ਬਰਮਿੰਘਮ (ਜੇਐੱਨਐੱਨ) : ਚਾਹੇ ਇੰਗਲੈਂਡ ਵਿਚ ਟੀਮ ਇੰਡੀਆ ਕਿਸੇ ਵੀ ਕਾਰਨ ਸੀਰੀਜ਼ ਹਾਰੇ, ਚਾਹੇ ਇੰਗਲੈਂਡ ਖ਼ਿਲਾਫ਼ ਵਿਸ਼ਵ ਕੱਪ ਮੁਕਾਬਲੇ ਵਿਚ ਯੁਜਵਿੰਦਰ ਸਿੰਘ ਚਹਿਲ ਬਿਨਾਂ ਵਿਕਟ ਲੈ ਕੇ 88 ਦੌੜਾਂ ਖ਼ਰਚ ਕਰ ਕੇ ਇਸ ਟੂਰਨਾਮੈਂਟ ਵਿਚ ਇਕ ਪਾਰੀ ਵਿਚ ਸਭ ਤੋਂ ਜ਼ਿਆਦਾ ਦੌੜਾਂ ਖ਼ਰਚ ਕਰਨ ਵਾਲੇ ਭਾਰਤੀ ਗੇਂਦਬਾਜ਼ ਬਣਨ, ਚਾਹੇ ਹੀ ਉਹ ਪਿਛਲੇ ਸਾਲ ਆਇਰਲੈਂਡ ਤੇ ਇੰਗਲੈਂਡ ਖ਼ਿਲਾਫ਼ ਚਾਰ ਟੀ-20 ਵਿਚ ਸਭ ਤੋਂ ਜ਼ਿਆਦਾ 12 ਵਿਕਟਾਂ ਲੈ ਚੁੱਕੇ ਹੋਣ, ਪਰ ਜਦ ਵੀ ਟੀਮ ਵਿਚ ਤਬਦੀਲੀ ਦੀ ਲੋੜ ਹੋਵੇਗੀ ਤਾਂ ਕੁਲਦੀਪ ਯਾਦਵ ਨੂੰ ਹੀ ਬਾਹਰ ਦਾ ਰਾਹ ਦਿਖਾਇਆ ਜਾਵੇਗਾ ਤੇ ਅਜਿਹਾ ਹੀ ਮੰਗਲਵਾਰ ਨੂੰ ਬੰਗਲਾਦੇਸ਼ ਖ਼ਿਲਾਫ਼ ਹੋਏ ਮੁਕਾਬਲੇ ਵਿਚ ਦਿਖਾਈ ਦਿੱਤਾ। ਜਿੱਥੇ ਟੀਮ ਇੰਡੀਆ ਨੇ ਚਹਿਲ ਨੂੰ ਬਾਹਰ ਦਾ ਰਾਹ ਦਿਖਾਉਣਾ ਸੀ ਉਥੇ ਕਪਤਾਨ ਵਿਰਾਟ ਕੋਹਲੀ ਨੇ ਆਪਣੀ ਆਈਪੀਐੱਲ ਟੀਮ ਰਾਇਲ ਚੈਲੰਜਰਜ਼ ਬੈਂਗਲੁਰੂ (ਆਰਸੀਬੀ) ਦੇ ਗੇਂਦਬਾਜ਼ ਨੂੰ ਬਚਾਇਆ ਤੇ ਚਾਈਨਾਮੈਨ ਗੇਂਦਬਾਜ਼ ਕੁਲਦੀਪ ਦੀ ਥਾਂ ਤੇਜ਼ ਗੇਂਦਬਾਜ਼ ਭੁਵਨੇਸ਼ਵਰ ਕੁਮਾਰ ਨੂੰ ਆਖ਼ਰੀ-11 ਵਿਚ ਥਾਂ ਦਿੱਤੀ। ਭਾਰਤ ਨੇ ਇਸ ਮੈਚ ਲਈ ਇਕ ਤਬਦੀਲੀ ਕੀਤੀ ਗਈ। ਇਸ ਵਿਚ ਕੇਦਾਰ ਜਾਧਵ ਦੀ ਥਾਂ ਦਿਨੇਸ਼ ਕਾਰਤਿਕ ਨੂੰ ਮੌਕਾ ਦਿੱਤਾ ਗਿਆ। ਇੰਗਲੈਂਡ ਖ਼ਿਲਾਫ਼ ਹਾਰ ਤੋਂ ਬਾਅਦ ਭਾਰਤੀ ਟੀਮ ਦਬਾਅ ਵਿਚ ਸੀ ਤੇ ਉਸ ਨੇ ਸਹੀ ਟੀਮ ਲੱਭਣੀ ਸੀ ਤੇ ਇਸ ਭਾਲ ਵਿਚ ਉਸ ਨੇ ਜਾਧਵ ਦੇ ਨਾਲ ਕੁਲਦੀਪ ਨੂੰ ਬਲੀ ਦਾ ਬੱਕਰਾ ਬਣਾਉਣਾ ਵਾਜਬ ਸਮਿਝਆ। ਗੁੱਟ ਦੇ ਸਪਿੰਨਰ ਚਹਿਲ ਨੇ ਐਤਵਾਰ ਨੂੰ ਬਰਮਿੰਘਮ ਦੇ ਹੀ ਏਜਬੇਸਟਨ ਸਟੇਡੀਅਮ ਵਿਚ ਇੰਗਲੈਂਡ ਖ਼ਿਲਾਫ਼ 10 ਓਵਰਾਂ ਵਿਚ 88 ਦੌੜਾਂ ਦਿੱਤੀਆਂ। ਇੰਗਲਿਸ਼ ਬੱਲੇਬਾਜ਼ਾਂ ਨੇ ਉਨ੍ਹਾਂ ਦੇ ਓਵਰਾਂ ਵਿਚ ਸੱਤ ਚੌਕੇ ਤੇ ਛੇ ਛੱਕੇ ਲਾਏ। ਕੋਈ ਅਜਿਹਾ ਓਵਰ ਨਹੀਂ ਗਿਆ ਜਦ ਅਜਿਹਾ ਲੱਗਾ ਹੋਵੇ ਕਿ ਉਹ ਵਿਰੋਧੀ ਟੀਮ 'ਤੇ ਦਬਾਅ ਬਣਾਉਣ ਦੀ ਸਥਿਤੀ ਵਿਚ ਹੋਣ। ਉਥੇ ਕੁਲਦੀਪ ਨੇ 10 ਓਵਰਾਂ ਵਿਚ 72 ਦੌੜਾਂ ਦਿੱਤੀਆਂ ਤੇ ਜੇਸਨ ਰਾਏ ਦੀ ਵਿਕਟ ਡੇਗੀ। ਰਾਏ ਦੀ ਵਿਕਟ ਡਿੱਗਣ ਤੋਂ ਬਾਅਦ ਹੀ ਇੰਗਲੈਂਡ ਦੀ ਦੌੜਾਂ ਦੀ ਅੌਸਤ ਘੱਟ ਹੋਈ ਤੇ 360 ਵੱਲ ਵਧ ਰਹੀ ਮੇਜ਼ਬਾਨ ਟੀਮ 337 ਦੌੜਾਂ 'ਤੇ ਰੁਕ ਗਈ। ਹਾਲਾਂਕਿ ਇਸ ਦੇ ਬਾਵਜੂਦ ਭਾਰਤੀ ਟੀਮ ਉਹ ਮੈਚ 31 ਦੌੜਾਂ ਨਾਲ ਹਾਰ ਗਈ। ਕੁਲਦੀਪ ਦੇ ਓਵਰਾਂ ਵਿਚ ਪੰਜ ਚੌਕੇ ਤੇ ਤਿੰਨ ਛੱਕੇ ਲੱਗੇ। ਇਹੀ ਨਹੀਂ, ਇੰਗਲੈਂਡ ਦੇ ਮੁਕਾਬਲੇ ਵਿਚ ਚਹਿਲ ਤੇ ਕੁਲਦੀਪ ਵਿਚ ਕੌਣ ਬਿਹਤਰ ਸੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਚਹਿਲ ਦੇ ਨੌਵੇਂ ਤੇ ਮੈਚ ਦੇ 40ਵੇਂ ਓਵਰ ਵਿਚ ਬੇਨ ਸਟੋਕਸ ਨੇ ਰਿਵਰਸ ਸਲਾਗ ਸਵੀਪ 'ਤੇ ਛੱਕਾ ਮਾਰਿਆ ਜੋ ਆਮ ਗੱਲ ਨਹੀਂ ਹੈ। ਚਹਿਲ ਦੇ ਅਗਲੇ ਓਵਰ ਵਿਚ ਸਟੋਕਸ ਨੇ ਸਭ ਤੋਂ ਲੰਬੇ ਕਾਊ ਕਾਰਨਰ 'ਤੇ ਛੱਕਾ ਤੇ ਰੂਟ ਨੇ ਚੌਕਾ ਲਾਇਆ। ਉਥੇ ਆਪਣੇ ਸ਼ੁਰੂਆਤੀ ਚਾਰ ਓਵਰਾਂ ਵਿਚ 46 ਦੌੜਾਂ ਦੇਣ ਵਾਲੇ ਕੁਲਦੀਪ ਨੇ ਆਖ਼ਰੀ ਛੇ ਓਵਰਾਂ ਵਿਚ ਸਿਰਫ਼ 26 ਦੌੜਾਂ ਦੇ ਕੇ ਇੰਗਲੈਂਡ ਦੇ ਸਕੋਰ 'ਤੇ ਲਗਾਮ ਲਾਈ ਤੇ ਚਹਿਲ ਤੋਂ ਬਿਹਤਰ ਗੇਂਦਬਾਜ਼ੀ ਕੀਤੀ। ਬੇਰਸਟੋ ਤੇ ਰਾਏ ਤੋਂ ਇਲਾਵਾ ਕੋਈ ਬੱਲੇਬਾਜ਼ ਉਨ੍ਹਾਂ ਨੂੰ ਮਾਰ ਨਹੀਂ ਸਕਿਆ।

ਚਹਿਲ ਨੂੰ ਹਰ ਬੱਲੇਬਾਜ਼ ਨੇ ਚਾੜਿ੍ਹਆ ਕੁਟਾਪਾ

ਚਹਿਲ ਨੂੰ ਹਰ ਬੱਲੇਬਾਜ਼ ਨੇ ਕੁਟਾਪਾ ਚਾੜਿ੍ਹਆ। 24 ਸਾਲਾ ਕੁਲਦੀਪ ਨੇ 50 ਵਨ ਡੇ ਵਿਚ 4.93 ਦੀ ਇਕਾਨਮੀ ਅਤੇ 23.59 ਦੀ ਔਸਤ ਨਾਲ 92 ਵਿਕਟਾਂ ਲਈਆਂ ਹਨ ਜਦਕਿ ਚਹਿਲ ਨੇ ਇਸ ਮੈਚ ਤੋਂ ਪਹਿਲਾਂ 47 ਵਨ ਡੇ ਵਿਚ 5.04 ਦੀ ਇਕਾਨਮੀ ਅਤੇ 25.62 ਦੀ ਅੌਸਤ ਨਾਲ 82 ਵਿਕਟਾਂ ਲਈਆਂ ਹਨ। ਹਾਲਾਂਕਿ ਇਸ ਵਿਸ਼ਵ ਕੱਪ ਵਿਚ ਚਹਿਲ ਨੇ 10 ਵਿਕਟਾਂ ਲਈਆਂ ਹਨ ਜਦਕਿ ਕੁਲਦੀਪ ਨੇ ਪੰਜ ਵਿਕਟਾਂ ਲਈਆਂ ਹਨ। ਵਿਰਾਟ ਨੇ ਇਸ ਦੌਰਾਨ ਉਨ੍ਹਾਂ ਨੂੰ 10 ਤੋਂ 40 ਓਵਰਾਂ ਵਿਚਾਲੇ ਗੇਂਦਬਾਜ਼ੀ ਕਰਵਾਈ ਜਿਸ ਵਿਚ ਵਿਕਟਾਂ ਘੱਟ ਮਿਲਦੀਆਂ ਹਨ।