ਨਵੀਂ ਦਿੱਲੀ (ਜੇਐੱਨਐੱਨ) : ਪਾਕਿਸਤਾਨ ਦੇ ਵਿਗਿਆਨ ਤੇ ਤਕਨੀਕੀ ਮੰਤਰੀ ਫ਼ਵਾਦ ਹੁਸੈਨ ਨੇ ਦੋਸ਼ ਲਾਇਆ ਹੈ ਕਿ ਭਾਰਤ ਦੀ ਧਮਕੀ ਕਾਰਨ 10 ਮੁੱਖ ਸ੍ਰੀਲੰਕਾਈ ਕ੍ਰਿਕਟਰਾਂ ਨੇ ਪਾਕਿਸਤਾਨ ਦੇ ਦੌਰੇ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ। ਫ਼ਵਾਦ ਨੇ ਟਵੀਟ ਕੀਤਾ ਕਿ ਭਾਰਤ ਨੇ ਮੁੱਖ ਸ੍ਰੀਲੰਕਾਈ ਕ੍ਰਿਕਟਰਾਂ ਨੂੰ ਧਮਕਾਇਆ ਕਿ ਜੇ ਉਨ੍ਹਾਂ ਨੇ ਪਾਕਿਸਤਾਨ ਦਾ ਦੌਰਾ ਕੀਤਾ ਤਾਂ ਉਨ੍ਹਾਂ ਨੂੰ ਆਈਪੀਐੱਲ 'ਚੋਂ ਬਾਹਰ ਕਰ ਦਿੱਤਾ ਜਾਵੇਗਾ। ਇਹ ਜਾਣਕਾਰੀ ਮੈਨੂੰ ਕ੍ਰਿਕਟ ਕੁਮੈਂਟੇਟਰਾਂ ਤੋਂ ਮਿਲੀ ਹੈ ਤੇ ਭਾਰਤ ਦੇ ਖੇਡ ਅਧਿਕਾਰੀਆਂ ਦੇ ਇਸ ਕਦਮ ਦੀ ਨਿੰਦਾ ਕੀਤੀ ਜਾਣੀ ਚਾਹੀਦੀ ਹੈ। ਹਾਲਾਂਕਿ ਭਾਰਤੀ ਕ੍ਰਿਕਟਰ ਕੰਟਰੋਲ ਬੋਰਡ ਦੇ ਇਕ ਅਧਿਕਾਰ ਨੇ ਫ਼ਵਾਦ ਦੇ ਬਿਆਨ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਜੋ ਕਿਹਾ ਹੈ ਉਹ ਝੂਠ ਤੋਂ ਇਲਾਵਾ ਕੁਝ ਵੀ ਨਹੀਂ ਹੈ। ਕ੍ਰਿਕਟ ਸ੍ਰੀਲੰਕਾ ਦੇ ਨੁਮਾਇੰਦਗੀ ਮੰਡਲ ਨੇ ਕਰਾਚੀ ਤੇ ਲਾਹੌਰ ਦਾ ਦੌਰਾ ਕਰ ਕੇ ਸੁਰੱਖਿਆ ਵਿਵਸਥਾ ਦਾ ਜਾਇਜ਼ਾ ਲਿਆ ਸੀ ਤੇ ਇਸ ਦੌਰੇ ਨੂੰ ਹਰੀ ਝੰਡੀ ਦਿਖਾਈ ਸੀ। ਪਾਕਿਸਤਾਨ ਬੋਰਡ ਚਾਹੁੰਦਾ ਹੈ ਕਿ ਸ੍ਰੀਲੰਕਾਈ ਟੀਮ ਦੋ ਟੈਸਟ ਮੈਚ ਖੇਡੇ ਪਰ ਤਿੰਨ ਵਨ ਡੇ ਤੇ ਤਿੰਨ ਟੀ-20 ਮੈਚ ਖੇਡਣ 'ਤੇ ਸਹਿਮਤੀ ਪਾਈ ਗਈ ਸੀ।

ਭੰਬਲਭੂਸੇ ਦੀ ਸਥਿਤੀ 'ਚ ਹੈ ਸ੍ਰੀਲੰਕਾ ਕ੍ਰਿਕਟ ਬੋਰਡ

ਮੁੱਖ ਖਿਡਾਰੀਆਂ ਵੱਲੋਂ ਇਨਕਾਰ ਕਰਨ ਨਾਲ ਸ੍ਰੀਲੰਕਾ ਕ੍ਰਿਕਟ ਬੋਰਡ ਭੰਬਲਭੂਸੇ ਵਿਚ ਹੈ ਪਰ ਪਾਕਿਸਤਾਨ ਕ੍ਰਿਕਟ ਬੋਰਡ (ਪੀਸੀਬੀ) ਨੇ ਕਿਹਾ ਹੈ ਕਿ ਚਾਹੇ ਮੁੱਖ ਸ੍ਰੀਲੰਕਾਈ ਖਿਡਾਰੀ ਇਸ ਦੌਰੇ 'ਤੇ ਨਹੀਂ ਆਉਣਗੇ ਪਰ ਇਹ ਦੌਰਾ ਪਹਿਲਾਂ ਤੈਅ ਪ੍ਰਰੋਗਰਾਮ ਮੁਤਾਬਕ ਹੀ ਹੋਵੇਗਾ।