ਆਕਲੈਂਡ (ਏਪੀ) : ਇੰਗਲੈਂਡ ਨੇ ਐਤਵਾਰ ਨੂੰ ਇੱਥੇ ਬਾਰਿਸ਼ ਨਾਲ ਪ੍ਰਭਾਵਿਤ ਟੀ-20 ਅੰਤਰਰਾਸ਼ਟਰੀ ਮੁਕਾਬਲੇ ਵਿਚ ਸੁਪਰ ਓਵਰ ਦੀ ਰੋਮਾਂਚਕ ਜਿੱਤ ਨਾਲ ਪੰਜ ਮੈਚਾਂ ਦੀ ਲੜੀ 3-2 ਨਾਲ ਆਪਣੇ ਨਾਂ ਕੀਤੀ। ਤੇਜ਼ ਬਾਰਿਸ਼ ਕਾਰਨ ਮੈਚ 11-11 ਓਵਰਾਂ ਦਾ ਹੋ ਗਿਆ ਸੀ ਜਿਸ ਵਿਚ ਨਿਊਜ਼ੀਲੈਂਡ ਨੇ ਪੰਜ ਵਿਕਟਾਂ 'ਤੇ 146 ਦੌੜਾਂ ਦਾ ਸਕੋਰ ਖੜ੍ਹਾ ਕੀਤਾ। ਇਸ ਤੋਂ ਬਾਅਦ ਇੰਗਲੈਂਡ ਦੀ ਟੀਮ ਨੇ ਸੱਤ ਵਿਕਟਾਂ 'ਤੇ 146 ਦੌੜਾਂ ਬਣਾਈਆਂ ਜਿਸ ਨਾਲ ਦੋਵਾਂ ਟੀਮਾਂ ਦਾ ਸਕੋਰ ਬਰਾਬਰ ਹੋ ਗਿਆ। ਫਿਰ ਸੁਪਰ ਓਵਰ ਖੇਡਿਆ ਗਿਆ ਜਿਸ ਵਿਚ ਜਾਨੀ ਬੇਰਸਟੋ ਤੇ ਕਪਤਾਨ ਇਆਨ ਮਾਰਗਨ ਨੇ ਇੰਗਲੈਂਡ ਲਈ 17 ਦੌੜਾਂ ਬਣਾਈਆਂ। ਇਹ ਓਵਰ ਨਿਊਜ਼ੀਲੈਂਡ ਦੇ ਕਪਤਾਨ ਟਿਮ ਸਾਊਥੀ ਨੇ ਸੁੱਟਿਆ। ਉਥੇ ਨਿਊਜ਼ੀਲੈਂਡ ਲਈ ਮਾਰਟਿਨ ਗੁਪਟਿਲ, ਟਿਮ ਸੇਫਰਟ ਤੇ ਕੋਲਿਨ ਡੀ ਗਰੈਂਡਹੋਮ ਨੇ ਇਕ ਓਵਰ ਵਿਚ ਸਿਰਫ਼ ਅੱਠ ਦੌੜਾਂ ਬਣਾਈਆਂ ਤੇ ਟੀਮ ਮੈਚ ਗੁਆ ਬੈਠੀ। ਬੇਰਸਟੋ ਤੇ ਮਾਰਗਨ ਨੇ ਛੱਕੇ ਲਾ ਕੇ ਨਿਊਜ਼ੀਲੈਂਡ ਨੂੰ ਜਿੱਤ ਲਈ 18 ਦੌੜਾਂ ਦਾ ਟੀਚਾ ਦਿੱਤਾ ਜੋ ਇਕ ਓਵਰ ਦੇ ਲਿਹਾਜ਼ ਨਾਲ ਮੁਸ਼ਕਲ ਸੀ। ਬੇਰਸਟੋ 18 ਗੇਂਦਾਂ ਵਿਚ 47 ਦੌੜਾਂ ਦੀ ਪਾਰੀ ਲਈ ਮੈਨ ਆਫ ਦ ਮੈਚ ਰਹੇ ਜਿਨ੍ਹਾਂ ਦੀ ਬਦੌਲਤ ਇੰਗਲੈਂਡ ਨੇ 11 ਓਵਰਾਂ ਵਿਚ ਸਕੋਰ ਬਰਾਬਰ ਕੀਤਾ ਤੇ ਸੁਪਰ ਓਵਰ ਵਿਚ ਵੀ ਉਨ੍ਹਾਂ ਦਾ ਯੋਗਦਾਨ ਅਹਿਮ ਰਿਹਾ। ਇੰਗਲੈਂਡ ਨੇ ਬਾਰਿਸ਼ ਕਾਰਨ ਦੇਰ ਨਾਲ ਸ਼ੁਰੂ ਹੋਏ ਮੈਚ ਵਿਚ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਮਾਰਟਿਨ ਗੁਪਟਿਲ ਨੇ 20 ਗੇਂਦਾਂ ਵਿਚ 50 ਦੌੜਾਂ ਬਣਾ ਕੇ ਘਰੇਲੂ ਟੀਮ ਨੂੰ ਵਧੀਆ ਸਕੋਰ ਤਕ ਪਹੁੰਚਾਇਆ। ਦੋ ਓਵਰਾਂ ਵਿਚ ਨਿਊਜ਼ੀਲੈਂਡ ਨੇ ਬਿਨਾਂ ਵਿਕਟ ਗੁਆਏ 37 ਦੌੜਾਂ ਬਣਾ ਲਈਆਂ ਸਨ ਜਿਸ ਤੋਂ ਬਾਅਦ ਟੀਮ ਸਿਰਫ਼ 7.3 ਓਵਰਾਂ ਵਿਚ 100 ਦੌੜਾਂ ਤਕ ਪੁੱਜ ਸਕੀ ਸੀ। ਉਥੇ ਇੰਗਲੈਂਡ ਦੀ ਸ਼ੁਰੂਆਤ ਖ਼ਰਾਬ ਰਹੀ ਜਿਸ ਵਿਚ ਉਸ ਨੇ ਟਾਮ ਬੈਂਟਨ ਤੇ ਜੇਮਜ਼ ਵਿੰਸ ਦੀਆਂ ਵਿਕਟਾਂ ਪਹਿਲੀਆਂ ਸੱਤ ਗੇਂਦਾਂ ਵਿਚ ਹੀ ਗੁਆ ਦਿੱਤੀਆਂ। ਬੇਰਸਟੋ ਦੀ ਪਾਰੀ ਨੇ ਉਸ ਨੂੰ ਮੈਚ ਵਿਚ ਵਾਪਸੀ ਕਰਵਾਈ ਤੇ ਫਿਰ ਆਖ਼ਰੀ ਓਵਰ ਵਿਚ ਉਸ ਨੂੰ ਜਿੱਤਣ ਲਈ 16 ਦੌੜਾਂ ਦੀ ਲੋੜ ਸੀ। ਜਿੰਮੀ ਨੀਸ਼ਮ ਦੀ ਗੇਂਦ 'ਤੇ ਜਾਰਡਨ ਨੇ ਮਹੱਤਵਪੂਰਨ ਛੱਕਾ ਲਾਇਆ ਫਿਰ ਆਖ਼ਰੀ ਗੇਂਦ 'ਤੇ ਚੌਕਾ ਲਾਇਆ ਜਿਸ ਨਾਲ ਸਕੋਰ ਬਰਾਬਰ ਹੋ ਗਿਆ ਤੇ ਮੈਚ ਇਕ ਓਵਰ ਏਲਿਮੀਨੇਟਰ ਤਕ ਪੁੱਜ ਗਿਆ।

ਵਿਸ਼ਵ ਕੱਪ ਦੀ ਆਈ ਯਾਦ :

ਇਸ ਮੈਚ ਨੇ ਵਿਸ਼ਵ ਕੱਪ ਫਾਈਨਲ ਦੀ ਯਾਦ ਤਾਜ਼ਾ ਕਰਵਾ ਦਿੱਤੀ ਜੋ ਦੋਵਾਂ ਟੀਮਾਂ ਵਿਚਾਲੇ ਜੂਨ ਵਿਚ ਖੇਡਿਆ ਗਿਆ ਸੀ ਤੇ ਜਿਸ ਵਿਚ ਇੰਗਲੈਂਡ ਨੇ 50 ਓਵਰਾਂ ਤੋਂ ਬਾਅਦ ਸਕੋਰ ਬਰਾਬਰ ਹੋਣ ਨਾਲ ਖੇਡੇ ਗਏ ਇਕ ਓਵਰ ਦੇ ਏਲਿਮੀਨੇਟਰ ਵਿਚ ਵੀ ਬਰਾਬਰੀ ਤੋਂ ਬਾਅਦ ਬਾਊਂਡਰੀ ਦੀ ਗਿਣਤੀ ਨਾਲ ਟਰਾਫੀ ਜਿੱਤੀ ਸੀ। ਇਸ ਵਾਰ ਹਾਲਾਂਕਿ ਇੰਗਲੈਂਡ ਨੇ ਟਾਈਬ੍ਰੇਕਰ ਵਿਚ ਨਤੀਜਾ ਹਾਸਲ ਕਰ ਲਿਆ।