ਨਵੀਂ ਦਿੱਲੀ (ਜੇਐੱਨਐੱਨ) : ਰਾਂਚੀ ਦੇ ਝਾਰਖੰਡ ਸਟੇਟ ਕ੍ਰਿਕਟ ਐਸੋਸੀਏਸ਼ਨ ਇੰਟਰਨੈਸ਼ਨਲ ਕ੍ਰਿਕਟ ਕੰਪਲੈਕਸ ਵਿਚ ਇੰਡੀਆ ਸੀ ਤੇ ਇੰਡੀਆ ਬੀ ਵਿਚਾਲੇ ਦੇਵਧਰ ਟਰਾਫੀ ਦਾ ਫਾਈਨਲ ਮੁਕਾਬਲਾ ਖੇਡਿਆ ਗਿਆ। ਇਸ ਖ਼ਿਤਾਬੀ ਮੁਕਾਬਲੇ ਵਿਚ ਸੱਜੇ ਹੱਥ ਦੇ ਬੱਲੇਬਾਜ਼ ਕੇਦਾਰ ਜਾਧਵ ਨੇ ਦਮਦਾਰ ਪਾਰੀ ਖੇਡ ਕੇ ਇੰਡੀਆ ਬੀ ਨੂੰ ਜਿੱਤ ਦਿਵਾਈ। ਇੰਡੀਆ ਬੀ ਨੇ ਇੰਡੀਆ ਸੀ ਟੀਮ ਨੂੰ 51 ਦੌੜਾਂ ਨਾਲ ਮਾਤ ਦਿੱਤੀ ਹੈ। ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਦੀ ਕਪਤਾਨੀ ਵਾਲੀ ਇੰਡੀਆ ਬੀ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਚੁਣੀ ਸੀ। ਇਸ ਤਰ੍ਹਾਂ ਟੀਮ ਨੇ 50 ਓਵਰਾਂ ਵਿਚ ਸੱਤ ਵਿਕਟਾਂ ਗੁਆ ਕੇ 283 ਦੌੜਾਂ ਬਣਾਈਆਂ। ਇੰਡੀਆ ਬੀ ਨੂੰ ਪਹਿਲੇ ਹੀ ਓਵਰ ਵਿਚ ਝਟਕਾ ਲੱਗਾ ਪਰ ਕਪਤਾਨ ਪਾਰਥਿਵ ਪਟੇਲ ਨੇ ਯਸ਼ਸਵੀ ਜਾਇਸਵਾਲ ਦੇ ਨਾਲ ਮਿਲ ਕੇ 28 ਦੌੜਾਂ ਬਣਾਈਆਂ ਹਾਲਾਂਕਿ ਪਾਰਥਿਵ ਆਊਟ ਹੋ ਗਏ ਤੇ ਫਿਰ ਇਕ ਛੋਟੀ ਜਿਹੀ ਭਾਈਵਾਲੀ ਯਸ਼ਸਵੀ ਤੇ ਬਾਬਾ ਅਪਰਾਜਿਤ ਵਿਚਾਲੇ ਹੋਈ। ਇੰਡੀਆ ਬੀ ਵੱਲੋਂ ਮੱਧਕ੍ਰਮ ਦੇ ਬੱਲੇਬਾਜ਼ ਕੇਦਾਰ ਜਾਧਵ ਨੇ 94 ਗੇਂਦਾਂ ਵਿਚ ਚਾਰ ਚੌਕਿਆਂ ਤੇ ਚਾਰ ਛੱਕਿਆਂ ਦੀ ਮਦਦ ਨਾਲ 86 ਦੌੜਾਂ ਦੀ ਪਾਰੀ ਖੇਡੀ। ਜਾਧਵ ਤੋਂ ਇਲਾਵਾ ਵਿਜੇ ਹਜ਼ਾਰੇ ਟਰਾਫੀ ਵਿਚ ਦੋਹਰਾ ਸੈਂਕੜਾ ਲਾਉਣ ਵਾਲੇ ਯਸ਼ਸਵੀ ਜਾਇਸਵਾਲ ਨੇ 79 ਗੇਂਦਾਂ ਵਿਚ ਪੰਜ ਚੌਕੇ ਤੇ ਇਕ ਛੱਕੇ ਦੀ ਮਦਦ ਨਾਲ 54 ਦੌੜਾਂ ਦੀ ਪਾਰੀ ਖੇਡੀ। ਉਥੇ ਵਿਜੇ ਸ਼ੰਕਰ 45 ਦੌੜਾਂ ਬਣਾ ਕੇ ਆਊਟ ਹੋਏ। ਆਖ਼ਰੀ ਓਵਰਾਂ 'ਚ ਕ੍ਰਿਸ਼ਣੱਪਾ ਗੌਤਮ ਨੇ 10 ਗੇਂਦਾਂ ਵਿਚ 35 ਦੌੜਾਂ ਬਣਾ ਕੇ ਟੀਮ ਨੂੰ ਸਨਮਾਨਜਨਕ ਸਥਿਤੀ 'ਚ ਪਹੁੰਚਾਇਆ। ਇੰਡੀਆ ਸੀ ਵੱਲੋਂ ਇਸ਼ਾਨ ਪੋਰੇਲ ਨੇ ਪੰਜ ਵਿਕਟਾਂ ਹਾਸਲ ਕੀਤੀਆਂ।

ਸ਼ੁਭਮਨ ਗਿੱਲ ਦੀ ਟੀਮ ਨੇ ਕੀਤਾ ਨਿਰਾਸ਼ :

284 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਸ਼ੁਭਮਨ ਗਿੱਲ ਦੀ ਕਪਤਾਨੀ ਵਾਲੀ ਇੰਡੀਆ ਸੀ ਦੀ ਟੀਮ 50 ਓਵਰ ਖੇਡ ਕੇ ਨੌਂ ਵਿਕਟਾਂ 'ਤੇ 232 ਦੌੜਾਂ ਹੀ ਬਣਾ ਸਕੀ ਤੇ ਖ਼ਿਤਾਬੀ ਮੈਚ 51 ਦੌੜਾਂ ਦੇ ਫ਼ਰਕ ਨਾਲ ਹਾਰ ਗਈ। ਇੰਡੀਆ ਸੀ ਵੱਲੋਂ ਪਿ੍ਰਅਮ ਗਰਗ ਨੇ 77 ਗੇਂਦਾਂ 'ਤੇ 74 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਤੋਂ ਇਲਾਵਾ ਅਕਸ਼ਰ ਪਟੇਲ 38 ਤੇ ਜਲਜ ਸਕਸੇਨਾ 37 ਦੌੜਾਂ ਬਣਾ ਕੇ ਆਊਟ ਹੋਏ। ਉਥੇ ਮਯੰਕ ਅੱਗਰਵਾਲ ਨੇ 28 ਤੇ ਮਯੰਕ ਮਾਰਕੰਡੇ ਨੇ 27 ਦੌੜਾਂ ਦੀ ਪਾਰੀ ਖੇਡੀ। ਇੰਡੀਆ ਬੀ ਵੱਲੋਂ ਸ਼ਾਹਬਾਜ਼ ਨਦੀਮ ਨੇ ਚਾਰ ਤੇ ਮੁਹੰਮਦ ਸਿਰਾਜ ਨੇ ਦੋ ਵਿਕਟਾਂ ਲਈਆਂ।