ਨਵੀਂ ਦਿੱਲੀ (ਜੇਐੱਨਐੱਨ) : ਹਰਫ਼ਨਮੌਲਾ ਹਾਰਦਿਕ ਪਾਂਡਿਆ ਨੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਜ਼ਹੀਰ ਖ਼ਾਨ ਨੂੰ ਉਨ੍ਹਾਂ ਦੇ ਜਨਮ ਦਿਨ 'ਤੇ ਜਿਸ ਅੰਦਾਜ਼ ਵਿਚ ਵਧਾਈ ਦਿੱਤੀ ਹੈ ਉਹ ਕ੍ਰਿਕਟ ਪ੍ਰਸ਼ੰਸਕਾਂ ਨੂੰ ਰਾਸ ਨਹੀਂ ਆਈ ਤੇ ਉਨ੍ਹਾਂ ਨੇ ਪਾਂਡਿਆ ਦੀ ਸਖ਼ਤ ਨਿੰਦਾ ਕੀਤੀ ਹੈ। ਜ਼ਹੀਰ ਸੋਮਵਾਰ ਨੂੰ 41 ਸਾਲ ਦੇ ਹੋ ਗਏ ਤੇ ਹਾਰਦਿਕ ਨੇ ਇਕ ਵੀਡੀਓ ਟਵੀਟ ਕਰਦੇ ਹੋਏ ਲਿਖਿਆ ਕਿ ਜਨਮ ਦਿਨ ਮੁਬਾਰਕ ਹੋਵੇ ਜੈਕ। ਮੈਨੂੰ ਉਮੀਦ ਹੈ ਕਿ ਤੁਸੀਂ ਵੀ ਗੇਂਦ ਨੂੰ ਮੈਦਾਨ ਤੋਂ ਬਾਹਰ ਮਾਰੋਗੇ ਜਿਵੇਂ ਕਿ ਮੈਂ ਇੱਥੇ ਕੀਤਾ। ਹਾਰਦਿਕ ਨੇ ਟਵਿੱਟਰ 'ਤੇ ਇਕ ਵੀਡੀਓ ਸ਼ੇਅਰ ਕੀਤੀ ਜਿਸ ਵਿਚ ਉਹ ਇਕ ਘਰੇਲੂ ਮੈਚ ਵਿਚ ਜ਼ਹੀਰ ਦੀ ਗੇਂਦ 'ਤੇ ਛੱਕਾ ਮਾਰ ਰਹੇ ਹਨ। ਇਕ ਯੂਜ਼ਰ ਨੇ ਟਵੀਟ ਕੀਤਾ ਕਿ ਹੰਕਾਰ ਤੁਹਾਨੂੰ ਲੈ ਡੁੱਬੇਗਾ ਮੇਰੇ ਭਰਾ ਪਾਂਡਿਆ...ਨਿਮਰਤਾ ਰੱਖੋ ਮੂਰਖ਼ ਨਾ ਬਣੋ। ਇਕ ਹੋਰ ਯੂਜ਼ਰ ਨੇ ਲਿਖਿਆ ਕਿ ਉਮੀਦ ਹੈ ਕਿ ਹਾਰਦਿਕ ਤੁਸੀਂ ਟਾਕ ਸ਼ੋਅ ਤੋਂ ਬਾਹਰ ਵੀ ਬਿਹਤਰੀਨ ਪ੍ਰਦਰਸ਼ਨ ਕਰੋਗੇ ਤੇ ਭਾਰਤ ਲਈ ਵਿਸ਼ਵ ਕੱਪ ਜਿੱਤਣ ਵਿਚ ਕਾਮਯਾਬ ਹੋ ਸਕੋਗੇ ਜਿਵੇਂ ਕਿ ਜ਼ਹੀਰ ਨੇ ਕੀਤਾ। ਪਾਂਡਿਆ ਨੇ ਪਿਛਲੇ ਦਿਨੀਂ ਲੰਡਨ ਵਿਚ ਆਪਣੀ ਪਿੱਠ ਦੀ ਸਰਜਰੀ ਕਰਵਾਈ ਹੈ।