ਅਭਿਸ਼ੇਕ ਤਿ੍ਪਾਠੀ, ਬਰਮਿੰਘਮ : ਭਲੇ ਹੀ ਇੰਗਲੈਂਡ ਦੀ ਟੀਮ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਖਿਤਾਬ ਦੀ ਸਭ ਤੋਂ ਜ਼ੋਰਦਾਰ ਦਾਅਵੇਦਾਰ ਮੰਨੀ ਜਾ ਰਹੀ ਸੀ ਪਰ ਇਹ ਵੀ ਮੰਨਿਆ ਜਾ ਰਿਹਾ ਸੀ ਕਿ ਉਸ ਲਈ ਦੂਜੇ ਸੈਮੀਫਾਈਨਲ ਵਿਚ ਪੰਜ ਵਾਰ ਦੀ ਚੈਂਪੀਅਨ ਆਸਟ੍ਰੇਲੀਆ ਦੀ ਚੁਣੌਤੀ ਦਾ ਸਾਹਮਣਾ ਕਰਨਾ ਸੌਖਾ ਨਹੀਂ ਹੋਵੇਗਾ। ਇਸ ਦਾ ਖਾਸ ਕਾਰਨ ਸੀ, ਇਕ ਤਾਂ ਆਸਟ੍ਰੇਲੀਆ ਅੰਤਿਮ ਚਾਰ ਵਿਚ ਪੁੱਜਣ ਵਾਲੀ ਪਹਿਲੀ ਟੀਮ ਬਣੀ ਸੀ ਅਤੇ ਲੀਗ ਰਾਊਂਡ ਖ਼ਤਮ ਹੋਣ ਤੋਂ ਬਾਅਦ ਅੰਕ ਸੂਚੀ ਵਿਚ ਦੂਜੇ ਸਥਾਨ 'ਤੇ ਸੀ। ਇੰਗਲੈਂਡ ਨੇ ਬੜੀ ਮੁਸ਼ਕਲ ਨਾਲ ਆਖਰ ਵਿਚ ਸੈਮੀਫਾਈਨਲ ਵਿਚ ਥਾਂ ਪੱਕੀ ਕੀਤੀ ਸੀ। ਨਾਲ ਹੀ ਆਸਟ੍ਰੇਲੀਆ ਨੇ ਨਾ ਸਿਰਫ ਲੀਗ ਮੁਕਾਬਲੇ ਵਿਚ ਇੰਗਲੈਂਡ ਨੂੰ 64 ਦੌੜਾਂ ਨਾਲ ਹਰਾਇਆ ਸੀ, ਬਲਿਕ ਵਿਸ਼ਵ ਕੱਪ ਦੇ ਅਭਿਆਸ ਮੈਚ ਵਿਚ ਵੀ ਕੰਗਾਰੂ ਟੀਮ ਨੇ ਮੇਜ਼ਬਾਨ ਟੀਮ 'ਤੇ 12 ਦੌੜਾਂ ਨਾਲ ਜਿੱਤ ਦਰਜ ਕੀਤੀ ਸੀ। ਇਸ ਦੇ ਬਾਵਜੂਦ ਇੰਗਲੈਂਡ ਨੇ ਵੀਰਵਾਰ ਨੂੰ ਇਥੇ ਦੂਜੇ ਸੈਮੀਫਾਈਨਲ ਵਿਚ ਦੱਸਿਆ ਕਿ ਉਹ ਮਾਨਸਿਕ ਰੂਪ ਨਾਲ ਕਿੰਨੀ ਮਜ਼ਬੂਤ ਹੈ ਅਤੇ ਉਹ ਅਜਿਹੇ ਹੀ ਨੰਬਰ ਵਨ ਟੀਮ ਨਹੀਂ ਬਣੀ ਹੈ, ਬਲਕਿ ਉਸ ਦੇ ਪਿੱਛੇ ਚਾਰ ਸਾਲ ਦੀ ਮਿਹਨਤ ਲੁਕੀ ਹੈ। ਆਸਟ੍ਰੇਲੀਆ ਟੀਮ ਜਾਣਦੀ ਸੀ ਕਿ ਇਸ ਵਿਸ਼ਵ ਕੱਪ ਵਿਚ ਇੰਗਲੈਂਡ ਲਈ ਟੀਚੇ ਦਾ ਪਿੱਛਾ ਕਰਨਾ ਚੰਗਾ ਸਾਬਿਤ ਨਹੀਂ ਹੋਇਆ ਅਤੇ ਇਹੀ ਕਾਰਨ ਸੀ ਕਿ ਉਸ ਦੇ ਕਪਤਾਨ ਅਰੋਨ ਫਿੰਚ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ। ਹਾਲਾਂਕਿ ਇਗਲਿੰਸ਼ ਗੇਂਦਬਾਜ਼ਾਂ ਨੇ ਉਨ੍ਹਾਂ ਦੇ ਫੈਸਲੇ ਨੂੰ ਗਲਤ ਸਾਬਿਤ ਕਰਦੇ ਹੋਏ ਆਸਟ੍ਰੇਲੀਆਈ ਟੀਮ ਨੂੰ 49 ਓਵਰਾਂ ਵਿਚ ਹੀ 223 ਦੌੜਾਂ 'ਤੇ ਢੇਰੀ ਕਰ ਦਿੱਤਾ। ਆਸਟ੍ਰੇਲੀਆ ਇਸ ਸਕੋਰ 'ਤੇ ਸਟੀਵ ਸਮਿਥ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਪੁੱਜਿਆ ਜੋ ਇਕ ਪਾਸੇ ਡਟੇ ਰਹੇ ਅਤੇ 119 ਗੇਂਦਾਂ ਵਿਚ ਛੇ ਚੌਕਿਆਂ ਦੀ ਮਦਦ ਨਾਲ 85 ਦੌੜਾਂ ਦੀ ਪਾਰੀ ਖੇਡੀ। ਇੰਗਲੈਂਡ ਵੱਲੋਂ ਕ੍ਰਿਸ ਬੋਕਸ ਅਤੇ ਆਦਿਲ ਰਾਸ਼ਿਦ ਨੇ ਤਿੰਨ-ਤਿੰਨ ਵਿਕਟਾਂ ਹਾਸਲ ਕੀਤੀਆਂ, ਜਦਕਿ ਜੋਫਰਾ ਆਰਚਰ ਨੂੰ ਦੋ ਕਾਮਯਾਬੀਆਂ ਮਿਲੀਆਂ। ਆਪਣਾ 50ਵਾਂ ਇਕ ਰੋਜ਼ਾ ਮੈਚ ਖੇਡ ਰੇਹ ਮਾਰਕਵੁੱਡ ਨੇ ਜੇਸਨ ਬਹਰਨਡਾਫਰਡ ਦੇ ਰੂਪ ਇਕ ਵਿਕਟ ਝਟਕੀ, ਜੋ ਆਸਟ੍ਰੇਲੀਆਈ ਪਾਰੀ ਦਾ ਆਖਰੀ ਵਿਕਟ ਸਾਬਤ ਹੋਇਆ।

ਫਿੰਚ 'ਤੇ ਵੀ ਭਾਰੀ ਪਿਆ ਉਨ੍ਹਾਂ ਦਾ ਫ਼ੈਸਲਾ

ਫਿੰਚ ਨੇ ਸੋਚਿਆ ਵੀ ਨਹੀਂ ਹੋਵੇਗਾ ਕਿ ਉਨ੍ਹਾਂ ਦੇ ਫ਼ੈਸਲੇ ਨੂੰ ਗਲਤ ਸਾਬਤ ਕਰਨ ਦੀ ਸ਼ੁਰੂਆਤ ਉਨ੍ਹਾਂ ਤੋਂ ਹੋਵੇਗੀ। ਦੂਜੇ ਓਵਰ ਦੀ ਪਹਿਲੀ ਹੀ ਗੇਂਦ 'ਤੇ ਉਹ ਆਰਚਰ ਦੀ ਇਕ ਸ਼ਾਨਦਾਰ ਗੇਂਦ 'ਤੇ ਆਊਟ ਹੋ ਗਏ। ਹਾਲਾਂਕਿ ਫਿੰਚ ਨੇ ਡੀਆਰਐੱਸ ਲਿਆ ਪਰ ਉਹ ਉਨ੍ਹਾਂ ਦੀ ਕੋਈ ਮਦਦ ਨਹੀਂ ਕਰ ਸਕਿਆ। ਫਿੰਚ ਸਿਰਫ਼ ਇਕ ਗੇਂਦ ਦਾ ਸਾਹਮਣਾ ਕਰ ਸਕੇ ਅਤੇ ਖਾਤਾ ਖੋਲ੍ਹੇ ਬਿਨਾਂ ਵਾਪਸ ਚਲੇ ਗਏ।

