ਆਕਲੈਂਡ (ਏਐੱਫਪੀ) : 2019 ਦੇ ਫਾਈਨਲ ਵਿਚ ਨਿਊਜ਼ੀਲੈਂਡ ਕ੍ਰਿਕਟ ਟੀਮ ਨੂੰ ਇੰਗਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਤੇ ਇੰਗਲਿਸ਼ ਟੀਮ ਦੇ ਜਿੱਤ ਦੇ ਨਾਇਕ ਬੇਨ ਸਟੋਕਸ ਰਹੇ ਸਨ। ਸਟੋਕਸ ਨੇ ਇੰਗਲੈਂਡ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਨਿਊਜ਼ੀਲੈਂਡ ਆਫ ਦ ਯੀਅਰ ਦੇ ਰੂਪ ਵਿਚ ਨਾਮਜ਼ਦਗ ਕੀਤਾ ਗਿਆ। ਇਸ ਸਨਮਾਨ ਲਈ ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਦੀ ਵੀ ਚੋਣ ਕੀਤੀ ਗਈ ਹੈ। ਸਟੋਕਸ ਨੇ ਵਿਸ਼ਵ ਕੱਪ ਦੇ ਫਾਈਨਲ ਮੈਚ ਵਿਚ ਨਿਊਜ਼ੀਲੈਂਡ ਖ਼ਿਲਾਫ਼ 84 ਦੌੜਾਂ ਦੀ ਅਜੇਤੂ ਪਾਰੀ ਖੇਡੀ ਸੀ। ਸਟੋਕਸ ਮੂਲ ਰੂਪ ਨਾਲ ਨਿਊਜ਼ੀਲੈਂਡ ਦੇ ਹੀ ਹਨ ਤੇ ਉਹ ਜਦ 12 ਸਾਲ ਦੇ ਸਨ ਤਦ ਉਨ੍ਹਾਂ ਦੇ ਪਿਤਾ ਇੰਗਲੈਂਡ ਚਲੇ ਗਏ ਸਨ। ਬੇਨ ਦੇ ਪਿਤਾ ਗੇਰਾਰਡ ਨੇ ਨਿਊਜ਼ੀਲੈਂਡ ਲਈ ਰਗਬੀ ਲੀਗ ਖੇਡੀ ਸੀ ਤੇ ਉਸ ਸਮੇਂ ਇੰਗਲੈਂਡ ਵਿਚ ਕੋਚਿੰਗ ਦੇ ਰਹੇ ਸਨ। ਸਟੋਕਸ ਤਦ ਤੋਂ ਇੰਗਲੈਂਡ ਵਿਚ ਹੀ ਬਣੇ ਹੋਏ ਹਨ। ਹਾਲਾਂਕਿ ਬੇਨ ਦੇ ਪਿਤਾ ਹੁਣ ਮੁੜ ਨਿਊਜ਼ੀਲੈਂਡ ਵਾਪਿਸ ਆ ਗਏ ਹਨ ਤੇ ਕ੍ਰਾਈਸਟਚਰਚ ਸ਼ਹਿਰ ਵਿਚ ਰਹਿ ਰਹੇ ਹਨ। ਨਿਊਜ਼ੀਲੈਂਡ ਆਫ ਈਯਰ ਦੇ ਮੁੱਖ ਜੱਜ ਕੈਮਰਨ ਬੇਨੇਟ ਨੇ ਕਿਹਾ ਕਿ ਸਟੋਕਸ ਬੇਸ਼ੱਕ ਨਿਊਜ਼ੀਲੈਂਡ ਲਈ ਨਹੀਂ ਖੇਡ ਰਹੇ ਹਨ ਪਰ ਉਹ ਕ੍ਰਾਈਸਟਚਰਚ ਵਿਚ ਪੈਦਾ ਹੋਏ ਹਨ ਜਿੱਥੇ ਉਨ੍ਹਾਂ ਦੇ ਮਾਤਾ-ਪਿਤਾ ਹੁਣ ਰਹਿੰਦੇ ਹਨ ਤੇ ਉਹ ਮਾਓਰੀ ਵੰਸ਼ ਦੇ ਨਾਲ ਹਨ। ਉਥੇ ਸਪੱਸ਼ਟ ਰੂਪ ਨਾਲ ਕੁਝ ਕੀਵੀ ਇਹ ਸੋਚ ਰਹੇ ਹੋਣਗੇ ਕਿ ਉਹ ਅਜੇ ਵੀ ਇਹ ਦਾਅਵਾ ਕਰ ਸਕਦੇ ਹਨ ਕਿ ਸਟੋਕਸ ਉਨ੍ਹਾਂ ਦੇ ਆਪਣੇ ਹਨ। ਬੇਨੇਟ ਨੇ ਕਿਹਾ ਕਿ ਜਿਸ ਤਰ੍ਹਾਂ ਵਿਲੀਅਮਸਨ ਨੇ ਫਾਈਨਲ ਵਿਚ ਤੇ ਪੂਰੇ ਵਿਸ਼ਵ ਕੱਪ ਵਿਚ ਟੀਮ ਨੂੰ ਚਲਾਇਆ, ਉਹ ਸ਼ਾਨਦਾਰ ਸੀ। ਉਨ੍ਹਾਂ ਨੇ ਕਿਹਾ ਕਿ ਵਿਲੀਅਮਸਨ ਨੇ ਵਿਸ਼ਵ ਕੱਪ ਵਿਚ ਹੌਸਲੇ, ਨਿਰਪੱਖਤਾ, ਹਲੀਮੀ ਦਾ ਪ੍ਰਦਰਸ਼ਨ ਕੀਤਾ। ਜ਼ਿਕਰਯੋਗ ਹੈ ਕਿ ਇਸ ਐਵਾਰਡ ਲਈ ਸਟੋਕਸ ਤੋਂ ਇਲਾਵਾ ਦਸ ਖਿਡਾਰੀਆਂ ਦੀ ਚੋਣ ਕੀਤੀ ਗਈ ਹੈ। ਸਟੋਕਸ ਨੂੰ ਨਿਊਜ਼ੀਲੈਂਡ ਆਫ ਦ ਯੀਅਰ ਦੇ ਸਨਮਾਨ ਨਾਲ ਨਾਮਜ਼ਦ ਕਰਨਾ ਇਹ ਦਿਖਾਉਂਦਾ ਹੈ ਕਿ ਨਿਊਜ਼ੀਲੈਂਡ ਦੇ ਲੋਕ ਅਜੇ ਵੀ ਉਨ੍ਹਾਂ ਨੂੰ ਆਪਣਾ ਹੀ ਮੰਨਦੇ ਹਨ।