ਪੋਰਟ ਆਫ ਸਪੇਨ (ਪੀਟੀਆਈ) : ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਨੇ ਕਿਹਾ ਹੈ ਕਿ ਟੀਮ ਵਿਚ ਥਾਂ ਪੱਕੀ ਕਰਨ ਲਈ ਹਰ ਖਿਡਾਰੀ ਨੂੰ ਮੌਕੇ ਦੀ ਭਾਲ ਹੁੰਦੀ ਹੈ ਤੇ ਮੈਨੂੰ ਲਗਦਾ ਹੈ ਕਿ ਨੰਬਰ ਚਾਰ ਦੇ ਸਥਾਨ ਲਈ ਅਜੇ ਕਈ ਹੋਰ ਬੱਲੇਬਾਜ਼ਾਂ ਨੂੰ ਮੌਕਾ ਦਿੱਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਨਾਲ ਮੈਨੇਜਮੈਂਟ ਦਾ ਫ਼ੈਸਲਾ ਹੈ ਕਿ ਉਹ ਮੇਰੇ ਕੋਲੋਂ ਕਿਸ ਸਥਾਨ 'ਤੇ ਬੱਲੇਬਾਜ਼ੀ ਕਰਵਾਉਣਾ ਚਾਹੁੰਦੇ ਹਨ। ਇਸ ਸਮੇਂ ਨੰਬਰ ਚਾਰ ਦੀ ਥਾਂ ਖਾਲੀ ਹੈ ਤੇ ਮੈਨੇਜਮੈਂਟ ਨੌਜਵਾਨਾਂ ਨੂੰ ਮੌਕਾ ਦੇਣਾ ਚਾਹੁੰਦੀ ਹੈ। ਇਸ ਥਾਂ 'ਤੇ ਕੋਈ ਖਿਡਾਰੀ ਆਪਣੀ ਥਾਂ ਪੱਕੀ ਨਹੀਂ ਕਰ ਸਕਿਆ ਹੈ। ਸ਼੍ਰੇਅਸ ਅਈਅਰ ਨੇ ਕਿਹਾ ਕਿ ਮੈਂ ਸਿਰਫ਼ ਚੌਥੇ ਸਥਾਨ 'ਤੇ ਹੀ ਬੱਲੇਬਾਜ਼ੀ ਬਾਰੇ ਨਹੀਂ ਸੋਚ ਰਿਹਾ ਹਾਂ। ਮੈਂ ਟੀਮ ਲਈ ਅਜਿਹਾ ਖਿਡਾਰੀ ਬਣਨਾ ਚਾਹੁੰਦਾ ਹਾਂ ਜੋ ਕਿਸੇ ਵੀ ਨੰਬਰ 'ਤੇ ਬੱਲੇਬਾਜ਼ੀ ਕਰ ਸਕੇ। ਨੰਬਰ ਚਾਰ ਭਾਰਤ ਲਈ ਇਸ ਸਮੇਂ ਵੱਡੀ ਮੁਸ਼ਕਲ ਹੈ ਤੇ ਇਸ 'ਤੇ ਉਨ੍ਹਾਂ ਨੇ ਕਿਹਾ ਕਿ ਇਹ ਪੂਰੀ ਤਰ੍ਹਾਂ ਟੀਮ ਦੀ ਮੈਨੇਜਮੈਂਟ ਦਾ ਫ਼ੈਸਲਾ ਹੋਵੇਗਾ ਕਿ ਕੌਣ ਕਿਹੜੀ ਥਾਂ 'ਤੇ ਖੇਡੇਗਾ। ਮੈਂ ਜਾ ਕੇ ਇਹ ਨਹੀਂ ਕਹਿ ਸਕਦਾ ਕਿ ਮੈਂ ਚੌਥੇ ਨੰਬਰ 'ਤੇ ਬੱਲੇਬਾਜ਼ੀ ਕਰਨੀ ਹੈ ਤੇ ਮੈਨੂੰ ਇਸੇ ਥਾਂ 'ਤੇ ਭੇਜਿਆ ਜਾਵੇ।