v> ਜੇਐੱਨਐੱਨ, ਕੋਲਕਾਤਾ : ਬੀਸੀਸੀਆਈ ਦੇ ਸੰਭਾਵੀ ਪ੍ਰਧਾਨ ਸੌਰਵ ਗਾਂਗੁਲੀ ਨੂੰ 25 ਅਕਤੂਬਰ ਨੂੰ ਬੰਗਾਲ ਕ੍ਰਿਕਟ ਸੰੰਘ (ਕੈਬ) ਸਨਮਾਨਿਤ ਕਰੇਗਾ। ਸਨਮਾਨ ਸਮਾਰੋਹ 'ਚ ਟੀਮ ਇੰਡੀਆ 'ਚ ਸੌਰਵ ਦੇ ਪਹਿਲੇ ਕਪਤਾਨ ਰਹੇ ਮੁਹੰਮਦ ਅਜਹਰੂਦੀਨ ਤੋਂ ਇਲਾਵਾ ਯੁਵਰਾਜ ਸਿੰਘ, ਵੀਵੀਐੱਸ ਲਕਸ਼ਮਣ ਤੇ ਹਰਭਜਨ ਸਿੰਘ ਮੌਜੂਦ ਰਹਿਣਗੇ। ਇਸ ਦੇ ਨਾਲ ਹੀ ਬੰਗਾਲ ਰਣਜੀ ਟੀਮ ਦੇ ਸਾਰੇ ਸਾਬਕਾ ਕਪਤਾਨਾਂ ਨੂੰ ਵੀ ਸੱਦਾ ਦਿੱਤਾ ਗਿਆ ਹੈ। ਕੈਬ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਸਨਮਾਨ ਸਮਾਰੋਹ ਪਹਿਲਾਂ ਕੋਲਕਾਤਾ ਦੇ ਪੰਜ ਤਾਰਾ ਹੋਟਲ 'ਚ ਹੋਣਾ ਸੀ ਪਰ ਬਾਅਦ 'ਚ ਈਡਨ ਗਾਰਡਨਸ ਸਟੇਡੀਅਮ ਦੇ ਡਰੈਸਿੰਗ ਰੂਮ ਦੇ ਸਾਹਮਣੇ ਕਰਵਾਉਣ ਦਾ ਫ਼ੈਸਲਾ ਲਿਆ ਗਿਆ। ਸਨਮਾਨ ਸਮਾਰੋਹ 'ਚ ਸੌਰਵ ਨੂੰ ਚਾਂਦੀ ਦੀ ਟਰਾਫੀ ਭੇਟ ਕੀਤੀ ਜਾਵੇਗੀ। ਸੌਰਵ 23 ਅਕਤੂਬਰ ਨੂੰ ਅਧਿਕਾਰਤ ਤੌਰ 'ਤੇ ਬੀਸੀਸੀਆਈ ਦੇ ਚੇਅਰਮੈਨ ਵਜੋਂ ਅਹੁਦਾ ਸੰਭਾਲ ਲੈਣਗੇ। ਇਸ ਦੀ ਖ਼ੁਸ਼ੀ 'ਚ ਕੈਬ ਵੱਲੋਂ ਸਨਮਾਨ ਸਮਾਰੋਹ ਕਰਵਾਇਆ ਜਾ ਰਿਹਾ ਹੈ। ਸੌਰਵ ਕੈਬ ਦੇ ਪ੍ਰਧਾਨ ਵੀ ਹਨ। ਜਗਮੋਹਨ ਡਾਲਮੀਆ ਤੋਂ ਬਾਅਦ ਉਹ ਬੰਗਾਲ ਤੋਂ ਇਹ ਅਹੁਦਾ ਸੰਭਾਲਣ ਵਾਲੇ ਦੂਜੇ ਵਿਅਕਤੀ ਹੋਣਗੇ।

Posted By: Sukhdev Singh