ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੇ ਸੀਨੀਅਰ ਆਫ ਸਪਿੰਨਰ ਹਰਭਜਨ ਸਿੰਘ ਦਾ ਮੰਨਣਾ ਹੈ ਕਿ ਈਡਨ ਗਾਰਡਨ ਵਿਚ ਦੁੱਧ ਚਿੱਟੀ ਰੋਸ਼ਨੀ ਵਿਚ ਗ਼ੁਲਾਬੀ ਗੇਂਦ ਨਾਲ ਉਂਗਲੀ ਦੇ ਸਪਿੰਨਰਾਂ ਦੇ ਮੁਕਾਬਲੇ ਗੁੱਟ ਦੇ ਸਪਿੰਨਰਾਂ ਦੀ ਗੇਂਦ ਨੂੰ ਸਮਝਣਾ ਜ਼ਿਆਦਾ ਮੁਸ਼ਕਲ ਹੋਵੇਗਾ। ਹਰਭਜਨ ਨੇ ਕਿਹਾ ਕਿ ਜੇ ਤੁਸੀਂ ਦੇਖੋਗੇ ਤਾਂ ਗੁੱਟ ਦੇ ਸਪਿੰਨਰ ਫ਼ਾਇਦੇ ਦੀ ਸਥਿਤੀ ਵਿਚ ਹਨ ਕਿਉਂਕਿ ਗ਼ੁਲਾਬੀ ਗੇਂਦ ਵਿਚ ਸੀਮ ਨੂੰ ਦੇਖਣਾ (ਕਾਲੇ ਧਾਗੇ ਕਾਰਨ) ਕਾਫੀ ਮੁਸ਼ਕਲ ਹੁੰਦਾ ਹੈ। ਭਾਰਤ ਕੋਲ ਕੁਲਦੀਪ ਯਾਦਵ ਦੇ ਰੂਪ ਵਿਚ ਗੁੱਟ ਦਾ ਸਪਿੰਨਰ ਹੈ ਪਰ ਹਰਭਜਨ ਚੋਣ ਮਾਮਲਿਆਂ 'ਤੇ ਗੱਲ ਨਹੀਂ ਕਰਨਾ ਚਾਹੁੰਦੇ। ਹਰਭਜਨ ਨੇ ਕਿਹਾ ਕਿ ਇਹ ਟੀਮ ਮੈਨੇਜਮੈਂਟ ਦਾ ਫ਼ੈਸਲਾ ਹੋਵੇਗਾ ਤੇ ਮੈਂ ਟਿੱਪਣੀ ਨਹੀਂ ਕਰ ਸਕਦਾ ਪਰ ਇਸ ਤੋਂ ਪਹਿਲਾਂ ਬੰਗਲਾਦੇਸ਼ ਨੂੰ ਤੇਜ਼ ਗੇਂਦਬਾਜ਼ੀ ਲਈ ਢੁਕਵੀਂ ਪਿੱਚ 'ਤੇ ਭਾਰਤੀ ਤੇਜ਼ ਗੇਂਦਬਾਜ਼ਾਂ ਦਾ ਸਾਹਮਣਾ ਕਰਨਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਸਾਰਿਆਂ ਨੂੰ ਪਤਾ ਹੈ ਕਿ ਕੋਲਕਾਤਾ ਵਿਚ ਸ਼ਾਮ ਵੇਲੇ ਤੇਜ਼ ਗੇਂਦਬਾਜ਼ ਸਭ ਤੋਂ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਹਨ ਪਰ ਜੇ ਅਸੀਂ ਭਵਿੱਖ ਵਿਚ ਜ਼ਿਆਦਾ ਡੇ-ਨਾਈਟ ਦੇ ਮੈਚ ਖੇਡਣੇ ਹਨ ਤਾਂ ਸਪਿੰਨਰਾਂ ਨੂੰ ਲੈ ਕੇ ਜ਼ਿਆਦਾ ਜਾਣਕਾਰੀ ਹਾਸਲ ਕਰਨ ਦੀ ਲੋੜ ਹੈ।