ਨਵੀਂ ਦਿੱਲੀ (ਏਐੱਨਆਈ) : ਕ੍ਰਿਕਟ ਜਗਤ ਲਈ ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੇ ਇਕ ਵੱਡੀ ਖ਼ੁਸ਼ਖ਼ਬਰੀ ਦਿੱਤੀ ਹੈ। ਕਾਮਨਵੈਲਥ ਗੇਮਜ਼ ਫੈਡਰੇਸ਼ਨ ਨੇ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਟੀ-20 ਕ੍ਰਿਕਟ ਦਾ ਰਾਸ਼ਟਰਮੰਡਲ ਖੇਡਾਂ ਵਿਚ ਪ੍ਰਵੇਸ਼ ਹੋ ਗਿਆ ਹੈ। ਮਹਿਲਾ ਕ੍ਰਿਕਟ ਟੀਮਾਂ ਹੁਣ ਬਰਮਿੰਘਮ 'ਚ 2022 ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਵਿਚ ਹਿੱਸਾ ਲੈਣਗੀਆਂ। ਕ੍ਰਿਕਟ ਹੀ ਨਹੀਂ, ਬੀਚ ਵਾਲੀਬਾਲ ਤੇ ਪੈਰਾ ਟੇਬਲ ਟੈਨਿਸ ਨੂੰ ਵੀ ਰਾਸ਼ਟਰਮੰਡਲ ਖੇਡਾਂ ਵਿਚ ਥਾਂ ਮਿਲੀ ਹੈ। ਇਹ ਤਿੰਨੇ ਤਰ੍ਹਾਂ ਦੇ ਖੇਡ ਅਗਲੇ ਸੀਜ਼ਨ ਦੀਆਂ ਰਾਸ਼ਟਰਮੰਡਲ ਖੇਡਾਂ ਲਈ ਸ਼ਾਮਲ ਕੀਤੇ ਗਏ ਹਨ। ਇਹ ਟੂਰਨਾਮੈਂਟ ਇਤਿਹਾਸ ਵਿਚ ਹੁਣ ਤਕ ਦਾ ਸਭ ਤੋਂ ਵੱਡਾ ਮਹਿਲਾ ਤੇ ਪੈਰਾ ਸਪੋਰਟਸ ਪ੍ਰੋਗਰਾਮ ਹੋਵੇਗਾ। 71 ਕਾਮਨਵੈਲਥ ਗੇਮਜ਼ ਐਸੋਸੀਏਸ਼ਨਜ਼ ਨੇ 2022 ਵਿਚ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਲਈ ਕ੍ਰਿਕਟ ਸਮੇਤ ਇਨ੍ਹਾਂ ਖੇਡਾਂ ਦੇ ਪੱਖ ਵਿਚ ਵੋਟ ਕੀਤਾ ਹੈ। ਇਸ ਬਾਰੇ ਕਾਮਨਵੈਲਥ ਗੇਮਜ਼ ਫੈਡਰੇਸ਼ਨ ਦੇ ਪ੍ਰਧਾਨ ਡੇਮ ਲੂਇਟ ਮਾਰਟਿਨ ਨੇ ਕਿਹਾ ਹੈ ਕਿ ਅੱਜ ਰਾਸ਼ਟਰਮੰਡਲ ਖੇਡਾਂ ਲਈ ਇਹ ਇਤਿਹਾਸਕ ਦਿਨ ਹੈ। ਮੈਂ ਖ਼ੁਸ਼ ਹਾਂ ਕਿ ਅਸੀਂ ਇਸ ਦੀ ਪੁਸ਼ਟੀ ਕਰ ਰਹੇ ਹਾਂ ਕਿ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਮਹਿਲਾ ਤੇ ਪੈਰਾ ਸਪੋਰਟਸ ਦੇ ਲਿਹਾਜ਼ ਨਾਲ ਇਤਿਹਾਸ ਦਾ ਸਭ ਤੋਂ ਵੱਡਾ ਟੂਰਨਾਮੈਂਟ ਹੋਵੇਗਾ। ਮਾਰਟਿਨ ਨੇ ਅੱਗੇ ਕਿਹਾ ਕਿ ਮੈਂ ਮਹਿਲਾ ਟੀ-20 ਕ੍ਰਿਕਟ, ਬੀਚ ਵਾਲੀਬਾਲ ਤੇ ਪੈਰਾ ਟੇਬਲ ਟੈਨਿਸ ਨੂੰ ਵਧਾਈ ਦੇਣਾ ਚਾਹੁੰਦਾ ਹਾਂ ਜੋ ਹੁਣ ਅਧਿਕਾਰਕ ਤੌਰ 'ਤੇ ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ ਦਾ ਹਿੱਸਾ ਹੋ ਗਏ ਹਨ। ਇਨ੍ਹਾਂ ਨੂੰ ਸ਼ਾਮਲ ਕਰਨ ਨਾਲ ਇਨ੍ਹਾਂ ਖੇਡਾਂ ਦੇ ਖੇਤਰ ਦਾ ਵਿਕਾਸ ਹੋਵੇਗਾ। ਇਸ ਨਾਲ ਇਹ ਟੂਰਨਾਮੈਂਟ ਹੋਰ ਵੀ ਰੋਮਾਂਚਕ ਹੋਵੇਗਾ।

