ਨਵੀਂ ਦਿੱਲੀ (ਜੇਐੱਨਐੱਨ) : ਬੇਸ਼ੱਕ ਭਾਰਤ ਤੇ ਪਾਕਿਸਤਾਨ ਵਿਚਾਲੇ ਦੁਵੱਲੀ ਕ੍ਰਿਕਟ ਬੰਦ ਹੋਵੇ ਪਰ ਅੰਤਰਰਾਸ਼ਟਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਦੋਵਾਂ ਧਿਰ ਵਿਰੋਧੀ ਟੀਮਾਂ ਵਿਚਾਲੇ ਮਹਾਮੁਕਾਬਲੇ ਲਈ ਇਕ ਹੋਰ ਮੰਚ ਤਿਆਰ ਕਰ ਦਿੱਤਾ ਹੈ। ਆਈਸੀਸੀ ਨੇ 17 ਅਕਤੂਬਰ ਤੋਂ 14 ਨਵੰਬਰ ਤਕ ਸੰਯੁਕਤ ਅਰਬ ਅਮੀਰਾਤ (ਯੂਏਈ) ਤੇ ਓਮਾਨ ਵਿਚ ਖੇਡੇ ਜਾਣ ਵਾਲੇ ਟੀ-20 ਵਿਸ਼ਵ ਕੱਪ ਲਈ ਪੂਲ ਐਲਾਨ ਦਿੱਤੇ ਹਨ ਜਿਸ ਵਿਚ ਭਾਰਤ ਤੇ ਪਾਕਿਸਤਾਨ ਨੂੰ ਇਕ ਹੀ ਗਰੁੱਪ ਵਿਚ ਰੱਖਿਆ ਗਿਆ ਹੈ। ਵਨ ਡੇ ਵਿਸ਼ਵ ਕੱਪ 2019 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਟੀ-20 ਵਿਸ਼ਵ ਕੱਪ ਦੇ ਗਰੁੱਪ ਮੁਕਾਬਲੇ ਦੋ ਗੇਡ਼ ਵਿਚ ਖੇਡੇ ਜਾਣਗੇ ਜਿਨ੍ਹਾਂ ਨੂੰ ਰਾਊਂਡ-1 ਤੇ ਸੁਪਰ-12 ਦੇ ਨਾਂ ਦਿੱਤੇ ਗਏ ਹਨ। ਰਾਊਂਡ-1 ਵਿਚ ਅੱਠ ਟੀਮਾਂ ਹੋਣਗੀਆਂ ਜਿਨ੍ਹਾਂ ਵਿਚ ਸ੍ਰੀਲੰਕਾ ਤੇ ਬੰਗਲਾਦੇਸ਼ ਨੇ ਆਪਣੇ ਆਪ ਕੁਆਲੀਫਾਈ ਕੀਤਾ ਹੈ ਜਦਕਿ ਛੇ ਹੋਰ ਟੀਮਾਂ ਨੇ ਆਈਸੀਸੀ ਮਰਦ ਟੀ-20 ਵਿਸ਼ਵ ਕੱਪ ਕੁਆਲੀਫਾਇਰ 2019 ਰਾਹੀਂ ਆਪਣੇ ਸਥਾਨ ਪੱਕੇ ਕੀਤੇ ਹਨ। ਇਨ੍ਹਾਂ ਅੱਠ ਟੀਮਾਂ ਨੂੰ ਦੋ ਗਰੁੱਪਾਂ ਵਿਚ ਵੰਡਿਆ ਗਿਆ ਹੈ ਜਿਸ ਵਿਚ ਗਰੁੱਪ-ਏ ਤੇ ਗਰੁੱਪ-ਬੀ ਸ਼ਾਮਲ ਹਨ। ਗਰੁੱਪ-ਏ ਵਿਚ ਸ੍ਰੀਲੰਕਾ ਨਾਲ ਆਇਰਲੈਂਡ, ਨੀਦਰਲੈਂਡ ਤੇ ਨਾਮੀਬੀਆ ਹਨ, ਗਰੁੱਪ -ਬੀ ਵਿਚ ਬੰਗਲਾਦੇਸ਼ ਨਾਲ ਓਮਾਨ, ਪਪੂਆ ਨਿਊ ਗਿਨੀ (ਪੀਐੱਨਜੀ) ਤੇ ਸਕਾਟਲੈਂਡ ਦੀਆਂ ਟੀਮਾਂ ਹਨ। ਇਨ੍ਹਾਂ ਦੋਵਾਂ ਗਰੁੱਪਾਂ ਵਿਚੋਂ ਦੋ-ਦੋ ਸਿਖਰਲੀਆਂ ਟੀਮਾਂ ਸੁਪਰ-12 ਵਿਚ ਪ੍ਰਵੇਸ਼ ਕਰਨਗੀਆਂ। ਸੁਪਰ-12 ਵਿਚ ਦੋ ਗਰੁੱਪ ਹੋਣਗੇ ਜਿਨ੍ਹਾਂ ਨੂੰ ਗਰੁੱਪ-1 ਤੇ ਗਰੁੱਪ-2 ਨਾਂ ਦਿੱਤੇ ਗਏ ਹਨ। ਦੋਵਾਂ ਗਰੁੱਪਾਂ ਵਿਚ ਛੇ-ਛੇ ਟੀਮਾਂ ਸ਼ਾਮਲ ਹੋਣਗੀਆਂ। ਗਰੁੱਪ-1 ਵਿਚ ਪਿਛਲੀ ਵਾਰ ਦੀ ਜੇਤੂ ਵੈਸਟਇੰਡੀਜ਼, 2010 ਦੀ ਚੈਂਪੀਅਨ ਇੰਗਲੈਂਡ, ਆਸਟ੍ਰੇਲੀਆ ਤੇ ਦੱਖਣੀ ਅਫਰੀਕਾ ਹਨ ਜਦਕਿ ਰਾਊਂਡ-1 ਵਿਚੋਂ ਦੋ ਟੀਮਾਂ ਇਸ ਗਰੁੱਪ ਵਿਚ ਜੁਡ਼ਨਗੀਆਂ। ਗਰੁੱਪ-2 ਵਿਚ ਭਾਰਤ ਤੇ ਪਾਕਿਸਤਾਨ ਨੂੰ ਵਿਸ਼ਵ ਟੈਸਟ ਚੈਂਪੀਅਨਸ਼ਿਪ ਜੇਤੂ ਨਿਊਜ਼ੀਲੈਂਡ ਤੇ ਅਫ਼ਗਾਨਿਸਤਾਨ ਨਾਲ ਰੱਖਿਆ ਗਿਆ ਹੈ। ਇਨ੍ਹਾਂ ਚਾਰ ਟੀਮਾਂ ਤੋਂ ਇਲਾਵਾ ਰਾਊਂਡ-1 ਤੋਂ ਦੋ ਟੀਮਾਂ ਇਸ ਗਰੁੱਪ ਨਾਲ ਜੁਡ਼ਨਗੀਆਂ। ਆਈਸੀਸੀ ਮੁਤਾਬਕ ਸੁਪਰ-12 ਦੇ ਗਰੁੱਪ ਨੂੰ 20 ਮਾਰਚ 2021 ਤਕ ਦੀ ਟੀਮ ਰੈਂਕਿੰਗ ਦੇ ਆਧਾਰ ’ਤੇ ਚੁਣਿਆ ਗਿਆ ਹੈ।

