇ ਤਿੰਨ ਅੰਕਾਂ ਦਾ ਕਰ ਲਿਆ ਹੈ। ਭਾਰਤੀ ਟੀਮ ਦੇ ਹੁਣ 125 ਅੰਕ ਹਨ ਜਦਕਿ ਇੰਗਲੈਂਡ ਦੇ 122 ਅੰਕ ਹਨ। ਆਈਸੀਸੀ ਮੁਤਾਬਕ, ਟੀ-20 ਅੰਤਰਰਾਸ਼ਟਰੀ ਰੈਂਕਿੰਗ ਵਿਚ ਭਾਰਤ ਪਜੰਵੇਂ ਸਥਾਨ 'ਤੇ ਹੈ। ਆਸਟ੍ਰੇਲੀਆ ਨੇ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਮਹਿਲਾ ਵਨਡੇ ਤੇ ਟੀ-20 ਦੋਵਾਂ ਦੀ ਰੈਂਕਿੰਗ ਵਿਚ ਆਪਣਾ ਚੋਟੀ ਦਾ ਸਥਾਨ ਕਾਇਮ ਰੱਖਿਆ ਹੈ, ਜਿੱਥੇ ਉਹ ਪਿਛਲੇ ਸਾਲ ਅਕਤੂਬਰ ਤੋਂ ਕਾਬਜ਼ ਹੈ। ਵਨ ਡੇ ਰੈਂਕਿੰਗ ਵਿਚ ਵੈਸਟਇੰਡੀਜ਼ ਨੂੰ ਪੰਜ ਅੰਕਾਂ ਦਾ ਨੁਕਸਾਨ ਹੋਇਆ ਹੈ ਤੇ ਉਹ ਹੁਣ ਸੱਤਵੇਂ ਸਥਾਨ 'ਤੇ ਕਾਬਜ਼ ਪਾਕਿਸਤਾਨ ਤੋਂ ਸਿਰਫ਼ ਦੋ ਅੰਕ ਅੱਗੇ ਹੈ। ਪਿਛਲੇ ਸਾਲ ਵੈਸਟਇੰਡੀਜ਼ ਵਿਚ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਆਸਟ੍ਰੇਲੀਆ ਨੇ ਇੰਗਲੈਂਡ 'ਤੇ ਆਪਣੀ ਬੜ੍ਹਤ ਨੂੰ 10 ਤੋਂ ਵਧਾ ਕੇ 14 ਅੰਕਾਂ 'ਤੇ ਪਹੁੰਚਾ ਦਿੱਤਾ ਹੈ। ਹੋਰ ਟੀਮਾਂ ਵਿਚ ਇਸ ਸਾਲ ਦੀ ਸ਼ੁਰੂਆਤ ਵਿਚ ਲਗਾਤਾਰ 17 ਮੈਚ ਜਿੱਤ ਕੇ ਆਸਟ੍ਰੇਲੀਆ ਦਾ ਲਗਾਤਾਰ 16 ਜਿੱਤਾਂ ਦਾ ਵਿਸ਼ਵ ਰਿਕਾਰਡ ਤੋੜਨ ਵਾਲੀ ਥਾਈਲੈਂਡ ਦੀ ਟੀਮ ਹੁਣ ਆਇਰਲੈਂਡ ਤੋਂ ਬਾਅਦ 10ਵੇਂ ਸਥਾਨ 'ਤੇ ਆ ਗਈ ਹੈ।

ਵਿਸ਼ਵ ਕੱਪ ਖੇਡੇਗੀ ਥਾਈਲੈਂਡ ਦੀ ਟੀਮ

ਇਸ ਸਮੇਂ ਸਭ ਤੋਂ ਜ਼ਿਆਦਾ 25 ਮੈਚ ਖੇਡ ਕੇ 21 ਵਿਚ ਜਿੱਤ ਦਰਜ ਕਰਨ ਵਾਲੀ ਥਾਈਲੈਂਡ ਨੇ 2020 ਵਿਚ ਆਸਟ੍ਰੇਲੀਆ ਵਿਚ ਹੋਣ ਵਾਲੇ ਮਹਿਲਾ ਟੀ-20 ਵਿਸ਼ਵ ਕੱਪ ਲਈ ਵੀ ਕੁਆਲੀਫਾਈ ਕਰ ਲਿਆ ਹੈ। ਕ੍ਰਿਕਟ ਦੇ ਵਿਸ਼ਵ ਪੱਧਰੀ ਟੂਰਨਾਮੈਂਟ ਵਿਚ ਪਹਿਲੀ ਵਾਰ ਥਾਈਲੈਂਡ ਦੀ ਟੀਮ ਨਜ਼ਰ ਆਵੇਗੀ।