ਅੰਤਰਰਾਸ਼ਟਰੀ ਕ੍ਰਿਕਟ ਕੌਂਸਲ ਨੇ ਕੀਤਾ ਧੰਨਵਾਦ :

ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦੇ ਚੀਫ ਐਗਜ਼ੀਕਿਊਟਿਵ ਮਨੂ ਸਾਹਨੀ ਨੇ ਵੀ ਇਸ ਕਦਮ ਲਈ ਖ਼ੁਸ਼ੀ ਜ਼ਾਹਰ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਮਹਿਲਾ ਖੇਡਾਂ ਦਾ ਵਿਕਾਸ ਹੋਵੇਗਾ ਤੇ ਮਹਿਲਾ ਕ੍ਰਿਕਟ ਦੁਨੀਆ ਵਿਚ ਹਰਮਨਪਿਆਰੀ ਹੋਵੇਗੀ। ਉਨ੍ਹਾਂ ਨੇ ਕਿਹਾ ਕਿ ਅਸੀਂ ਖ਼ੁਸ਼ ਹਾਂ ਤੇ ਇਹ ਸਾਡੇ ਲਈ ਸਨਮਾਨ ਦੀ ਗੱਲ ਹੈ ਕਿ ਕਾਮਨਵੈਲਥ ਗੇਮਜ਼ ਐਸੋਸੀਏਸ਼ਨਜ਼ ਨੇ ਮਹਿਲਾ ਟੀ-20 ਕ੍ਰਿਕਟ ਨੂੰ ਆਪਣਾ ਹਿੱਸਾ ਬਣਾਉਣ ਲਈ ਵੋਟ ਦਿੱਤਾ ਹੈ।

ਅੱਠ ਟੀਮਾਂ ਹਿੱਸਾ ਲੈਣਗੀਆਂ ਟੂਰਨਾਮੈਂਟ 'ਚ :

ਆਈਸੀਸੀ ਤੇ ਕਾਮਨਵੈਲਥ ਗੇਮਜ਼ ਫੈਡਰੇਸ਼ਨ ਮੁਤਾਬਕ ਅੱਠ ਦੇਸ਼ਾਂ ਦੀਆਂ ਟੀਮਾਂ ਇਸ ਵਿਚ ਸ਼ਾਮਲ ਹੋਣਗੀਆਂ। ਅੱਠ ਟੀਮਾਂ ਦੇ ਆਪਸ ਵਿਚ ਮੁਕਾਬਲੇ ਬਰਮਿੰਘਮ ਦੇ ਏਜਬੇਸਟਨ ਮੈਦਾਨ 'ਤੇ ਹੋਣਗੇ ਜੋ ਕਈ ਖ਼ੂਬਸੂਰਤ ਪਲ਼ਾਂ ਦਾ ਗਵਾਹ ਰਿਹਾ ਹੈ। ਜ਼ਿਕਰਯੋਗ ਹੈ ਕਿ ਏਸ਼ੀਅਨ ਗੇਮਜ਼ ਵਿਚ ਵੀ ਮਹਿਲਾ ਟੀ-20 ਕ੍ਰਿਕਟ ਨੂੰ ਦਾਖ਼ਲਾ ਮਿਲ ਗਿਆ ਹੈ। ਇਸ ਤੋਂ ਇਲਾਵਾ ਓਲੰਪਿਕ ਵਿਚ ਵੀ ਕ੍ਰਿਕਟ ਨੂੰ ਸ਼ਾਮਲ ਕਰਵਾਉਣ ਲਈ ਆਈਸੀਸੀ ਨੇ ਕਦਮ ਉਠਾਉਣੇ ਸ਼ੁਰੂ ਕਰ ਦਿੱਤੇ ਹਨ।