ਮੈਲਬੌਰਨ (ਏਐੱਫਪੀ) : ਆਸਟ੍ਰੇਲੀਆ ਨੇ ਘਰੇਲੂ ਮੈਦਾਨ 'ਤੇ ਸ਼ਾਨਦਾਰ ਪ੍ਰਦਰਸ਼ਨ ਨੂੰ ਜਾਰੀ ਰੱਖਦੇ ਹੋਏ ਸ਼ੁੱਕਰਵਾਰ ਨੂੰ ਇੱਥੇ ਮੈਲਬੌਰਨ ਕ੍ਰਿਕਟ ਮੈਦਾਨ 'ਤੇ ਖੇਡੇ ਗਏ ਤੀਜੇ ਟੀ-20 ਮੈਚ ਵਿਚ ਸ੍ਰੀਲੰਕਾ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਇਸ ਜਿੱਤ ਨਾਲ ਹੀ ਆਸਟ੍ਰੇਲੀਆ ਨੇ ਤਿੰਨ ਮੈਚਾਂ ਦੀ ਸੀਰੀਜ਼ 'ਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸ੍ਰੀਲੰਕਾ ਦੀ ਟੀਮ ਨੇ ਤੈਅ 20 ਓਵਰਾਂ 'ਚ ਛੇ ਵਿਕਟਾਂ ਗੁਆ ਕੇ 142 ਦੌੜਾਂ ਬਣਾਈਆਂ ਜਿਸ ਨੂੰ ਮੇਜ਼ਬਾਨ ਟੀਮ ਨੇ 17.4 ਓਵਰਾਂ 'ਚ ਤਿੰਨ ਵਿਕਟਾਂ ਗੁਆ ਕੇ ਹੀ ਹਾਸਲ ਕਰ ਲਿਆ। ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ ਨੂੰ ਅਜੇਤੂ 57 ਦੌੜਾਂ ਦੀ ਪਾਰੀ ਖੇਡਣ ਲਈ ਮੈਨ ਆਫ ਦ ਮੈਚ ਚੁਣਿਆ ਗਿਆ। ਉਨ੍ਹਾਂ ਨੇ ਸੀਰੀਜ਼ ਵਿਚ ਕੁੱਲ 217 ਦੌੜਾਂ ਬਣਾਈਆਂ ਤੇ ਮੈਨ ਆਫ ਦ ਸੀਰੀਜ਼ ਦੇ ਐਵਾਰਡ ਨੂੰ ਵੀ ਹਾਸਲ ਕੀਤਾ।