ਗਰੁੱਪ-ਏ

ਬੰਗਲਾਦੇਸ਼, ਕੈਨੇਡਾ, ਇੰਗਲੈਂਡ, ਯੂਏਈ

ਗਰੁੱਬ-ਬੀ

ਭਾਰਤ, ਆਇਰਲੈਂਡ, ਦੱਖਣੀ ਅਫਰੀਕਾ, ਯੁਗਾਂਡਾ

ਗਰੁੱਪ-ਸੀ

ਅਫ਼ਗਾਨਿਸਤਾਨ, ਪਾਕਿਸਤਾਨ, ਪਾਪੂਆ ਨਿਊ ਗਿਨੀ, ਜ਼ਿੰਬਾਬਵੇ

ਗਰੁੱਪ-ਡੀ

ਆਸਟ੍ਰੇਲੀਆ, ਸਕਾਟਲੈਂਡ, ਸ੍ਰੀਲੰਕਾ, ਵੈਸਟਇੰਡੀਜ਼

-ਅੱਜ ਤੋਂ ਵੈਸਟਇੰਡੀਜ਼ 'ਚ ਸ਼ੁਰੂ ਹੋਵੇਗਾ ਅੰਡਰ-19 ਵਿਸ਼ਵ ਕੱਪ

ਜਾਰਜਟਾਊਨ (ਪੀਟੀਆਈ) : ਵੈਸਟਇੰਡੀਜ਼ ਵਿਚ ਸ਼ੁੱਕਰਵਾਰ ਤੋਂ ਸ਼ੁਰੂ ਹੋ ਰਹੇ ਅੰਡਰ-19 ਵਿਸ਼ਵ ਕੱਪ ਵਿਚ ਭਵਿੱਖ ਦੇ ਸਟਾਰ ਖਿਡਾਰੀਆਂ ਨੂੰ ਆਪਣੀ ਚਮਕ ਦਿਖਾਉਣ ਦਾ ਮੌਕਾ ਮਿਲੇਗਾ ਜਦਕਿ ਚਾਰ ਵਾਰ ਦੀ ਚੈਂਪੀਅਨ ਭਾਰਤੀ ਟੀਮ ਇਕ ਵਾਰ ਮੁੜ ਖ਼ਿਤਾਬ ਦੀ ਮੁੱਖ ਦਾਅਵੇਦਾਰ ਹੋਵੇਗੀ। ਕੋਰੋਨਾ ਮਹਾਮਾਰੀ ਵਿਚਾਲੇ ਪਹਿਲੀ ਵਾਰ ਕੈਰੇਬਿਆਈ ਧਰਤੀ 'ਤੇ ਹੋ ਰਹੇ ਟੂਰਨਾਮੈਂਟ ਵਿਚ 16 ਟੀਮਾਂ ਨੂੰ ਚਾਰ ਸਮੂਹਾਂ ਵਿਚ ਵੰਡਿਆ ਗਿਆ ਹੈ। ਭਾਰਤ ਨੂੰ ਗਰੁੱਪ-ਬੀ ਵਿਚ ਰੱਖਿਆ ਗਿਆ ਹੈ ਜਦਿਕ ਆਸਟ੍ਰੇਲੀਆ ਗਰੁੱਪ-ਡੀ ਵਿਚ ਹੈ। ਦੋ ਸਾਲ ਪਹਿਲਾਂ ਭਾਰਤ ਨੂੰ ਹਰਾ ਕੇ ਪਹਿਲੀ ਵਾਰ ਅੰਡਰ 19 ਖ਼ਿਤਾਬ ਜਿੱਤਣ ਵਾਲੀ ਬੰਗਲਾਦੇਸ਼ੀ ਟੀਮ ਗਰੁੱਪ-ਏ ਤੇ ਦੋ ਵਾਰ ਦੀ ਜੇਤੂ ਪਾਕਿਸਤਾਨ ਤੇ ਅਫ਼ਗਾਨਿਸਤਾਨ ਗਰੁੱਪ-ਸੀ ਵਿਚ ਹਨ। ਵੀਜ਼ਾ ਸਬੰਧੀ ਮਸਲਿਆਂ ਕਾਰਨ ਅਫ਼ਗਾਨਿਸਤਾਨ ਟੀਮ ਦੇਰ ਨਾਲ ਇੱਥੇ ਪੁੱਜੀ ਹੈ ਤੇ ਅਭਿਆਸ ਮੈਚ ਖੇਡਣ ਤੋਂ ਵਾਂਝੀ ਰਹਿ ਗਈ ਹੈ। ਹਰ ਗਰੁੱਪ ਵਿਚ ਸਿਖਰਲੀਆਂ ਦੋ ਟੀਮਾਂ ਕੁਆਰਟਰ ਫਾਈਨਲ ਵਿਚ ਪੁੱਜਣਗੀਆਂ। ਟੂਰਨਾਮੈਂਟ ਦੇ ਬਾਇਓ ਬਬਲ ਦਾ ਉਲੰਘਣ ਅਜੇ ਤਕ ਨਹੀਂ ਹੋਇਆ ਹੈ ਪਰ ਪਾਕਿਸਤਾਨ ਤੇ ਜ਼ਿੰਬਾਬਵੇ ਦੀਆਂ ਟੀਮਾਂ ਵਿਚ ਕੋਰੋਨਾ ਮਾਮਲੇ ਆਏ ਹਨ। ਨਿਊਜ਼ੀਲੈਂਡ ਨੇ ਆਪਣੇ ਕੁਆਰੰਟਾਈਨ ਨਿਯਮਾਂ ਕਾਰਨ ਟੂਰਨਾਮੈਂਟ ਤੋਂ ਨਾਂ ਵਾਪਸ ਲੈ ਲਿਆ ਜਿਸ ਦੀ ਥਾਂ ਸਕਾਟਲੈਂਡ ਦੀ ਟੀਮ ਖੇਡ ਰਹੀ ਹੈ। ਮੇਜ਼ਬਾਨ ਵੈਸਟਇੰਡੀਜ਼ ਦਾ ਸਾਹਮਣਾ ਪਹਿਲੇ ਦਿਨ ਆਸਟ੍ਰੇਲੀਆ ਨਾਲ ਹੋਵੇਗਾ ਜਦਕਿ ਸਕਾਟਲੈਂਡ ਦੀ ਟੱਕਰ ਸ੍ਰੀਲੰਕਾ ਨਾਲ ਹੋਵੇਗੀ। ਭਾਰਤ ਨੇ ਪਹਿਲਾ ਮੈਚ ਸ਼ਨਿਚਰਵਾਰ ਨੂੰ ਦੱਖਣੀ ਅਫਰੀਕਾ ਖ਼ਿਲਾਫ਼ ਗੁਆਨਾ ਵਿਚ ਖੇਡਣਾ ਹੈ।

