ਕੋਲਕਾਤਾ (ਆਈਏਐੱਨਐੱਸ) : ਭਾਰਤੀ ਟੀਮ ਨੇ ਬੰਗਲਾਦੇਸ਼ ਨਾਲ ਤਿੰਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਜਿੱਤ ਲਈ ਹੈ ਤੇ ਹੁਣ ਵਾਰੀ ਦੋ ਮੈਚਾਂ ਦੀ ਟੈਸਟ ਸੀਰੀਜ਼ ਦੀ ਹੈ ਜਿਸ ਦਾ ਦੂਜਾ ਟੈਸਟ ਮੈਚ ਡੇ-ਨਾਈਟ ਫਾਰਮੈਟ ਵਿਚ 22 ਨਵੰਬਰ ਤੋਂ ਇੱਥੇ ਗ਼ੁਲਾਬੀ ਗੇਂਦ ਨਾਲ ਖੇਡਿਆ ਜਾਵੇਗਾ। ਇਹ ਭਾਰਤ ਤੇ ਬੰਗਲਾਦੇਸ਼ ਦੋਵਾਂ ਦਾ ਪਹਿਲਾ ਡੇ-ਨਾਈਟ ਟੈਸਟ ਮੈਚ ਹੋਵੇਗਾ। ਦੋਵਾਂ ਟੀਮਾਂ ਵਿਚ ਇਕ ਖਿਡਾਰੀ ਅਜਿਹਾ ਜ਼ਰੂਰ ਹੈ ਜਿਸ ਨੇ ਗ਼ੁਲਾਬੀ ਗੇਂਦ ਨਾਲ ਕ੍ਰਿਕਟ ਖੇਡੀ ਹੈ ਤੇ ਉਹ ਹੈ ਭਾਰਤ ਦੇ ਟੈਸਟ ਮਾਹਿਰ ਚੇਤੇਸ਼ਵਰ ਪੁਜਾਰਾ। ਪੁਜਾਰਾ ਨੇ 2016 ਦੀ ਦਲੀਪ ਟਰਾਫੀ ਵਿਚ ਗ਼ੁਲਾਬੀ ਗੇਂਦ ਨਾਲ ਮੈਚ ਖੇਡਿਆ ਸੀ। ਉਸ ਸੀਰੀਜ਼ ਵਿਚ ਪੁਜਾਰਾ ਨੇ ਸਭ ਤੋਂ ਜ਼ਿਆਦਾ 453 ਦੌੜਾਂ ਬਣਾਈਆਂ ਸਨ ਜਿਸ ਵਿਚ ਦੋ ਸੈਂਕੜੇ ਵੀ ਸ਼ਾਮਲ ਸਨ। ਇੰਡੀਆ ਬਲੂ ਵੱਲੋਂ ਖੇਡਦੇ ਹੋਏ ਪੁਜਾਰਾ ਨੇ ਅਜੇਤੂ 256 ਦੌੜਾਂ ਵੀ ਬਣਾਈਆਂ ਸਨ। ਪੁਜਾਰਾ ਨੇ ਗ਼ੁਲਾਬੀ ਗੇਂਦ ਨਾਲ ਬੱਲੇਬਾਜ਼ਾਂ ਨੂੰ ਆਉਣ ਵਾਲੀ ਪਰੇਸ਼ਾਨੀ ਦੀ ਗੱਲ ਨੂੰ ਨਕਾਰ ਦਿੱਤਾ ਤੇ ਕਿਹਾ ਕਿ ਬੱਲੇਬਾਜ਼ਾਂ ਦੇ ਨਜ਼ਰੀਏ ਤੋਂ ਚੀਜ਼ਾਂ ਜ਼ਿਆਦਾ ਬਦਲੀਆਂ ਹੋਈਆਂ ਹੋਣਗੀਆਂ। ਉਨ੍ਹਾਂ ਨੇ ਕਿਹਾ ਕਿ ਮੈਨੂੰ ਨਹੀਂ ਲਗਦਾ ਹੈ ਕਿ ਜਦ ਤੁਸੀਂ ਗ਼ੁਲਾਬੀ ਗੇਂਦ ਨਾਲ ਖੇਡਣਾ ਸ਼ੁਰੂ ਕਰਦੇ ਹੋ ਤਾਂ ਜ਼ਿਆਦਾ ਕੋਈ ਫ਼ਰਕ ਹੁੰਦਾ ਹੈ। ਕਿਉਂਕਿ ਮੈਂ ਐੱਸਜੀ ਗ਼ੁਲਾਬੀ ਗੇਂਦ ਨਾਲ ਨਹੀਂ ਖੇਡਿਆ ਹਾਂ ਇਸ ਲਈ ਮੈਂ ਪੂਰੀ ਤਰ੍ਹਾਂ ਯਕੀਨ ਨਹੀਂ ਕਹਿ ਸਕਦਾ, ਪਰ ਮੈਨੂੰ ਲਗਦਾ ਹੈ ਕਿ ਐੱਸਜੀ ਗ਼ੁਲਾਬੀ ਗੇਂਦ, ਲਾਲ ਗੇਂਦ ਵਾਂਗ ਹੋਵੇਗੀ। ਦੱਖਣੀ ਅਫਰੀਕਾ ਖ਼ਿਲਾਫ਼ ਖੇਡੀ ਗਈ ਹਾਲੀਆ ਸੀਰੀਜ਼ ਨੂੰ ਦੇਖੋ, ਗੇਂਦ ਨੇ ਜਿਸ ਤਰ੍ਹਾਂ ਆਪਣਾ ਆਕਾਰ ਬਣਾਈ ਰੱਖਿਆ ਉਸ ਨਾਲ ਖਿਡਾਰੀ ਕਾਫੀ ਖ਼ੁਸ਼ ਸਨ ਇਸ ਲਈ ਅਸੀਂ ਗ਼ੁਲਾਬੀ ਗੇਂਦ ਤੋਂ ਵੀ ਅਜਿਹੀ ਉਮੀਦ ਕਰ ਰਹੇ ਹਾਂ। ਹਾਂ ਇਹ ਲਾਲ ਗੇਂਦ ਦੇ ਮੁਕਾਬਲੇ ਥੋੜ੍ਹੀ ਵੱਖਰੀ ਜ਼ਰੂਰੀ ਹੋਵੇਗੀ ਪਰ ਜ਼ਿਆਦਾ ਕੋਈ ਫ਼ਰਕ ਨਹੀਂ ਹੋਵੇਗਾ।

