ਨਵੀਂ ਦਿੱਲੀ (ਜੇਐੱਨਐੱਨ) : ਵਿਸ਼ਵ ਕੱਪ 2019 ਲਈ ਭਾਰਤੀ ਟੀਮ ਵਿਚ ਸ਼ਾਮਲ ਨਾ ਕੀਤੇ ਜਾਣ ਕਾਰਨ ਅਜਿੰਕੇ ਰਹਾਣੇ ਕਾਫੀ ਨਿਰਾਸ਼ ਹੋਏ ਸਨ ਪਰ ਹੁਣ ਉਹ ਇਨ੍ਹਾਂ ਗੱਲਾਂ ਤੋਂ ਅੱਗੇ ਵਧਣਾ ਚਾਹੁੰਦੇ ਹਨ। ਰਹਾਣੇ ਨੂੰ ਇਸ ਵਾਰ ਵਿਸ਼ਵ ਕੱਪ ਲਈ ਟੀਮ ਇੰਡੀਆ ਵਿਚ ਥਾਂ ਨਹੀਂ ਮਿਲੀ ਸੀ ਪਰ ਉਹ 2015 ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਹਿੱਸਾ ਸਨ ਤੇ ਨੰਬਰ ਚਾਰ 'ਤੇ ਬੱਲੇਬਾਜ਼ੀ ਕੀਤੀ ਸੀ। ਰਹਾਣੇ ਦਾ ਕਹਿਣਾ ਹੈ ਕਿ ਵਿਸ਼ਵ ਕੱਪ ਵਿਚ ਖੇਡਣਾ ਹਰ ਖਿਡਾਰੀ ਦਾ ਸੁਪਨਾ ਹੁੰਦਾ ਹੈ ਤੇ ਉਨ੍ਹਾਂ ਦਾ ਵੀ ਅਜਿਹਾ ਹੀ ਸੁਪਨਾ ਸੀ। ਇਸ ਵਾਰ ਟੀਮ ਵਿਚ ਮੈਨੂੰ ਸ਼ਾਮਲ ਨਹੀਂ ਕੀਤਾ ਗਿਆ ਇਸ ਨਾਲ ਮੈਨੂੰ ਨਿਰਾਸ਼ਾ ਤਾਂ ਜ਼ਰੂਰ ਹੋਈ ਪਰ ਇਨ੍ਹਾਂ ਸਭ ਤੋਂ ਅੱਗੇ ਨਿਕਲਣਾ ਹੀ ਪੈਂਦਾ ਹੈ। ਅਜਿੰਕੇ ਰਹਾਣੇ ਨੇ ਦੋ ਮਹੀਨਿਆਂ ਤਕ ਹੈਂਪਸ਼ਰ ਵੱਲੋਂ ਕਾਊਂਟੀ ਕ੍ਰਿਕਟ ਖੇਡੀ ਹੈ। ਉਨ੍ਹਾਂ ਨੇ ਕਿਹਾ ਕਿ ਕਾਊਂਟੀ ਕ੍ਰਿਕਟ ਖੇਡਣ ਨਾਲ ਉਨ੍ਹਾਂ ਨੂੰ ਕਾਫੀ ਕੁਝ ਸਿੱਖਣ ਨੂੰ ਮਿਲਿਆ ਹੈ। ਰਹਾਣੇ ਨੇ ਕਿਹਾ ਕਿ ਉਨ੍ਹਾਂ ਨੂੰ ਲਗਦਾ ਹੈ ਕਿ ਹੁਣ ਉਹ ਇੱਥੋਂ ਅਗਲੇ ਵਿਸ਼ਵ ਕੱਪ ਦੀ ਤਿਆਰੀ ਕਰ ਰਹੇ ਹਨ। ਵੈਸਟਇੰਡੀਜ਼ ਦੌਰੇ ਲਈ ਰਹਾਣੇ ਨੂੰ ਟੈਸਟ ਟੀਮ ਦਾ ਹਿੱਸਾ ਬਣਾਇਆ ਗਿਆ ਹੈ ਤੇ ਉਹ ਟੀਮ ਦੇ ਉੱਪ ਕਪਤਾਨ ਹਨ। ਰਹਾਣੇ ਦਾ ਮੰਨਣਾ ਹੈ ਕਿ ਉਹ ਇਸ ਸੀਰੀਜ਼ ਰਾਹੀਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਕਰਨਗੇ। ਰਹਾਣੇ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਅੱਗੇ ਦੀ ਜ਼ਿੰਦਗੀ ਹੈ ਜਿਸ ਵਿਚ ਕਈ ਤਰ੍ਹਾਂ ਦੀਆਂ ਚੁਣੌਤੀਆਂ ਹਨ। ਹੁਣ ਉਨ੍ਹਾਂ ਦਾ ਧਿਆਨ ਟੈਸਟ ਚੈਂਪੀਅਨਸ਼ਿਪ 'ਤੇ ਹੈ ਤੇ ਉਹ ਚਾਹੁੰਦੇ ਹਨ ਕਿ ਟੀਮ ਨੂੰ ਅੱਗੇ ਲਿਜਾਣ ਵਿਚ ਜ਼ਿਆਦਾ ਤੋਂ ਜ਼ਿਆਦਾ ਯੋਗਦਾਨ ਦੇਣ।

ਵਨ ਡੇ ਤੇ ਟੀ-20 ਟੀਮਾਂ 'ਚੋਂ ਬਾਹਰ ਰਹੇ ਨੇ ਅਜਿੰਕੇ :

ਜ਼ਿਕਰਯੋਗ ਹੈ ਕਿ ਰਹਾਣੇ ਭਾਰਤੀ ਵਨ ਡੇ ਤੇ ਟੀ-20 ਟੀਮਾਂ ਵਿਚੋਂ ਕਾਫੀ ਸਮੇਂ ਤੋਂ ਬਾਹਰ ਚੱਲ ਰਹੇ ਹਨ। ਉਹ ਲਗਾਤਾਰ ਕ੍ਰਿਕਟ ਦੇ ਸੀਮਤ ਫਾਰਮੈਟ ਵਿਚ ਟੀਮ 'ਚ ਥਾਂ ਬਣਾਉਣ ਵਿਚ ਨਾਕਾਮ ਹੋ ਰਹੇ ਹਨ ਹਾਲਾਂਕਿ ਉਹ ਟੈਸਟ ਟੀਮ ਦਾ ਹਿੱਸਾ ਜ਼ਰੂਰ ਹਨ ਪਰ ਸੀਮਤ ਫਾਰਮੈਟ ਦੀ ਕ੍ਰਿਕਟ ਮੁੜ ਖੇਡਣ ਦੀ ਇੱਛਾ ਉਹ ਜ਼ਾਹਿਰ ਕਰਦੇ ਰਹਿੰਦੇ ਹਨ।