ਲੀਡਸ (ਜੇਐੱਨਐੱਨ) : 87 ਸਾਲ ਦੀ ਬਜ਼ੁਰਗ ਮਹਿਲਾ ਪ੍ਰਸ਼ੰਸਕ ਚਾਰੂਲਤਾ ਪਟੇਲ ਨੇ ਭਾਰਤ ਤੇ ਬੰਗਲਾਦੇਸ਼ ਦੇ ਵਿਸ਼ਵ ਕੱਪ ਮੈਚ ਦੌਰਾਨ ਇੰਟਰਨੈੱਟ 'ਤੇ ਤੂਫ਼ਾਨ ਲਿਆ ਦਿੱਤਾ। ਉਹ ਹੁਣ ਸੋਸ਼ਲ ਮੀਡੀਆ ਦੀ ਹੀ ਨਹੀਂ, ਭਾਰਤੀ ਟੀਮ ਦੀ ਖ਼ਾਸ ਹੋ ਗਈ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਉਨ੍ਹਾਂ ਨੂੰ ਭਾਰਤ-ਸ੍ਰੀਲੰਕਾ ਮੈਚ ਦੇ ਆਪਣੇ ਕੋਟੇ ਦੇ ਚਾਰ ਪਾਸ ਵੀ ਦੇ ਦਿੱਤੇ ਹਨ ਤੇ ਇਹ ਵੀ ਕਿਹਾ ਕਿ ਜੇ ਟੀਮ ਇੰਡੀਆ ਫਾਈਨਲ ਵਿਚ ਪੁੱਜਦੀ ਹੈ ਤਾਂ ਉਹ ਲਾਰਡਜ਼ ਵਿਚ ਹੋਣ ਵਾਲੇ ਮੈਚ ਦੇ ਵੀ ਪਾਸ ਉਨ੍ਹਾਂ ਨੂੰ ਦੇਣਗੇ ਜਿਸ ਨਾਲ ਉਹ ਆਰਾਮ ਨਾਲ ਭਾਰਤ ਦਾ ਕ੍ਰਿਕਟ ਮੈਚ ਦੇਖ ਸਕਣ। ਤਨਜਾਨੀਆ ਵਿਚ ਜੰਮੀ ਭਾਰਤੀ ਮੂਲ ਦੀ ਚਾਰੂਲਤਾ ਪਟੇਲ ਹੁਣ ਲੰਡਨ ਵਿਚ ਰਹਿੰਦੀ ਹੈ ਤੇ ਕ੍ਰਿਕਟ ਹੀ ਉਨ੍ਹਾਂ ਦਾ ਜੀਵਨ ਹੈ।

ਜਦ ਜਾਗਰਣ ਨੇ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਮੈਂ ਖਾਣ ਤੋਂ ਬਿਨਾਂ ਰਹਿ ਸਕਦੀ ਹਾਂ ਪਰ ਕ੍ਰਿਕਟ ਬਿਨਾਂ ਨਹੀਂ। ਉਨ੍ਹਾਂ ਕਿਹਾ ਕਿ ਮੈਂ 1983 ਵਿਸ਼ਵ ਕੱਪ ਦੌਰਾਨ ਕਪਿਲ ਦੀ ਕਪਤਾਨੀ ਵਾਲੀ ਭਾਰਤੀ ਕ੍ਰਿਕਟ ਟੀਮ ਦੇ ਵੀ ਮੈਚ ਦੇਖੇ ਸਨ। ਭਾਰਤ ਤੇ ਬੰਗਲਾਦੇਸ਼ ਵਿਚਾਲੇ ਹੋਏ ਮੈਚ ਦੌਰਾਨ ਭਾਰਤੀ ਟੀਮ ਦਾ ਉਤਸ਼ਾਹ ਵਧਾਉਂਦੀ ਹੋਈ ਚਾਰੂਲਤਾ 'ਤੇ ਜਦ ਭਾਰਤੀ ਕਪਤਾਨ ਕੋਹਲੀ ਤੇ ਉਪ ਕਪਤਾਨ ਰੋਹਿਤ ਸ਼ਰਮਾ ਦੀ ਨਜ਼ਰ ਪਈ ਤਾਂ ਦੋਵਾਂ ਨੇ ਮੈਚ ਤੋਂ ਬਾਅਦ ਉਨ੍ਹਾਂ ਨਾਲ ਮੁਲਾਕਾਤ ਕੀਤੀ ਤੇ ਤੇ ਉਨ੍ਹਾਂ ਦੇ ਪੈਰ ਛੂਹ ਕੇ ਉਨ੍ਹਾਂ ਦਾ ਅਸ਼ੀਰਵਾਦ ਵੀ ਲਿਆ। ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਮਹਿੰਦਰਾ ਨੇ ਵੀ ਚਾਰੂਲਤਾ ਦੀ ਟਿਕਟ ਦੀ ਕੀਮਤ ਅਦਾ ਕਰਨ ਦੀ ਪੇਸ਼ਕਸ਼ ਕੀਤੀ ਹੈ।