ਨਵੀਂ ਦਿੱਲੀ (ਜੇਐੱਨਐੱਨ) : ਕ੍ਰਿਕਟ ਤੋਂ ਸਿਆਸਤਦਾਨ ਬਣੇ ਗੌਤਮ ਗੰਭੀਰ ਨੇ ਬੰਗਲਾਦੇਸ਼ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਲਈ ਸੰਜੂ ਸੈਮਸਨ ਨੂੰ ਭਾਰਤੀ ਟੀਮ ਵਿਚ ਸ਼ਾਮਲ ਕੀਤੇ ਜਾਣ 'ਤੇ ਖ਼ੁਸ਼ੀ ਜ਼ਾਹਰ ਕਰਦੇ ਹੋਏ ਕਿਹਾ ਕਿ ਇਸ ਦੀ ਲੰਬੇ ਸਮੇਂ ਤੋਂ ਉਡੀਕ ਸੀ। ਗੰਭੀਰ ਲੰਬੇ ਸਮੇਂ ਤੋਂ ਕੇਰਲ ਦੇ ਇਸ ਕ੍ਰਿਕਟਰ ਨੂੰ ਟੀਮ ਵਿਚ ਸ਼ਾਮਲ ਕੀਤੇ ਜਾਣ ਦੀ ਹਮਾਇਤ ਕਰ ਰਹੇ ਸਨ। ਬੰਗਲਾਦੇਸ਼ ਖ਼ਿਲਾਫ਼ ਲੜੀ ਤਿੰਨ ਨਵੰਬਰ ਤੋਂ ਖੇਡੀ ਜਾਵੇਗੀ। ਗੰਭੀਰ ਨੇ ਟਵੀਟ ਕੀਤਾ ਕਿ ਸੰਜੂ ਸੈਮਸਨ ਨੂੰ ਟੀ-20 ਟੀਮ ਵਿਚ ਸ਼ਾਮਲ ਕੀਤੇ ਜਾਣ ਦੀ ਵਧਾਈ। ਇਸ ਮੌਕੇ ਦਾ ਪੂਰਾ ਫ਼ਾਇਦਾ ਉਠਾਉਣਾ ਸੰਜੂ। ਇਸ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਸੀ। ਸੈਮਸਨ ਨੇ ਭਾਰਤ ਲਈ ਇੱਕੋ ਇਕ ਟੀ-20 ਮੈਚ ਜੁਲਾਈ 2015 ਵਿਚ ਖੇਡਿਆ ਸੀ ਜਦ ਦੂਜੇ ਦਰਜੇ ਦੀ ਟੀਮ ਨੇ ਜ਼ਿੰਬਾਬਵੇ ਦਾ ਦੌਰਾ ਕੀਤਾ ਸੀ। ਉਹ ਉਸ ਸਮੇਂ 19 ਸਾਲ ਦੇ ਸਨ। ਉਸ ਤੋਂ ਬਾਅਦ ਤੋਂ ਉਨ੍ਹਾਂ ਨੂੰ ਅਨੁਸ਼ਾਸਨੀ ਕਾਰਨਾਂ ਕਰਕੇ ਕੇਰਲ ਟੀਮ 'ਚੋਂ ਵੀ ਕੱਢ ਦਿੱਤਾ ਗਿਆ। ਸੰਜੂ ਨੇ ਆਪਣੀ ਫਿਟਨੈੱਸ 'ਤੇ ਕਾਫੀ ਮਿਹਨਤ ਕੀਤੀ ਤੇ ਵਿਜੇ ਹਜ਼ਾਰੇ ਟਰਾਫੀ ਵਿਚ ਅਜੇਤੂ 212 ਦੌੜਾਂ ਬਣਾਈਆਂ ਸਨ।