ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟਰ ਹਰਭਜਨ ਸਿੰਘ ਤੇ ਪਾਕਿਸਤਾਨੀ ਅਦਾਕਾਰਾ ਵੀਨਾ ਮਲਿਕ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਯੂਐੱਨਜੀਏ ਵਿਚ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਆਪਸ ਵਿਚ ਭਿੜ ਗਏ। ਇਮਰਾਨ ਨੇ ਯੂਐੱਨਜੀਏ ਵਿਚ ਜੋ ਭਾਸ਼ਣ ਦਿੱਤਾ ਸੀ ਉਸ ਦੀ ਹਰਭਜਨ ਨੇ ਟਵਿੱਟਰ 'ਤੇ ਨਿੰਦਾ ਕੀਤੀ ਸੀ। ਹਰਭਜਨ ਨੇ ਟਵੀਟ ਕੀਤਾ ਕਿ ਯੂਐੱਨਜੀਏ ਦੇ ਭਾਸ਼ਣ ਵਿਚ ਭਾਰਤ ਖ਼ਿਲਾਫ਼ ਪਰਮਾਣੂ ਜੰਗ ਦੇ ਸੰਕੇਤ ਦਿੱਤੇ ਗਏ ਹਨ। ਇਕ ਮੁੱਖ ਬੁਲਾਰਾ ਹੋਣ ਵਜੋਂ ਇਮਰਾਨ ਖ਼ਾਨ ਵੱਲੋਂ ਖ਼ੂਨੀ ਸੰਘਰਸ਼, ਅੰਤ ਲਈ ਲੜਾਈ ਵਰਗੇ ਸ਼ਬਦਾਂ ਦਾ ਇਸਤੇਮਾਲ ਦੋ ਦੇਸ਼ਾਂ ਵਿਚਾਲੇ ਸਿਰਫ਼ ਨਫ਼ਰਤ ਨੂੰ ਵਧਾਏਗਾ। ਇਕ ਖਿਡਾਰੀ ਹੋਣ ਵਜੋਂ ਮੈਨੂੰ ਉਨ੍ਹਾਂ ਤੋਂ ਸ਼ਾਂਤੀ ਨੂੰ ਉਤਸ਼ਾਹ ਦੇਣ ਦੀ ਉਮੀਦ ਸੀ। ਇਸ 'ਤੇ ਵੀਨਾ ਨੇ ਜਵਾਬ ਦਿੰਦੇ ਹੋਏ ਲਿਖਿਆ ਕਿ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਆਪਣੇ ਭਾਸ਼ਣ ਵਿਚ ਸ਼ਾਂਤੀ ਦੀ ਗੱਲ ਕਹੀ ਸੀ। ਉਨ੍ਹਾਂ ਨੇ ਉਸ ਡਰ ਤੇ ਹਕੀਕਤ ਦੀ ਗੱਲ ਕੀਤੀ ਸੀ ਜੋ ਕਰਫਿਊ ਹਟਣ ਤੋਂ ਬਾਅਦ ਯਕੀਨੀ ਤੌਰ 'ਤੇ ਆਵੇਗਾ ਤੇ ਬਦਕਿਸਮਤੀ ਨਾਲ ਇਹ ਖ਼ੂਨੀ ਸੰਘਰਸ਼ ਹੋਵੇਗਾ। ਉਨ੍ਹਾਂ ਨੇ ਸਾਫ਼ ਕਿਹਾ ਸੀ ਕਿ ਇਹ ਡਰ ਦੀ ਗੱਲ ਹੈ ਨਾ ਕਿ ਧਮਕੀ ਦੀ। ਕੀ ਤੁਸੀਂ ਅੰਗਰੇਜ਼ੀ ਨਹੀਂ ਸਮਝਦੇ। ਇੰਗਲਿਸ਼ ਵਿਚ ਕੀਤੇ ਗਏ ਇਸ ਟਵੀਟ ਵਿਚ ਵੀਨਾ ਨੇ ਸ਼ਿਓਰਲੀ ਸ਼ਬਦ ਦਾ ਇਸਤੇਮਾਲ ਕੀਤਾ ਸੀ ਜਿਸ ਵਿਚ ਈ ਨਹੀਂ ਲਾ ਸਕੀ ਸੀ ਜਿਸ ਨਾਲ ਉਨ੍ਹਾਂ ਦੇ ਸਪੈਲਿੰਗ ਗ਼ਲਤ ਹੋ ਗਏ ਸਨ। ਇਸ 'ਤੇ ਹਰਭਜਨ ਨੇ ਵੀਨਾ ਨੂੰ ਜਵਾਬ ਦਿੱਤਾ ਕਿ ਤੁਹਾਡੀ ਸ਼ਿਓਰਿਲੀ (ਗ਼ਲਤ ਸਪੈਲਿੰਗ ਜੋ ਵੀਨਾ ਨੇ ਲਿਖੀ ਸੀ) ਦਾ ਕੀ ਮਤਲਬ ਹੈ? ਓਹ ਇਹ ਸ਼ਿਓਰਲੀ (ਸਹੀ ਸਪੈਲਿੰਗ) ਹੋਵੇਗਾ। ਅਗਲੀ ਵਾਰ ਅੰਗਰੇਜ਼ੀ ਵਿਚ ਕੁਝ ਪਾਓ ਤਾਂ ਪੜ੍ਹ ਜ਼ਰੂਰ ਲੈਣਾ।