ਤਜਰਬੇ ਦਾ ਜ਼ਿਆਦਾ ਫ਼ਾਇਦਾ ਨਹੀਂ ਮਿਲੇਗਾ :

ਬੀਸੀਸੀਆਈ ਨੇ ਘਰੇਲੂ ਕ੍ਰਿਕਟ ਵਿਚ ਜਦ ਵੀ ਗ਼ੁਲਾਬੀ ਗੇਂਦ ਦੀ ਵਰਤੋਂ ਕੀਤੀ ਹੈ ਤਾਂ ਕੁਕਾਬੁਰਾ ਦੀ ਕੀਤੀ ਹੈ। ਉਥੇ ਹੋਰ ਮੈਚਾਂ ਵਿਚ ਬੀਸੀਸੀਆਈ ਐੱਸਜੀ ਗੇਂਦ ਦੀ ਵਰਤੋਂ ਕਰਦੀ ਹੈ। ਕੁਕਾਬੁਰਾ ਗੇਂਦ ਨਾਲ ਖੇਡਣ ਦੇ ਆਪਣੇ ਤਜਰਬੇ ਬਾਰੇ ਪੁੱਛੇ ਜਾਣ 'ਤੇ ਪੁਜਾਰਾ ਨੇ ਕਿਹਾ ਕਿ ਮੈਂ 2016/17 ਵਿਚ ਖੇਡਿਆ ਸੀ ਜਿਸ ਨੂੰ ਹੁਣ ਬਹੁਤ ਸਮਾਂ ਹੋ ਚੁੱਕਾ ਹੈ ਇਸ ਲਈ ਇਸ ਨੂੰ ਫ਼ਾਇਦੇ ਦੇ ਰੂਪ ਵਿਚ ਨਹੀਂ ਦੇਖਿਆ ਜਾ ਸਕਦਾ ਪਰ ਹਾਂ ਉਹ ਤਜਰਬਾ ਮਦਦਗਾਰ ਜ਼ਰੂਰ ਹੋਵੇਗਾ, ਇਸ ਵਿਚ ਕੋਈ ਸ਼ੱਕ ਨਹੀਂ ਹੈ।

ਸ਼ਾਮ ਨੂੰ ਖੇਡਣਾ ਹੋ ਸਕਦੈ ਚੁਣੌਤੀਪੂਰਨ :

ਪੁਜਾਰਾ ਨੇ ਕਿਹਾ ਕਿ ਜਦ ਤੁਸੀਂ ਗ਼ੁਲਾਬੀ ਗੇਂਦ ਨਾਲ ਖੇਡਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਤੁਹਾਨੂੰ ਕਿਸ ਸਮੇਂ ਕੀ ਉਮੀਦ ਕਰਨੀ ਹੈ ਇਸ ਲਈ ਪੁਰਾਣਾ ਤਜਰਬਾ ਮਦਦਗਾਰ ਹੋਵੇਗਾ। ਕਈ ਵਾਰ ਗ਼ੁਲਾਬੀ ਗੇਂਦ ਨਾਲ ਖੇਡਣਾ ਸ਼ਾਮ ਦੇ ਸਮੇਂ ਚੁਣੌਤੀਪੂਰਨ ਹੁੰਦਾ ਹੈ। ਤੁਹਾਨੂੰ ਥੋੜ੍ਹੇ ਬਹੁਤ ਅਭਿਆਸ ਦੀ ਲੋੜ ਹੁੰਦੀ ਹੈ ਤੇ ਇਕ ਵਾਰ ਤੁਸੀਂ ਜਦ ਗ਼ੁਲਾਬੀ ਗੇਂਦ ਨਾਲ ਖੇਡਣ ਲਗਦੇ ਹੋ ਤਾਂ ਤੁਸੀਂ ਇਸ ਦੇ ਆਦੀ ਹੋ ਜਾਂਦੇ ਹੋ। ਇਸ ਲਈ ਇਹ ਮੈਚ ਤੋਂ ਪਹਿਲਾਂ ਸਿਰਫ਼ ਅਭਿਆਸ ਦੀ ਗੱਲ ਹੈ। ਮੈਨੂੰ ਜਦ ਵੀ ਮੌਕਾ ਮਿਲੇਗਾ ਮੈਂ ਅਭਿਆਸ ਕਰਨ ਦੀ ਕੋਸ਼ਿਸ਼ ਕਰਾਂਗਾ।