ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦਾ ਲਾਈਵ ਇੰਟਰਵਿਊ ਇੰਸਟਾਗ੍ਰਾਮ 'ਤੇ ਇੰਗਲੈਂਡ ਕ੍ਰਿਕਟ ਟੀਮ ਦੇ ਸਾਬਕਾ ਬੱਲੇਬਾਜ਼ ਕੇਵਿਨ ਪੀਟਰਸਨ ਨੇ ਲਿਆ। ਵਿਰਾਟ ਕੋਹਲੀ ਨੇ ਇਸ ਇੰਟਰਵਿਊ ਦੌਰਾਨ ਆਪਣੇ ਜੀਵਨ ਨਾਲ ਜੁੜੀਆਂ ਅਹਿਮ ਗੱਲਾਂ ਦਾ ਖ਼ੁਲਾਸਾ ਕੀਤਾ। ਵਿਰਾਟ ਕੋਹਲੀ ਦੇ ਇੰਟਰਵਿਊ ਦੌਰਾਨ ਕੇਵਿਨ ਪੀਟਰਸਨ ਨੇ ਉਨ੍ਹਾਂ ਦੇ ਇਕ ਕਿੱਸੇ ਨੂੰ ਸ਼ੇਅਰ ਕਰਦੇ ਹੋਏ ਕਿਹਾ ਕਿ ਇਕ ਵਾਰ ਮੈਂ ਜਿਮ 'ਚ ਸੀ ਤੇ ਟ੍ਰੇਡਮਿਲ 'ਤੇ ਦੌੜ ਰਿਹਾ ਸੀ ਤਾਂ ਉਥੇ ਧੋਨੀ ਵੀ ਸਨ ਤੇ ਉਹ ਮੇਰੇ ਨਾਲ ਟ੍ਰੇਡਮਿਲ 'ਤੇ ਦੌੜਨ ਲੱਗੇ। ਇਸ ਦੌਰਾਨ ਅਸੀਂ ਦੋਵਾਂ ਨੇ ਵਿਰਾਟ ਦੀ ਕਪਤਾਨੀ ਬਾਰੇ ਗੱਲਾਂ ਕੀਤੀਆਂ। ਉਸ ਸਮੇਂ ਧੋਨੀ ਨੇ ਵਿਰਾਟ ਬਾਰੇ ਕਿਹਾ ਕਿ ਉਹ ਇਹ ਜ਼ਰੂਰ ਦੇਖਣਾ ਚਾਹੁਣਗੇ ਕਿ ਵਿਰਾਟ ਇੰਨਾ ਹੀ ਉਤਸ਼ਾਹ ਪੂਰੇ ਕ੍ਰਿਕਟ ਕਰੀਅਰ ਦੌਰਾਨ ਬਣਾ ਕੇ ਰੱਖ ਸਕਣਗੇ ਜਾਂ ਨਹੀਂ। ਇਸ 'ਤੇ ਵਿਰਾਟ ਨੇ ਕਿਹਾ ਕਿ ਮੈਂ ਮੈਦਾਨ 'ਤੇ ਆਪਣਾ 120 ਫ਼ੀਸਦੀ ਯੋਗਦਾਨ ਦਿੰਦਾ ਹਾਂ ਤੇ ਜਿਸ ਦਿਨ ਮੈਨੂੰ ਲੱਗਾ ਕਿ ਮੈਂ ਅਜਿਹਾ ਨਹੀਂ ਕਰ ਸਕਦਾ ਤਾਂ ਉਸੇ ਦਿਨ ਖੇਡ ਨੂੰ ਅਲਵਿਦਾ ਕਹਿ ਦੇਵਾਂਗਾ।