ਪੋਰਟ ਆਫ ਸਪੇਨ (ਪੀਟੀਆਈ) : ਬੱਲੇਬਾਜ਼ੀ 'ਚ ਲੈਅ ਹਾਸਲ ਕਰਨ ਲਈ ਜੂਝ ਰਹੇ ਵੈਸਟਇੰਡੀਜ਼ ਦੇ ਹਰਫ਼ਨਮੌਲਾ ਕਾਰਲੋਸ ਬ੍ਰੇਥਵੇਟ ਨੇ ਕਿਹਾ ਹੈ ਕਿ ਉਹ ਇਸ ਲਈ ਆਪਣੀ ਫਿਟਨੈੱਸ ਤੇ ਖੇਡ ਦੇ ਤਰੀਕੇ ਵਿਚ ਤਬਦੀਲੀ ਕਰਨ 'ਤੇ ਧਿਆਨ ਦੇ ਰਹੇ ਹਨ। ਬ੍ਰੇਥਵੇਟ ਨੇ ਭਾਰਤ ਖ਼ਿਲਾਫ਼ ਸੀਮਤ ਓਵਰਾਂ (ਟੀ-20 ਤੇ ਵਨ ਡੇ) ਦੀ ਮੌਜੂਦਾ ਸੂਰੀਜ਼ ਵਿਚ 09, 10 ਤੇ 00 ਦੌੜਾਂ ਦੀਆਂ ਪਾਰੀਆਂ ਖੇਡੀਆਂ ਹਨ। ਉਨ੍ਹਾਂ ਨੇ ਭਾਰਤ ਖ਼ਿਲਾਫ਼ ਵਨ ਡੇ ਸੀਰੀਜ਼ ਦੇ ਤੀਜੇ ਤੇ ਆਖ਼ਰੀ ਮੁਕਾਬਲੇ ਤੋਂ ਪਹਿਲਾਂ ਇੱਥੇ ਕਿਹਾ ਕਿ ਮੈਨੂੰ ਲਗਦਾ ਹੈ ਕਿ ਮੈਂ ਸ਼ਾਟ ਲਾਉਣ, ਸਵੀਪ ਕਰਨ ਤੇ ਬੱਲੇਬਾਜ਼ੀ ਦੇ ਵੱਖ ਵੱਖ ਪਹਿਲੂਆਂ 'ਤੇ ਧਿਆਨ ਦਿੱਤਾ ਹੈ। ਕੋਚ ਤੇ ਸਹਿਯੋਗੀ ਮੈਂਬਰਾਂ ਨਾਲ ਮੇਰੀ ਗੱਲਬਾਤ ਕਾਫੀ ਸਕਾਰਾਤਮਕ ਰਹੀ ਹੈ। ਮੈਨੂੰ ਆਪਣੀ ਫਿਟਨੈੱਸ ਤੋਂ ਥੋੜ੍ਹੀ ਨਿਰਾਸ਼ਾ ਹੋਈ ਹੈ। ਮੈਂ ਪਿਛਲੇ 12 ਤੋਂ 14 ਮਹੀਨੇ ਤੋਂ ਫਿਟਨੈੱਸ 'ਤੇ ਕਾਫੀ ਮਿਹਨਤ ਕਰ ਰਿਹਾ ਹਾਂ। ਮੈਨੂੰ ਲਗਦਾ ਹੈ ਕਿ ਮੈਂ ਥੋੜ੍ਹਾ ਮਜ਼ਬੂਤ ਵੀ ਹੋਇਆ ਹਾਂ। ਬ੍ਰੇਥਵੇਟ ਪਿਛਲੇ ਦਿਨੀਂ ਇੰਗਲੈਂਡ ਵਿਚ ਹੋਏ ਵਿਸ਼ਵ ਕੱਪ ਵਿਚ ਨਿਊਜ਼ੀਲੈਂਡ ਖ਼ਿਲਾਫ਼ 82 ਗੇਂਦਾਂ ਵਿਚ 101 ਦੌੜਾਂ ਦੀ ਯਾਦਗਾਰ ਪਾਰੀ ਖੇਡ ਕੇ ਟੀਮ ਨੂੰ ਜਿੱਤ ਦੇ ਨੇੜੇ ਲੈ ਗਏ ਸਨ। ਪਾਰੀ ਦੇ 49ਵੇਂ ਓਵਰ ਵਿਚ ਛੱਕਾ ਲਾ ਕੇ ਟੀਮ ਨੂੰ ਜਿੱਤ ਦਿਵਾਉਣ ਦੀ ਉਨ੍ਹਾਂ ਦੀ ਕੋਸ਼ਿਸ਼ ਹਾਲਾਂਕਿ ਮਹਿੰਗੀ ਸਾਬਤ ਹੋਈ ਤੇ ਉਹ ਬਾਊਂਡਰੀ ਲਾਈਨ ਕੋਲ ਫੜੇ ਗਏ ਜਿਸ ਨਾਲ ਉਨ੍ਹਾਂ ਦੀ ਟੀਮ ਨੇ ਪੰਜ ਦੌੜਾਂ ਨਾਲ ਮੈਚ ਗੁਆ ਦਿੱਤਾ।

ਚੁਣੌਤੀਪੂਰਨ ਸੀ ਕੀਵੀ ਟੀਮ ਖ਼ਿਲਾਫ਼ ਮੈਚ :

ਵਿਸ਼ਵ ਕੱਪ 'ਚ ਨਿਊਜ਼ੀਲੈਂਡ ਖ਼ਿਲਾਫ਼ ਖੇਡੀ ਗਈ ਪਾਰੀ ਦੇ ਸਬੰਧ 'ਚ ਬ੍ਰੇਥਵੇਟ ਨੇ ਕਿਹਾ ਕਿ ਮੇਰੇ ਕੋਲ ਉਥੇ ਬੱਲੇਬਾਜ਼ੀ ਲਈ ਕਾਫੀ ਸਮਾਂ ਸੀ ਇਸ ਕਾਰਨ ਮੈਂ ਆਪਣੇ ਮੁਤਾਬਕ ਬੱਲੇਬਾਜ਼ੀ ਕਰ ਸਕਦਾ ਸੀ। ਮੈਂ ਆਮ ਤੌਰ 'ਤੇ ਹੇਠਲੇ ਨੰਬਰ ਵਿਚ ਬੱਲੇਬਾਜ਼ੀ ਲਈ ਆਉਂਦਾ ਹਾਂ ਤੇ ਉਸ ਮੈਚ ਵਿਚ ਆਖ਼ਰੀ ਓਵਰਾਂ ਵਿਚ ਪੁੱਜਣ ਤੋਂ ਪਹਿਲਾਂ ਹੀ ਮੈਂ 40-50 ਗੇਂਦਾਂ ਦਾ ਸਾਹਮਣਾ ਕਰ ਲਿਆ ਸੀ। ਇਹ ਮੇਰੇ ਲਈ ਚੁਣੌਤੀ ਵਾਲਾ ਸੀ। ਮੈਨੂੰ ਹਮੇਸ਼ਾ ਅਜਿਹੀ ਸਥਿਤੀ ਦਾ ਸਾਹਮਣਾ ਨਹੀਂ ਕਰਨਾ ਪੈਂਦਾ।