ਵਾਰਨਰ ਵੀ ਛੇਤੀ ਹੋਏ ਆਊਟ

ਫਿੰਚ ਦੇ ਆਊਟ ਹੋਣ ਤੋਂ ਬਾਅਦ ਸਮਿੱਥ ਬੱਲੇਬਾਜ਼ੀ ਕਰਨ ਉਤਰੇ ਪਰ ਸਾਰਿਆਂ ਦੀਆਂ ਨਜ਼ਰਾਂ ਡੇਵਿਡ ਵਾਰਨਰ 'ਤੇ ਟਿਕੀਆਂ ਸਨ ਜੋ ਰੋਹਿਤ ਸ਼ਰਮਾ ਦੇ ਨਾਲ ਲੀਗ ਦੌਰ ਖ਼ਤਮ ਹੋਣ ਤੋਂ ਬਾਅਦ ਇਸ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਦੋ ਬੱਲੇਬਾਜ਼ਾਂ ਵਿਚ ਸ਼ਾਮਿਲ ਸਨ। ਉਮੀਦ ਕੀਤੀ ਜਾ ਰਹੀ ਸੀ ਕਿ ਇਹ ਦੋਵੇਂ ਹੀ ਸਚਿਨ ਤੇਂਦੁਲਕਰ ਦੇ ਇਕ ਵਿਸ਼ਵ ਕੱਪ ਵਿਚ ਸਭ ਤੋਂ ਜ਼ਿਆਦਾ 673 ਦੌੜਾਂ ਬਣਾਉਣ ਦਾ ਰਿਕਾਰਡ ਤੋੜ ਦੇਣਗੇ ਪਰ ਵਾਰਨਰ ਨੌਂ ਦੌੜਾਂ ਬਣਾ ਕੇ ਆਊਟ ਹੋ ਗਏ। ਬੋਕਸ ਨੇ ਉਨ੍ਹਾਂ ਨੂੰ ਆਪਣਾ ਸ਼ਿਕਾਰ ਬਣਾਇਆ। ਇਸ ਤਰ੍ਹਾਂ ਵਾਰਨਰ ਵਿਸ਼ਵ ਕੱਪ ਵਿਚ 647 ਦੌੜਾਂ ਹੀ ਬਣਾ ਸਕੇ। ਇਸ ਤੋਂ ਤੁਰੰਤ ਬਾਅਦ ਬੋਕਸ ਨੇ ਪੀਟਰ ਹੈਂਡਸਕੋਂਬ ਨੂੰ ਵੀ ਬੋਲਡ ਕਰ ਦਿੱਤਾ। ਜ਼ਖ਼ਮੀ ਉਸਮਾਨ ਖਵਾਜ਼ਾ ਦੀ ਥਾਂ ਟੀਮ ਵਿਚ ਸ਼ਾਮਿਲ ਕੀਤੇ ਗਏ ਹੈਂਡਸਕੋਂਬ ਸਿਰਫ਼ ਚਾਰ ਦੌੜਾਂ ਹੀ ਬਣਾ ਸਕੇ। ਸੱਤ ਓਵਰਾਂ ਵਿਚ ਸਿਰਫ਼ 14 ਦੌੜਾਂ 'ਤੇ ਆਸਟ੍ਰੇਲੀਆ ਨੇ ਤਿੰਨ ਅਹਿਮ ਵਿਕਟਾਂ ਗੁਆ ਦਿੱਤੀਆਂ ਸਨ। ਇਸ ਤੋਂ ਬਾਅਦ ਸਮਿੱਥ ਅਤੇ ਐਲੇਕਸ ਕੈਰੀ ਨੇ ਮਿਲ ਕੇ ਆਸਟ੍ਰੇਲੀਆ ਟੀਮ ਦੀ ਪਾਰੀ ਨੂੰ ਸੰਵਾਰਿਆ। ਆਸਟ੍ਰੇਲੀਆ ਦੇ 50 ਰਨ 16ਵੇਂ ਓਵਰ ਵਿਚ ਅਤੇ 100 ਰਨ 25ਵੇਂ ਓਵਰ ਵਿਚ ਪੂਰੇ ਹੋਏ। 