ਨੇਪੀਅਰ (ਏਐੱਫਪੀ) : ਸਟਾਰ ਬੱਲੇਬਾਜ਼ ਡੇਵਿਡ ਮਲਾਨ (103*) ਦੇ ਧਮਾਕੇਦਾਰ ਸੈਂਕੜੇ ਤੇ ਕਪਤਾਨ ਇਆਨ ਮਾਰਗਨ ਦੇ ਨਾਲ ਉਨ੍ਹਾਂ ਦੀ ਰਿਕਾਰਡ ਭਾਈਵਾਲੀ ਨਾਲ ਇੰਗਲੈਂਡ ਨੇ ਸ਼ੁੱਕਰਵਾਰ ਨੂੰ ਇੱਥੇ ਚੌਥੇ ਟੀ-20 ਅੰਤਰਰਾਸ਼ਟਰੀ ਮੈਚ ਵਿਚ ਨਿਊਜ਼ੀਲੈਂਡ ਨੂੰ 76 ਦੌੜਾਂ ਨਾਲ ਕਰਾਰੀ ਮਾਤ ਦਿੱਤੀ। ਮਲਾਨ ਨੇ 41 ਗੇਂਦਾਂ 'ਤੇ ਅਜੇਤੂ 103 ਦੌੜਾਂ ਬਣਾਈਆਂ ਜਦਕਿ ਮਾਰਗਨ ਨੇ ਆਖ਼ਰੀ ਓਵਰ ਵਿਚ ਲੰਬਾ ਸ਼ਾਟ ਲਾਉਣ ਦੀ ਕੋਸ਼ਿਸ਼ ਵਿਚ ਆਊਟ ਹੋਣ ਤੋਂ ਪਹਿਲਾਂ 91 ਦੌੜਾਂ ਦੀ ਪਾਰੀ ਖੇਡੀ। ਇਨ੍ਹਾਂ ਦੋਵਾਂ ਨੇ ਤੀਜੀ ਵਿਕਟ ਲਈ 182 ਦੌੜਾਂ ਜੋੜੀਆਂ ਜੋ ਟੀ-20 ਅੰਤਰਰਾਸ਼ਟਰੀ ਵਿਚ ਇਸ ਵਿਕਟ ਲਈ ਸਭ ਤੋਂ ਵੱਡੀ ਭਾਈਵਾਲੀ ਹੈ। ਇੰਗਲੈਂਡ ਨੇ ਇਨ੍ਹਾਂ ਦੋਵਾਂ ਦੀਆਂ ਪਾਰੀਆਂ ਦੀ ਬਦੌਲਤ ਤਿੰਨ ਵਿਕਟਾਂ 'ਤੇ 241 ਦੌੜਾਂ ਬਣਾਈਆਂ ਜੋ ਉਸ ਦਾ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਵਿਚ ਸਰਬੋਤਮ ਸਕੋਰ ਹੈ। ਨਿਊਜ਼ੀਲੈਂਡ ਨੇ ਵੱਡੇ ਟੀਚੇ ਦੇ ਸਾਹਮਣੇ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਵਿਚ ਸ਼ੁਰੂ ਤੋਂ ਲਗਾਤਾਰ ਵਿਕਟਾਂ ਗੁਆਈਆਂ ਤੇ ਉਸ ਦੀ ਟੀਮ 16.5 ਓਵਰਾਂ ਵਿਚ 165 ਦੌੜਾਂ 'ਤੇ ਆਊਟ ਹੋ ਗਈ। ਇਸ ਤਰ੍ਹਾਂ ਇੰਗਲੈਂਡ ਨੇ ਪੰਜ ਮੈਚਾਂ ਦੀ ਸੀਰੀਜ਼ ਵਿਚ 2-2 ਨਾਲ ਬਰਾਬਰੀ ਕੀਤੀ। ਆਕਲੈਂਡ ਵਿਚ ਐਤਵਾਰ ਨੂੰ ਹੋਣ ਵਾਲਾ ਆਖ਼ਰੀ ਮੈਚ ਹੁਣ ਫ਼ੈਸਲਾਕੁਨ ਬਣ ਗਿਆ ਹੈ। ਮਲਾਨ ਨੇ ਆਪਣੇ ਟੀ-20 ਕਰੀਅਰ ਦੇ ਪਹਿਲੇ ਸੈਂਕੜੇ ਲਈ 48 ਗੇਂਦਾਂ ਖੇਡੀਆਂ ਤੇ ਏਲੇਕਸ ਹੇਲਜ਼ ਦੇ 60 ਗੇਂਦਾਂ ਦੇ ਪਿਛਲੇ ਰਿਕਾਰਡ ਨੂੰ ਆਸਾਨੀ ਨਾਲ ਪਿੱਛੇ ਛੱਡਿਆ। ਉਨ੍ਹਾਂ ਦੀ ਪਾਰੀ ਵਿਚ ਛੇ ਛੱਕੇ ਤੇ ਨੌਂ ਚੌਕੇ ਸ਼ਾਮਲ ਹਨ ਜਦਕਿ ਮਾਰਗਨ ਨੇ 41 ਗੇਂਦਾਂ ਦਾ ਸਾਹਮਣਾ ਕਰ ਕੇ ਸੱਤ ਛੱਕੇ ਤੇ ਇੰਨੇ ਹੀ ਚੌਕੇ ਲਾਏ। ਮਲਾਨ ਨੇ ਈਸ਼ ਸੋਢੀ ਦੇ ਇਕ ਓਵਰ ਵਿਚ ਤਿੰਨ ਛੱਕੇ ਤੇ ਦੋ ਚੌਕਿਆਂ ਦੀ ਮਦਦ ਨਾਲ 28 ਦੌੜਾਂ ਬਣਾਈਆਂ। ਉਨ੍ਹਾਂ ਨੇ ਟ੍ਰੇਂਟ ਬੋਲਟ 'ਤੇ ਸਕੁਆਇਰ ਲੈੱਗ ਖੇਤਰ ਵਿਚ ਚੌਕਾ ਲਾ ਕੇ ਆਪਣਾ ਪਹਿਲਾ ਸੈਂਕੜਾ ਪੂਰਾ ਕੀਤਾ। ਇੰਗਲੈਂਡ ਨੇ ਟਾਸ ਗੁਆਉਣ ਤੋਂ ਬਾਅਦ ਜਾਨੀ ਬੇਰਸਟੋ (08) ਤੇ ਟਾਮ ਬੈਂਟਨ (31) ਦੀਆਂ ਵਿਕਟਾਂ ਜਲਦੀ ਗੁਆ ਦਿੱਤੀਆਂ ਸਨ। ਇਨ੍ਹਾਂ ਦੋਵਾਂ ਨੂੰ ਮਿਸ਼ੇਲ ਸੈਂਟਨਰ (32 ਦੌੜਾਂ ਦੇ ਕੇ ਦੋ ਵਿਕਟਾਂ) ਨੇ ਆਊਟ ਕੀਤਾ।

ਤੇਜ਼ ਸ਼ੁਰੂਆਤ ਤੋਂ ਬਾਅਦ ਲੜਖੜਾਏ :

ਨਿਊਜ਼ੀਲੈਂਡ ਨੇ ਟੀਚੇ ਦਾ ਪਿੱਛਾ ਕਰਦੇ ਹੋਏ ਤੇਜ਼ ਸ਼ੁਰੂਆਤ ਕੀਤੀ ਤੇ ਪੰਜਵੇਂ ਓਵਰ ਤਕ ਸਕੋਰ 54 ਦੌੜਾਂ 'ਤੇ ਪਹੁੰਚਾ ਦਿੱਤਾ। ਮਾਰਟਿਨ ਗੁਪਟਿਲ ਨੇ 27 ਤੇ ਕੋਲਿਨ ਮੁਨਰੋ ਨੇ 30 ਦੌੜਾਂ ਬਣਾਈਆਂ। ਇਸ ਤੋਂ ਬਾਅਦ ਲਗਾਤਾਰ ਵਿਕਟਾਂ ਡਿਗਦੀਆਂ ਰਹੀਆਂ ਤੇ ਸਿਰਫ਼ ਕਪਤਾਨ ਟਿਮ ਸਾਊਥੀ (39) ਹੀ ਕੁਝ ਦੌੜਾਂ ਬਣਾ ਸਕੇ। ਇੰਗਲੈਂਡ ਵੱਲੋਂ ਮੈਟ ਪਰਕਿੰਸਨ ਨੇ 47 ਦੌੜਾਂ ਦੇ ਕੇ ਚਾਰ ਤੇ ਕ੍ਰਿਸ ਜਾਰਡਨ ਨੇ 24 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।