ਬਿ੍ਸਬੇਨ (ਏਐੱਨਆਈ) : ਰਾਚੇਲ ਹੇਂਸ ਦੇ ਸੈਂਕੜੇ (118) ਦੀ ਬਦੌਲਤ ਆਸਟ੍ਰੇਲੀਆ ਦੀ ਮਹਿਲਾ ਟੀਮ ਨੇ ਸੋਮਵਾਰ ਨੂੰ ਇੱਥੇ ਐਲਨ ਬਾਰਡਰ ਮੈਦਾਨ 'ਤੇ ਦੂਜੇ ਵਨ ਡੇ ਮੈਚ ਵਿਚ ਸ੍ਰੀਲੰਕਾ ਨੂੰ 110 ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਹਸਲ ਕਰ ਲਈ ਹੈ। ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਰਕਦੇ ਹੋਏ 50 ਓਵਰਾਂ ਵਿਚ ਅੱਠ ਵਿਕਟਾਂ 'ਤੇ 283 ਦੌੜਾਂ ਬਣਾਈਆਂ। ਜਵਾਬ ਵਿਚ ਸ੍ਰੀਲੰਕਾਈ ਟੀਮ ਨੌਂ ਵਿਕਟਾਂ 'ਤੇ 172 ਦੌੜਾਂ ਹੀ ਬਣਾ ਸਕੀ। 283 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸ੍ਰੀਲੰਕਾ ਨੇ ਚਮਾਰੀ ਅੱਟਾਪਟੂ (14) ਦੀ ਵਿਕਟ ਜਲਦੀ ਗੁਆ ਦਿੱਤੀ ਜਿਨ੍ਹਾਂ ਨੂੰ ਅੱਠਵੇਂ ਓਵਰ ਵਿਚ ਜੇਸ ਜੋਨਾਸੇਨ (4/31) ਨੇ ਪਵੇਲੀਅਨ ਭੇਜਿਆ। ਅਨੁਸ਼ਕਾ ਸੰਜੀਵਨੀ ਤੇ ਹਰਸ਼ਿਤਾ ਮਾਧਵੀ ਨੇ ਦੂਜੀ ਵਿਕਟ ਲਈ 70 ਦੌੜਾਂ ਦੀ ਭਾਈਵਾਲੀ ਕੀਤੀ ਜਿਸ ਨੂੰ ਨਿਕੋਲਾ ਕੈਰੀ (1/30) ਨੇ ਅਨੁਸ਼ਕਾ ਨੂੰ ਆਊਟ ਕਰ ਕੇ ਤੋੜਿਆ। ਮੱਧ ਕ੍ਰਮ ਵਿਚ ਸਿਰਫ਼ ਸ਼ਸ਼ੀਕਲਾ ਸਿਰੀਵਰਧਨੇ (22) ਤੇ ਨਿਲਾਕਸ਼ੀ ਡਿਸਿਲਵਾ (25) ਹੀ ਦੋਹਰੇ ਅੰਕਾਂ ਤਕ ਪੁੱਜ ਸਕੀਆਂ।

ਪਹਿਲਾਂ ਏਲਿਸਾ ਤੇ ਫਿਰ ਲੇਨਿੰਗ ਨਾਲ ਭਾਈਵਾਲੀ

ਇਸ ਤੋਂ ਪਹਿਲਾਂ ਏਲਿਸਾ ਹਿਲੀ (69) ਤੇ ਰਾਚੇਲ ਹੇਂਸ ਦੀ ਸਲਾਮੀ ਜੋੜੀ ਨੇ ਪਹਿਲੀ ਵਿਕਟ ਲਈ 116 ਦੌੜਾਂ ਜੋੜ ਕੇ ਆਪਣੀ ਟੀਮ ਨੂੰ ਮਜ਼ਬੂਤ ਸ਼ੁਰੂਆਤ ਦਿਵਾਈ। ਹਿਲੀ ਨੂੰ ਸ਼ਸ਼ੀਕਲਾ ਨੇ ਪਵੇਲੀਅਨ ਭੇਜਿਆ। ਇਸ ਤੋਂ ਬਾਅਦ ਕਪਤਾਨ ਮੇਗ ਲੇਨਿੰਗ (46) ਨੇ ਹੇਂਸ ਨਾਲ ਦੂਜੀ ਵਿਕਟ ਲਈ 103 ਦੌੜਾਂ ਜੋੜ ਕੇ ਆਸਟ੍ਰੇਲੀਆ ਨੂੰ ਵੱਡੇ ਸਕੋਰ ਤਕ ਪਹੁੰਚਾਇਆ।