ਅਗਲੇ ਹਫ਼ਤੇ ਜਾਰੀ ਹੋ ਸਕਦੈ ਮੈਚਾਂ ਦਾ ਪ੍ਰੋਗਰਾਮ

ਟੀ-20 ਵਿਸ਼ਵ ਕੱਪ ਦੇ ਮੈਚਾਂ ਦਾ ਪ੍ਰੋਗਰਾਮ ਅਗਲੇ ਹਫ਼ਤੇ ਜਾਰੀ ਕੀਤਾ ਜਾ ਸਕਦਾ ਹੈ। ਟੂਰਨਾਮੈਂਟ ਪਹਿਲਾਂ ਭਾਰਤ ਵਿਚ ਹੋਣਾ ਸੀ ਪਰ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਸ਼ੱਕ ਕਾਰਨ ਇਸ ਨੂੰ ਬਾਹਰ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਆਈਸੀਸੀ ਦੇ ਮੁੱਖ ਕਾਰਜਕਾਰੀ ਜਿਓਫ ਅਲਾਰਡਿਸ ਨੇ ਬੀਸੀਸੀਆਈ ਪ੍ਰਧਾਨ ਸੌਰਵ ਗਾਂਗੁਲੀ ਤੇ ਸਕੱਤਰ ਜੈ ਸ਼ਾਹ ਦੇ ਪੁੱਜਣ ਤੋਂ ਬਾਅਦ ਮਸਕਟ ’ਚ ਡਰਾਅ ਕੱਢਿਆ। ਸਾਲ 2016 ਤੋਂ ਬਾਅਦ ਪਹਿਲੀ ਵਾਰ ਟੀ-20 ਵਿਸ਼ਵ ਕੱਪ ਕਰਵਾਇਆ ਜਾਣਾ ਹੈ। ਪਿਛਲੀ ਵਾਰ ਕੋਲਕਾਤਾ ਵਿਚ ਹੋਏ ਫਾਈਨਲ ਵਿਚ ਵੈਸਟਇੰਡੀਜ਼ ਨੇ ਇੰਗਲੈਂਡ ਨੂੰ ਹਰਾਇਆ ਸੀ।

‘ਆਈਸੀਸੀ ਮਰਦ ਟੀ-20 ਵਿਸ਼ਵ ਕੱਪ ਦੀ ਮੇਜ਼ਬਾਨੀ ਨਾਲ ਓਮਾਨ ਨੂੰ ਵਿਸ਼ਵ ਕ੍ਰਿਕਟ ਦੇ ਘੇਰੇ ’ਚ ਲਿਆਉਂਦੇ ਹੋਏ ਦੇਖਣਾ ਚੰਗਾ ਹੈ। ਇਸ ਨਾਲ ਕਾਫੀ ਨੌਜਵਾਨਾਂ ਨੂੰ ਇਸ ਖੇਡ ਵਿਚ ਦਿਲਚਸਪੀ ਲੈਣ ਵਿਚ ਮਦਦ ਮਿਲੇਗੀ। ਅਸੀਂ ਜਾਣਦੇ ਹਾਂ ਕਿ ਇਹ ਦੁਨੀਆ ਦੇ ਇਸ ਹਿੱਸੇ ਲਈ ਵਿਸ਼ਵ ਪੱਧਰੀ ਟੂਰਨਾਮੈਂਟ ਹੋਵੇਗਾ। ਦੋਵਾਂ ਗਰੁੱਪਾਂ ਵਿਚ ਖੇਡ ਦੇ ਛੋਟੇ ਫਾਰਮੈਟ ਦੀਆਂ ਕਾਫੀ ਪ੍ਰਤੀਯੋਗੀ ਟੀਮਾਂ ਹਨ।

-ਸੌਰਵ ਗਾਂਗੁਲੀ, ਬੀਸੀਸੀਆਈ ਪ੍ਰਧਾਨ

Posted By: Tejinder Thind