ਮੁੰਬਈ (ਏਜੰਸੀ) : ਚੋਣ ਕਮੇਟੀ ਦੇ ਪ੍ਰਧਾਨ ਐੱਮਐੱਸਕੇ ਪ੍ਰਸ਼ਾਦ ਨੇ ਵੀਰਵਾਰ ਨੂੰ ਸਾਫ ਕੀਤਾ ਉਹ ਰਿਸ਼ਭ ਪੰਤ ਨੂੰ ਲੰਮੇ ਸਮੇਂ ਤਕ ਮੌਕਾ ਦੇਣ ਦੀ ਇੱਛਾ ਰੱਖਦੇ ਹਨ ਅਤੇ ਕਿਹਾ ਕਿ ਮਹਿੰਦਰ ਸਿੰਘ ਧੋਨੀ ਵੀ ਨੌਜਵਾਨਾਂ ਨੂੰ ਮੌਕੇ ਦੇਣ ਤੋਂ ਸਹਿਮਤ ਹਨ। ਧੋਨੀ ਨੇ 50 ਓਵਰਾਂ ਦੇ ਵਿਸ਼ਵ ਕੱਪ ਤੋਂ ਬਾਅਦ ਖ਼ੁਦ ਨੂੰ ਚੋਣ ਲਈ ਪਾਸੇ ਰੱਖਿਆ ਹੈ। ਚੋਣ ਕਮੇਟੀ ਨੇ ਵੀਰਵਾਰ ਨੂੰ ਬੰਗਲਾਦੇਸ਼ ਲੜੀ ਲਈ ਪੰਤ ਦੇ ਨਾਲ ਸੰਜੂ ਸੈਮਸਨ ਨੂੰ ਵੀ ਵਿਕਟਕੀਪਰ ਦੇ ਤੌਰ 'ਤੇ ਟੀ-20 ਟੀਮ ਵਿਚ ਸ਼ਾਮਲ ਕੀਤਾ ਹੈ। ਪ੍ਰਸ਼ਾਦ ਨੇ ਕਿਹਾ ਕਿ ਉਹ ਪਹਿਲਾ ਹੀ ਕਹਿ ਚੁੱਕੇ ਹਨ ਹੁਣ ਧੋਨੀ ਤੋਂ ਅੱਗੇ ਸੋਚਣ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਮੈਂ ਸਾਫ ਕਰ ਦਿੱਤਾ ਸੀ ਕਿ ਅਸੀਂ ਹੁਣ ਅੱਗੇ ਵਧ ਰਹੇ ਹਾਂ। ਰਿਸ਼ਭ ਪੰਤ ਚੰਗਾ ਕਰ ਰਿਹਾ ਹੈ ਅਤੇ ਸੰਜੂ ਸੈਮਸਨ ਦੀ ਟੀਮ ਵਿਚ ਵਾਪਸੀ ਹੋਈ ਹੈ, ਮੈਨੂੰ ਪੂਰਾ ਵਿਸ਼ਵਾਸ ਹੈ ਕਿ ਤੁਸੀਂ ਸਾਡੀ ਵਿਚਾਰ ਪ੍ਰਕਿਰਿਆ ਨੂੰ ਸਮਝ ਸਕੋਗੇ। ਸਾਡੀ ਯਕੀਨੀ ਤੌਰ 'ਤੇ ਧੋਨੀ ਨਾਲ ਗੱਲਬਾਤ ਹੋਈ ਅਤੇ ਉਨ੍ਹਾਂ ਨੇ ਨੌਜਵਾਨਾਂ ਨੂੰ ਵੀ ਉਤਸ਼ਾਹਤ ਕਰਨ ਦੇ ਸਾਡੇ ਫ਼ੈਸਲੇ ਨੂੰ ਸਹੀ ਠਹਿਰਾਇਆ ਹੈ। ਪੰਤ ਦਾ ਪੱਖ ਲੈਂਦੇ ਹੋਏ ਪ੍ਰਸ਼ਾਦ ਨੇ ਕਿਹਾ ਕਿ ਵਿਸ਼ਵ ਕੱਪ ਤੋਂ ਬਾਅਦ ਮੇਰੀ ਇਸ 'ਤੇ ਸਪੱਸ਼ਟ ਰਾਏ ਸੀ ਕਿ ਹੁਣ ਅਸੀਂ ਪੰਤ ਨੂੰ ਅੱਗੇ ਲੈ ਕੇ ਜਾਵਾਂਗੇ।