27ਵੇਂ ਓਵਰ ਵਿਚ ਇਨ੍ਹਾਂ ਦੋਵਾਂ ਵਿਚਕਾਰ 100 ਦੌੜਾਂ ਦੀ ਸਾਂਝੇਦਾਰੀ ਪੂਰੀ ਹੋਈ ਪਰ ਇਸ ਤੋਂ ਬਾਅਦ ਇਹ ਸਾਂਝੇਦਾਰੀ ਜ਼ਿਆਦਾ ਅੱਗੇ ਨਹੀਂ ਵਧ ਸਕੀ ਅਤੇ ਅਗਲੇ ਓਵਰ ਵਿਚ ਆਦਿਲ ਰਾਸ਼ਿਦ ਨੇ ਕੈਰੀ ਨੂੰ ਆਊਟ ਕਰ ਦਿੱਤਾ। ਕੈਰੀ 70 ਗੇਂਦਾਂ 'ਤੇ ਚਾਰ ਚੌਕਿਆਂ ਦੀ ਮਦਦ ਨਾਲ 46 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੇ ਚੌਥੀ ਵਿਕਟ ਲਈ ਸਮਿੱਥ ਨਾਲ 103 ਦੌੜਾਂ ਜੋੜੀਆਂ। ਰਾਸ਼ਿਦ ਨੇ ਇਸੇ ਓਵਰ ਵਿਚ ਮਾਰਕਸ ਸਟੋਇਨਿਸ (00) ਨੂੰ ਵੀ ਐੱਲਬੀਡਬਲਯੂ ਆਊਟ ਕਰਕੇ ਆਸਟ੍ਰੇਲੀਆ ਨੂੰ ਝਟਕਾ ਦਿੱਤਾ। ਸਟੀਵ ਸਮਿੱਥ ਦੂਜੇ ਪਾਸੇ ਟਿਕੇ ਹੋਏ ਸਨ। ਉਨ੍ਹਾਂ ਨੇ ਗਲੇਨ ਮੈਕਸਵੈੱਲ (22) ਨਾਲ ਮਿਲ ਕੇ ਛੇਵੀਂ ਵਿਕਟ ਲਈ 39 ਅਤੇ ਫਿਰ ਮਿਸ਼ੇਲ ਸਟਾਰਕ (29) ਨਾਲ ਅੱਠਵੀਂ ਵਿਕਟ ਲਈ 51 ਦੌੜਾਂ ਦੀ ਸਾਂਝੇਦਾਰੀ ਕਰ ਕੇ ਆਪਣੀ ਟੀਮ ਨੂੰ 200 ਦੌੜਾਂ ਦੇ ਪਾਰ ਪਹੁੰਚਾਇਆ। ਸਮਿਥ 48ਵੇਂ ਓਵਰ ਦੀ ਪਹਿਲੀ ਗੇਂਦ 'ਤੇ ਰਨ ਆਊਟ ਹੋਏ, ਜਦਕਿ ਅਗਲੀ ਹੀ ਗੇਂਦ 'ਤੇ ਸਟਾਰਕ ਨੂੰ ਬੋਕਸ ਨੇ ਬਟਲਰ ਦੇ ਹੱਥੋਂ ਕੈਚ ਕਰਵਾ ਦਿੱਤਾ। ਅਗਲੇ ਓਵਰ ਦੀ ਆਖਰੀ ਗੇਂਦ 'ਤੇ ਵੁੱਡ ਨੇ ਬਹਰਨਡਾਫਰਡ ਨੂੰ ਬੋਲਡ ਕਰਕੇ ਆਸਟ੍ਰੇਲੀਆਈ ਪਾਰੀ ਦਾ ਅੰਤ ਕਰ ਦਿੱਤਾ।