ਖ਼ਿਤਾਬ ਦੇ ਦਾਅਵੇਦਾਰ

ਭਾਰਤ :

ਰਿਕਾਰਡ ਚਾਰ ਵਾਰ ਦੀ ਚੈਂਪੀਅਨ ਭਾਰਤੀ ਟੀਮ ਸਭ ਤੋਂ ਮੁੱਖ ਦਾਅਵੇਦਾਰ ਹੈ। ਹਾਲਾਂਕਿ ਉਸ 'ਚ ਪਿਛਲੀਆਂ ਟੀਮਾਂ ਵਰਗਾ ਆਤਮਵਿਸ਼ਵਾਸ ਨਹੀਂ ਦਿਖ ਰਿਹਾ। ਭਾਰਤੀ ਟੀਮ ਏਸ਼ੀਆ ਕੱਪ ਜਿੱਤ ਕੇ ਦੁਬਈ ਤੋਂ ਸਿੱਧਾ ਇੱਥੇ ਆਈ ਹੈ। ਪੰਜ ਦਿਨ ਦੇ ਸਖ਼ਤ ਕੁਆਰੰਟਾਈਨ ਤੋਂ ਬਾਅਦ ਯਸ਼ ਦੀ ਅਗਵਾਈ ਵਾਲੀ ਟੀਮ ਨੇ ਅਭਿਆਸ ਮੈਚ ਵਿਚ ਆਸਟ੍ਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾਇਆ। ਸਲਾਮੀ ਬੱਲੇਬਾਜ਼ ਹਰਨੂਰ ਸਿੰਘ, ਦਿੱਲੀ ਦੇ ਬੱਲੇਬਾਜ਼ ਯਸ਼, ਅਰਾਧਿਆ ਯਾਦਵ ਤੇ ਤੇਜ਼ ਗੇਂਦਬਾਜ਼ ਰਾਜਵਰਧਨ ਹੰਗਰਗੇਕਰ, ਵਾਸੂ ਵਤਸ ਤੋਂ ਕਾਫੀ ਉਮੀਦਾਂ ਹੋਣਗੀਆਂ। ਭਾਰਤ ਕੋਲ ਯੋਗਤਾ ਦੀ ਕਮੀ ਨਹੀਂ ਹੈ ਤੇ ਇਹੀ ਕਾਰਨ ਹੈ ਕਿ ਇਕ ਖਿਡਾਰੀ ਨੂੰ ਇਕ ਹੀ ਵਾਰ ਅੰਡਰ-19 ਵਿਸ਼ਵ ਕੱਪ ਖੇਡਣ ਦਾ ਮੌਕਾ ਮਿਲਦਾ ਹੈ।

ਆਸਟ੍ਰੇਲੀਆ :

