ਦੁਬਈ (ਪੀਟੀਆਈ) : ਵੈਸਟਇੰਡੀਜ਼ ਦੇ ਵਿਕਟਕੀਪਰ ਬੱਲੇਬਾਜ਼ ਨਿਕੋਲਸ ਪੂਰਨ ਨੂੰ ਅਫ਼ਗਾਨਿਸਤਾਨ ਖ਼ਿਲਾਫ਼ ਤੀਜੇ ਵਨ ਡੇ ਮੈਚ ਦੌਰਾਨ ਗੇਂਦ ਨਾਲ ਛੇੜਛਾੜ ਦੀ ਗੱਲ ਸਵੀਕਾਰ ਕਰਨ ਤੋਂ ਬਾਅਦ ਬੁੱਧਵਾਰ ਨੂੰ ਚਾਰ ਮੈਚਾਂ ਲਈ ਮੁਅੱਤਲ ਕਰ ਦਿੱਤਾ ਗਿਆ। ਪੂਰਨ ਇਸ ਅਪਰਾਧ ਲਈ ਜਨਤਕ ਤੌਰ 'ਤੇ ਮਾਫੀ ਵੀ ਮੰਗ ਚੁੱਕੇ ਹਨ। ਪੂਰਨ ਹੁਣ ਵੈਸਟਇੰਡੀਜ਼ ਵੱਲੋਂ ਚਾਰ ਟੀ-20 ਮੈਚਾਂ ਵਿਚ ਨਹੀਂ ਖੇਡ ਸਕਣਗੇ ਤੇ ਉਨ੍ਹਾਂ ਦੇ ਰਿਕਾਰਡ ਵਿਚ ਪੰਜ ਡਿਮੈਰਿਟ ਅੰਕ ਜੋੜੇ ਗਏ ਹਨ। ਤੀਜਾ ਵਨ ਡੇ ਮੈਚ ਲਖਨਊ ਵਿਚ ਸੋਮਵਾਰ ਨੂੰ ਖੇਡਿਆ ਗਿਆ ਸੀ। ਆਈਸੀਸੀ ਨੇ ਕਿਹਾ ਕਿ ਖਿਡਾਰੀਆਂ ਤੇ ਖਿਡਾਰੀਆਂ ਦੇ ਸਹਿਯੋਗੀ ਸਟਾਫ ਨਾਲ ਜੁੜੇ ਆਈਸੀਸੀ ਜ਼ਾਬਤੇ ਦੇ ਲੈਵਲ ਤਿੰਨ ਦੇ ਉਲੰਘਣ ਦੀ ਗੱਲ ਸਵੀਕਾਰ ਕਰਨ ਤੋਂ ਬਾਅਦ ਪੂਰਨ ਨੂੰ ਚਾਰ ਮੁਅੱਤਲੀ ਅੰਕ ਦਿੱਤੇ ਗਏ। ਵੀਡੀਓ ਫੁਟੇਜ ਵਿਚ ਦਿਖਾਈ ਦਿੱਤਾ ਸੀ ਕਿ ਇਹ ਕ੍ਰਿਕਟਰ ਅੰਗੂਠੇ ਦੇ ਨਹੁੰਆਂ ਨਾਲ ਗੇਂਦ ਦੀ ਸਤ੍ਹਾ ਨੂੰ ਖਰੋਚ ਰਿਹਾ ਸੀ ਜਿਸ ਤੋਂ ਬਾਅਦ ਪੂਰਨ 'ਤੇ ਜ਼ਾਬਤੇ ਦੇ ਨਿਯਮ 2.14 ਦੇ ਉਲੰਘਣ ਦਾ ਦੋਸ਼ ਲਾਇਆ ਗਿਆ ਜੋ ਗੇਂਦ ਦੀ ਹਾਲਤ ਬਦਲਣ ਨਾਲ ਸਬੰਧਤ ਹੈ। ਪੂਰਨ ਨੇ ਮੰਗਲਵਾਰ ਨੂੰ ਆਪਣਾ ਅਪਰਾਧ ਸਵੀਕਾਰ ਕਰ ਲਿਆ ਤੇ ਨਾਲ ਹੀ ਮੈਚ ਰੈਫਰੀ ਕ੍ਰਿਸ ਬਰਾਡ ਦੀ ਸਜ਼ਾ ਵੀ ਮੰਨ ਲਈ।

ਗ਼ਲਤੀ ਦੁਹਰਾਈ ਨਹੀਂ ਜਾਵੇਗੀ : ਨਿਕੋਲਸ

ਨਿਕੋਲਸ ਪੂਰਨ ਨੇ ਕਿਹਾ ਕਿ ਮੈਨੂੰ ਪਤਾ ਲੱਗ ਗਿਆ ਹੈ ਕਿ ਮੈਂ ਫ਼ੈਸਲਾ ਕਰਨ ਵਿਚ ਬਹੁਤ ਵੱਡੀ ਗ਼ਲਤੀ ਕੀਤੀ ਤੇ ਮੈਂ ਆਈਸੀਸੀ ਦੀ ਸਜ਼ਾ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਦਾ ਹਾਂ। ਮੈਂ ਸਾਰਿਆਂ ਨੂੰ ਭਰੋਸਾ ਦੇਣਾ ਚਾਹੁੰਦਾ ਹਾਂ ਕਿ ਇਹ ਇਕੋ ਇਕ ਘਟਨਾ ਹੈ ਤੇ ਇਹ ਦੁਹਰਾਈ ਨਹੀਂ ਜਾਵੇਗੀ। ਲਖਨਊ ਵਿਚ ਸੋਮਵਾਰ ਨੂੰ ਖੇਡ ਦੇ ਮੈਦਾਨ 'ਤੇ ਜੋ ਹੋਇਆ ਉਸ ਲਈ ਮੈਂ ਟੀਮ ਦੇ ਆਪਣੇ ਸਾਥੀਆਂ, ਸਮਰਥਕਾਂ ਤੇ ਅਫ਼ਗਾਨਿਸਤਾਨ ਦੀ ਟੀਮ ਤੋਂ ਮਾਫ਼ੀ ਮੰਗਣਾ ਚਾਹੁੰਦਾ ਹਾਂ।