ਹਮਲਾਵਾਰ ਬੱਲੇਬਾਜ਼ੀ ਨਾਲ ਆਪਣੀ ਪਛਾਣ ਬਣਾਉਣਾ ਚਾਹੁੰਦੀ ਹੈ ਦੂਬੇ

ਮੁੰਬਈ : ਮੁੰਬਈ ਦੇ ਨੌਜਵਾਨ ਕ੍ਰਿਕਟਰ ਸ਼ਿਵਮ ਦੂਬੇ ਨੇ ਭਾਰਤੀ ਟੀਮ ਵਿਚ ਚੁਣੇ ਜਾਣ ਤੋਂ ਬਾਅਦ ਕਿਹਾ ਕਿ ਉਨ੍ਹਾਂ ਨੇ ਹਮਲਾਵਾਰ ਬੱਲੇਬਾਜ਼ੀ ਕਰਨਾ ਪਸੰਦ ਹਨ ਅਤੇ ਉਹ ਆਪਣੀ ਇਸ 'ਪਾਵਰ ਹਿਟਿੰਗ' ਸ਼ੈਲੀ ਨੂੰ ਕਦੇ ਵੀ ਨਹੀਂ ਛੱਡਣਗੇ, ਜਿਸ ਨੇ ਉਨ੍ਹਾਂ ਨੂੰ ਭਾਰਤੀ ਟੀਮ ਵਿਚ ਸ਼ਾਮਲ ਕਰਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਦੂਬੇ ਨੂੰ ਭਾਰਤ-ਏ ਟੀਮ ਵਿਚ ਆਪਣੇ ਸ਼ਾਨਦਾਰ ਪ੍ਰਦਰਸ਼ਨ ਦੇ ਸਿਰ 'ਤੇ ਪਹਿਲੀ ਵਾਰ ਭਾਰਤੀ ਟੀਮ ਵਿਚ ਚੁਣਿਆ ਗਿਆ ਹੈ।

26 ਸਾਲ ਦੇ ਦੂਬੇ ਨੇ ਆਪਣੀ ਚੋਣ ਤੋਂ ਬਾਅਦ ਕਿਹਾ ਕਿ ਮੇਰੀ ਹਮਲਾਵਾਰ ਸ਼ੈਲੀ ਹੈ ਅਤੇ ਮੈਂ ਇਸ 'ਤੇ ਕੰਮ ਕਰਦਾ ਹਾਂ। ਮੇਰੇ ਪਿਤਾ ਹਮੇਸ਼ਾ ਮੈਨੂੰ ਹਮਲਾਵਾਰ ਬੱਲੇਬਾਜ਼ ਬਣਾਉਣਾ ਚਾਹੁੰਦੇ ਸਨ ਅਤੇ ਫਿਰ ਇਹ ਮੇਰੀ ਸ਼ੈਲੀ ਬਣ ਗਈ। ਮੈਨੂੰ ਪਾਵਰ ਹਿਟਿੰਗ ਪਸੰਦ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਭਗਵਾਨ ਤੇ ਆਪਣੇ ਪਿਤਾ ਦਾ ਸ਼ੁਕਰੀਆ ਅਦਾ ਕਰਨਾ ਚਹਾਂਗਾ। ਖਾਸ ਕਰ ਕੇ ਮੇਰਾ ਪਿਤਾ ਨੂੰ ਜਿਨ੍ਹਾਂ ਨੇ ਹਮੇਸ਼ਾ ਮੇਰਾ ਸਮਰਥਨ ਕੀਤਾ ਅਤੇ ਇਹ ਉਨ੍ਹਾਂ ਦਾ ਸੁਪਨਾ ਸੀ ਕਿ ਮੈਂ ਭਾਰਤ ਲਈ ਖੇਡਾਂ।