ਤਿੰਨ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦੂਜੀ ਮੁੱਖ ਦਾਅਵੇਦਾਰ ਹੈ। ਉਹ ਅੱਠ ਵਾਰ ਘੱਟ ਤੋਂ ਘੱਟ ਸੈਮੀਫਾਈਨਲ ਤਕ ਜ਼ਰੂਰ ਪੁੱਜੀ ਹੈ। ਆਖ਼ਰੀ ਵਾਰ 2010 ਵਿਚ ਉਸ ਨੇ ਖ਼ਿਤਾਬ ਜਿੱਤਿਆ ਸੀ ਜਦ ਟੀਮ ਵਿਚ ਮਿਸ਼ੇਲ ਮਾਰਸ਼, ਐਡਮ ਜ਼ਾਂਪਾ ਤੇ ਜੋਸ਼ ਹੇਜ਼ਲਵੁਡ ਸਨ। ਇਸ ਵਾਰ ਹਰਫ਼ਨਮੌਲਾ ਕੂਪਰ ਕੋਨੋਲੀ ਟੀਮ ਦੇ ਕਪਤਾਨ ਹਨ ਤੇ 2020 ਵਿਚ ਉਨ੍ਹਾਂ ਨੇ ਵੈਸਟਇੰਡੀਜ਼ ਖ਼ਿਲਾਫ਼ ਇਕ ਪਲੇਆਫ ਮੈਚ ਵਿਚ 53 ਗੇਂਦਾਂ ਵਿਚ 64 ਦੌੜਾਂ ਬਣਾਈਆਂ ਸਨ।

ਬੰਗਲਾਦੇਸ਼ :

ਬੰਗਲਾਦੇਸ਼ ਨੇ 2020 ਵਿਚ ਖ਼ਿਤਾਬ ਜਿੱਤ ਕੇ ਇਤਿਹਾਸ ਰਚਿਆ ਤੇ ਉਹ ਉਸ ਨੂੰ ਦੁਹਰਾਉਣਾ ਚਾਹੁਣਗੇ। ਕਪਤਾਨ ਰਕੀਬੁਲ ਹਸਨ ਦੱਖਣੀ ਅਫਰੀਕਾ ਵਿਚ ਖ਼ਿਤਾਬ ਜਿੱਤਣ ਵਾਲੀ ਉਸ ਟੀਮ ਦੇ ਮੈਂਬਰ ਸਨ। ਪਿਛਲੇ ਮਹੀਨੇ ਏਸ਼ੀਆ ਕੱਪ ਸੈਮੀਫਾਈਨਲ ਵਿਚ ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ ਸੀ।

ਪਾਕਿਸਤਾਨ :

ਪੰਜ ਵਾਰ ਫਾਈਨਲ ਵਿਚ ਪੁੱਜੀ ਪਾਕਿਸਤਾਨ ਨੇ 2004 ਤੇ 2006 ਵਿਚ ਖ਼ਿਤਾਬ ਜਿੱਤੇ ਸਨ ਜਦ ਸਰਫ਼ਰਾਜ਼ ਅਹਿਮਦ, ਵਹਾਬ ਰਿਆਜ਼ ਤੇ ਇਮਾਦ ਵਸੀਮ ਟੀਮ ਦਾ ਹਿੱਸਾ ਸਨ। ਸ਼ਾਹੀਨ ਸ਼ਾਹ ਅਫ਼ਰੀਦੀ 2018 ਅੰਡਰ-19 ਵਿਸ਼ਵ ਕੱਪ ਨਾਲ ਹੀ ਚਮਕੇ ਸਨ। ਕਾਸਿਮ ਅਕਰਮ ਦੀ ਕਪਤਾਨੀ ਵਾਲੀ ਟੀਮ ਦੇ ਕੋਚ ਸਾਬਕਾ ਬੱਲੇਬਾਜ਼ ਏਜਾਜ਼ ਅਹਿਮਦ ਹਨ।

ਇੰਗਲੈਂਡ :

ਇੰਗਲੈਂਡ ਨੇ 24 ਸਾਲ ਪਹਿਲਾਂ ਇੱਕੋ ਇਕ ਅੰਡਰ-19 ਖ਼ਿਤਾਬ ਜਿੱਤਿਆ ਸੀ ਪਰ 2014 ਵਿਚ ਤੀਜੇ ਸਥਾਨ 'ਤੇ ਰਹੀ। ਇੰਗਲਿਸ਼ ਟੀਮ ਪਿਛਲੀ ਵਾਰ ਪਹਿਲੇ ਗੇੜ ਤੋਂ ਹੀ ਅੱਗੇ ਨਹੀਂ ਵਧ ਸਕੀ ਸੀ। ਇਸ ਸਾਲ ਕਪਤਾਨ ਟਾਮ ਪ੍ਰਰੇਸਟ ਨੂੰ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ। ਟੀਮ ਦੇ ਕੋਚ ਰਿਚਰਡ ਡਾਸਨ ਹਨ ਤੇ ਲਗਭਗ ਪੂਰੀ ਨਵੀਂ ਟੀਮ ਉਤਾਰੀ ਗਈ ਹੈ।