ਪਰਥ (ਏਐੱਫਪੀ) : ਮੇਜ਼ਬਾਨ ਆਸਟ੍ਰੇਲੀਆ ਨੇ ਨਿਊਜ਼ੀਲੈਂਡ ਖ਼ਿਲਾਫ਼ ਪਹਿਲੇ ਡੇ-ਨਾਈਟ ਟੈਸਟ ਵਿਚ ਸ਼ਿਕੰਜਾ ਕੱਸ ਲਿਆ ਹੈ। ਤੀਜੇ ਦਿਨ ਆਸਟ੍ਰੇਲੀਆਈ ਗੇਂਦਬਾਜ਼ਾਂ ਨੇ ਟੀਮ ਨੂੰ ਜੋਸ਼ ਹੇਜ਼ਲਵੁਡ ਦੀ ਕਮੀ ਨਹੀਂ ਮਹਿਸੂਸ ਹੋਣ ਦਿੱਤੀ ਤੇ ਮਹਿਮਾਨ ਟੀਮ ਨੂੰ ਪਹਿਲੀ ਪਾਰੀ ਵਿਚ 55.2 ਓਵਰਾਂ 'ਚ ਸਿਰਫ਼ 166 ਦੌੜਾਂ 'ਤੇ ਸਮੇਟ ਦਿੱਤਾ।

ਪਹਿਲੀ ਪਾਰੀ ਵਿਚ 250 ਦੌੜਾਂ ਦੀ ਬੜ੍ਹਤ ਤੋਂ ਬਾਅਦ ਗਰਮੀ ਤੇ ਇਕ ਰੈਗੂਲਰ ਗੇਂਦਬਾਜ਼ੀ ਦੀ ਕਮੀ ਨੂੰ ਦੇਖਦੇ ਹੋਏ ਆਸਟ੍ਰੇਲੀਆ ਨੇ ਮਹਿਮਾਨ ਟੀਮ ਨੂੰ ਫਾਲੋਆਨ ਨਹੀਂ ਦਿੱਤਾ। ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਆਸਟ੍ਰੇਲੀਆ ਨੇ 57 ਓਵਰਾਂ ਵਿਚ ਛੇ ਵਿਕਟਾਂ ਦੇ ਨੁਕਸਾਨ 'ਤੇ 167 ਦੌੜਾਂ ਬਣਾ ਲਈਆਂ ਹਨ। ਹੁਣ ਮੇਜ਼ਬਾਨ ਟੀਮ ਦੀ ਕੁੱਲ ਬੜ੍ਹਤ 417 ਦੌੜਾਂ ਦੀ ਹੋ ਚੁੱਕੀ ਹੈ ਜਦਕਿ ਉਸ ਦੀਆਂ ਚਾਰ ਵਿਕਟਾਂ ਬਾਕੀ ਹਨ। ਤੀਜੇ ਦਿਨ ਦੀ ਖੇਡ ਸਮਾਪਤ ਹੋਣ ਤਕ ਪੈਟ ਕਮਿੰਸ ਇਕ ਜਦਕਿ ਮੈਥਿਊ ਵੇਡ ਅੱਠ ਦੌੜਾਂ ਬਣਾ ਕੇ ਕ੍ਰੀਜ਼ 'ਤੇ ਮੌਜੂਦ ਸਨ।

ਡਾਰ ਨੂੰ ਲੱਗੀ ਸੱਟ :

ਕੀਵੀ ਸਪਿੰਨਰ ਮਿਸ਼ੇਲ ਸੈਂਟਨਰ ਨੇ ਦਿਨ ਵਿਚ ਕੋਈ ਵਿਕਟ ਨਹੀਂ ਲਈ ਪਰ ਪੂਰਾ ਦਿਨ ਚਰਚਾ ਵਿਚ ਰਹੇ। ਉਹ ਅੰਪਾਇਰ ਅਲੀਮ ਡਾਰ ਨਾਲ ਅਜਿਹਾ ਟਕਰਾਏ ਕਿ ਉਨ੍ਹਾਂ ਨੂੰ ਗੋਡੇ ਵਿਚ ਸੱਟ ਲੱਗ ਗਈ। ਉਹ ਕਰੀਅਰ ਦੇ 129ਵੇਂ ਟੈਸਟ ਵਿਚ ਅੰਪਾਇਰਿੰਗ ਕਰ ਰਹੇ ਹਨ। ਡਾਰ ਮੈਦਾਨ 'ਤੇ ਕੁਝ ਦੇਰ ਲੇਟੇ ਰਹੇ ਤੇ ਇਲਾਜ ਕਰਵਾਇਆ। ਇਸ ਤੋਂ ਬਾਅਦ ਮੁੜ ਆਪਣੀ ਜ਼ਿੰਮੇਵਾਰੀ ਸੰਭਾਲੀ।


ਹੇਜ਼ਲਵੁਡ ਪਹਿਲੇ ਟੈਸਟ 'ਚੋਂ ਹੋਏ ਬਾਹਰ

ਆਸਟ੍ਰੇਲੀਆਈ ਗੇਂਦਬਾਜ਼ ਜੋਸ਼ ਹੇਜ਼ਲਵੁਡ ਮਾਂਸਪੇਸ਼ੀਆਂ 'ਚ ਖਿਚਾਅ ਕਾਰਨ ਪਹਿਲੇ ਟੈਸਟ 'ਚੋਂ ਬਾਹਰ ਹੋ ਗਏ ਹਨ। ਆਈਸੀਸੀ ਨੇ ਆਪਣੇ ਬਿਆਨ ਵਿਚ ਇਸ ਦਾ ਐਲਾਨ ਕੀਤਾ। ਉਨ੍ਹਾਂ ਨੂੰ ਦੂਜੇ ਦਿਨ ਦੀ ਖੇਡ ਦੌਰਾਨ ਸੱਟ ਲੱਗੀ ਸੀ। ਮੈਚ ਵਿਚ ਉਹ ਸਿਰਫ਼ ਅੱਠ ਗੇਂਦਾਂ ਸੁੱਟ ਸਕੇ ਸਨ।