ਹੁਣ 'ਮਾਹਿਰ ਬੱਲੇਬਾਜ਼' ਬਣਨ ਦੀ ਕੋਸ਼ਿਸ਼ ਨਹੀਂ ਕਰਦਾ : ਸੰਜੂ

ਨਵੀਂ ਦਿੱਲੀ : ਸੰਜੂ ਸੈਮਸਨ ਨੂੰ ਆਪਣੇ ਕਰੀਅਰ ਵਿਚ ਕਈ ਵਾਰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ ਅਤੇ ਹੁਣ ਉਨ੍ਹਾਂ ਨੂੰ ਇਨ੍ਹਾਂ ਉਤਰਾਅ-ਚੜਾਅ ਤੋਂ ਕੋਈ ਫ਼ਰਕ ਨਹੀਂ ਪੈਦਾ। ਚਾਰ ਸਾਲ ਦੇ ਫ਼ਰਕ ਬਾਅਦ ਭਾਰਤੀ ਟੀਮ ਵਿਚ ਵਾਪਸੀ ਕਰਨ ਵਾਲਾ ਇਹ ਖਿਡਾਰੀ 'ਮਾਹਿਰ ਬੱਲੇਬਾਜ਼' ਬਣਨ ਦੀ ਕੋਸ਼ਿਸ਼ ਵੀ ਨਹੀਂ ਕਰਦਾ। ਸੈਮਸਨ ਨੇ ਭਾਰਤ ਲਈ ਸਿਰਫ਼ ਇਕ ਮੈਚ ਜੁਲਾਈ 2015 ਵਿਚ ਟੀ-20 ਦੇ ਰੂਪ ਵਿਚ ਖੇਡਿਆ ਸੀ, ਜਦ ਘੱਟ ਤਜਰਬੇ ਵਾਲੀ ਟੀਮ ਨੇ ਜਿੰਬਾਬਵੇ ਦਾ ਦੌਰਾ ਕੀਤਾ ਸੀ। ਉਦੋਂ ਉਹ 19 ਸਾਲ ਦੇ ਸਨ। ਇਸ ਤੋਂ ਬਾਅਦ ਇਸ ਵਿਕਟਕੀਪਰ ਬੱਲੇਬਾਜ਼ ਦਾ ਸਫਰ ਉਤਰਾਅ-ਚੜਾਅ ਭਰਿਆ ਰਿਹੈ, ਜਿਨ੍ਹਾਂ ਨੂੰ ਅਨੁਸ਼ਾਨਹੀਣਤਾ ਦੇ ਆਧਾਰ 'ਤੇ ਕੇਰਲ ਟੀਮ ਤੋਂ ਬਾਹਰ ਕਰ ਦਿੱਤਾ ਗਿਆ ਸੀ। ਉਹ ਲਗਾਤਾਰ ਚੰਗਾ ਪ੍ਰਦਰਸ਼ਨ ਵੀ ਨਹੀਂ ਕਰ ਸਕੇ ਅਤੇ ਇਸ ਵਿਚਕਾਰ ਉਨ੍ਹਾਂ ਦੀ ਫਿਟਨੈਸ ਵੀ ਚੰਗੀ ਨਹੀਂ ਰਹੀ। ਇਸ ਦੌਰਾਨ ਉਨ੍ਹਾਂ ਨੇ ਸ਼ਾਨਦਾਰ ਪਾਰੀਆਂ ਵੀ ਖੇਡੀਆਂ। ਇਸ ਤਰ੍ਹਾਂ ਇਕ ਪਾਰੀ ਇਸ ਮਹੀਨੇ ਵਿਜੈ ਹਜ਼ਾਰੇ ਟਰਾਫੀ ਵਿਚ ਸਰਵਉੱਚ ਨਿੱਜੀ ਸਕੋਰ ਨਾਲ ਰਹੀ, ਜਿਸ ਵਿਚ ਉਨ੍ਹਾਂ ਨਾ ਅਜੇਤੂ 212 ਦੌੜਾਂ ਬਣਾਈਆਂ। ਸੈਮਸਨ ਹੁਣ 24 ਸਾਲ ਦੇ ਹਨ।