ਕ੍ਰਾਈਸਟਚਰਚ (ਏਜੰਸੀ) : ਜੇਮਜ਼ ਵਿੰਸ ਦੇ ਪਹਿਲੇ ਅਰਧ ਸੈਂਕੜੇ ਦੀ ਬਦੌਲਤ ਇੰਗਲੈਂਡ ਨੇ ਇੱਥੇ ਸ਼ੁਰੂਆਤੀ ਟੀ-20 ਅੰਤਰਰਾਸ਼ਟਰੀ ਮੈਚ ਵਿਚ ਨਿਊਜ਼ੀਲੈਂਡ 'ਤੇ ਸੱਤ ਵਿਕਟਾਂ ਨਾਲ ਸ਼ਾਨਦਾਰ ਜਿੱਤ ਦਰਜ ਕੀਤੀ। ਮਹਿਮਾਨ ਟੀਮ ਲਈ ਵਿੰਸ ਚੋਟੀ ਦੇ ਸਕੋਰਰ ਰਹੇ ਉਨ੍ਹਾਂ ਨੇ 59 ਦੌੜਾਂ ਦੀ ਪਾਰੀ ਖੇਡੀ। ਇਸ ਨਾਲ ਇੰਗਲੈਂਡ ਨੇ ਨਿਊਜ਼ੀਲੈਂਡ ਵੱਲੋਂ ਦਿੱਤੇ ਗਏ 154 ਦੌੜਾਂ ਦੇ ਟੀਚੇ ਨੂੰ 18.3 ਓਵਰਾਂ ਵਿਚ ਹਾਸਲ ਕਰ ਲਿਆ ਤੇ ਪੰਜ ਮੈਚਾਂ ਦੀ ਲੜੀ ਵਿਚ 1-0 ਨਾਲ ਬੜ੍ਹਤ ਹਾਸਲ ਕਰ ਲਈ। ਇੰਗਲੈਂਡ ਨੇ ਟਾਸ ਜਿੱਤ ਕੇ ਨਿਊਜ਼ੀਲੈਂਡ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ ਜਿਸ ਨੇ ਰਾਸ ਟੇਲਰ 44 , ਟਿਮ ਸੈਫਰਟ 32 ਤੇ ਡੇਰਿਲ ਮਿਸ਼ੇਲ ਦੀਆਂ ਅਜੇਤੂ 30 ਦੌੜਾਂ ਦੀ ਬਦੌਲਤ ਤੈਅ 20 ਓਵਰਾਂ 'ਚ ਪੰਜ ਵਿਕਟਾਂ 'ਤੇ 153 ਦੌੜਾਂ ਬਣਾਈਆਂ। ਕਈ ਸੀਨੀਅਰ ਖਿਡਾਰੀਆਂ ਤੋਂ ਬਿਨਾਂ ਖੇਡ ਰਹੀ ਇੰਗਲੈਂਡ ਦੀ ਟੀਮ ਨੇ ਇਸ ਤੋਂ ਬਾਅਦ ਵਿੰਸ ਦੀ ਅਰਧ ਸੈਂਕੜੇ ਵਾਲੀ ਪਾਰੀ ਦੇ ਦਮ 'ਤੇ ਸੱਤ ਵਿਕਟਾਂ ਨਾਲ ਜਿੱਤ ਹਾਸਲ ਕੀਤੀ ਜਿਨ੍ਹਾਂ ਨੇ 38 ਗੇਂਦਾਂ ਵਿਚ ਸੱਤ ਚੌਕੇ ਤੇ ਦੋ ਛੱਕੇ ਲਾਏ। ਸਲਾਮੀ ਬੱਲੇਬਾਜ਼ ਜਾਨੀ ਬੇਰਸਟੋ ਨੇ 35 ਦੌੜਾਂ ਬਣਾ ਕੇ ਚੰਗੀ ਸ਼ੁਰੂਆਤ ਕਰਵਾਈ। ਸਪਿੰਨਰ ਮਿਸ਼ੇਲ ਸੈਂਟਨਰ ਤੇ ਸਾਥੀ ਸਪਿੰਨਰ ਈਸ਼ ਸੋਢੀ ਨੇ ਇੰਗਲੈਂਡ ਦੀ ਦੌੜਾਂ ਦੀ ਰਫ਼ਤਾਰ 'ਤੇ ਥੋੜ੍ਹੀ ਲਗਾਮ ਲਾਈ ਜਿਸ ਤੋਂ ਬਾਅਦ ਵਿੰਸ ਤੇ ਕਪਤਾਨ ਇਆਨ ਮਾਰਗਨ (ਅਜੇਤੂ 34) ਨੇ 54 ਦੌੜਾਂ ਦੀ ਹਿੱਸੇਦਾਰੀ ਨਿਭਾਈ।