ਬਰਮਿੰਘਮ (ਏਜੰਸੀ) : ਪਹਿਲੀ ਵਾਰ ਵਿਸ਼ਵ ਕੱਪ ਜਿੱਤਣ ਦੀ ਦਹਿਲੀਜ਼ 'ਤੇ ਖੜ੍ਹੀ ਇੰਗਲੈਂਡ ਦੀ ਟੀਮ ਨੂੰ ਵੀਰਵਾਰ ਨੂੰ ਦੂਜੇ ਸੈਮੀਫਾਈਨਲ ਵਿਚ ਪੰਜ ਵਾਰ ਦੀ ਚੈਂਪੀਅਨ ਕੱਟੜ ਵਿਰੋਧੀ ਆਸਟ੍ਰੇਲੀਆ ਨੂੰ ਹਰਾਉਣ ਲਈ ਕਾਫੀ ਪਾਪੜ ਵੇਲਣੇ ਪੈਣਗੇ। ਇੰਗਲੈਂਡ ਪਿਛਲੀ ਵਾਰ 2015 ਵਿਸ਼ਵ ਕੱਪ ਦੇ ਪਹਿਲੇ ਦੌਰ ਵਿਚੋਂ ਬਾਹਰ ਹੋ ਗਿਆ ਸੀ। ਉਸ ਤੋਂ ਬਾਅਦ ਹਾਲਾਂਕਿ ਉਹ ਇੰਗਲੈਂਡ ਇਕ ਰੋਜ਼ਾ ਰੈਂਕਿੰਗ ਵਿਚ ਟਾਪ ਤਕ ਪੁੱਜਿਆ ਅਤੇ ਕਾਫੀ ਮਜ਼ਬੂਤ ਟੀਮ ਦੇ ਰੂਪ ਵਿਚ ਉਭਰਿਆ।

ਇੰਗਲੈਂਡ 1979, 1987 ਅਤੇ 1992 ਵਿਚ ਫਾਈਨਲ ਤਕ ਪੁੱਜਿਆ ਪਰ ਵਿਸ਼ਵ ਕੱਪ ਨਹੀਂ ਜਿੱਤ ਸਕਿਆ। ਇਸ ਵਾਰ ਟੀਮ ਦੇ ਪ੍ਰਦਰਸ਼ਨ ਨੂੰ ਵੇਖਦੇ ਹੋਏ ਮਾਹਿਰਾਂ ਨੇ ਕਿਆਸ ਲਗਾਏ ਸਨ ਕਿ ਵਿਸ਼ਵ ਕੱਪ ਜਿੱਤਣ ਲਈ ਇਹ ਉਨ੍ਹਾਂ ਕੋਲ ਸਭ ਤੋਂ ਸੁਨਹਿਰਾ ਮੌਕਾ ਹੈ। ਇੰਗਲੈਂਡ ਅਤੇ ਖਿਤਾਬ ਵਿਚਕਾਰ ਪਹਿਲੇ ਕਦਮ 'ਤੇ ਆਸਟ੍ਰੇਲੀਆ ਹੈ ਜੋ ਟੂਰਨਾਮੈਂਟ ਵਿਚ ਲਗਾਤਾਰ ਚੰਗਾ ਪ੍ਰਦਰਸ਼ਨ ਕਰਦਾ ਆਇਆ ਹੈ। ਅਜੇ ਤਕ ਉਸ ਨੇ ਸੱਤ ਸੈਮੀਫਾਈਨਲ ਖੇਡੇ, ਜਿਨ੍ਹਾਂ ਵਿਚ ਛੇ ਸੈਮੀਫਾਈਨਲ ਜਿੱਤੇ ਅਤੇ 1999 ਵਿਚ ਦੱਖਣੀ ਅਫ਼ਰੀਕਾ ਖ਼ਿਲਾਫ਼ ਨਾਟਕੀ ਢੰਗ ਨਾਲ ਮੈਚ ਬਰਾਬਰ ਹੋ ਗਿਆ ਸੀ।

ਚਾਰ ਮਹੀਨੇ ਪਹਿਲਾ ਤਕ ਆਸਟ੍ਰੇਲੀਆ ਨੂੰ ਸ਼ਾਇਦ ਹੀ ਕੋਈ ਗੰਭੀਰਤਾ ਨਾਲ ਲੈਂਦਾ ਪਰ ਅਰੋਨ ਫਿੰਚ ਦੀ ਟੀਮ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਆਸਟ੍ਰੇਲੀਆ ਨੇ ਵੱਡੇ ਮੁਕਾਬਲਿਆਂ 'ਚ ਹਮੇਸ਼ਾ ਵਧੀਆ ਪ੍ਰਦਰਸ਼ਨ ਕੀਤਾ ਹੈ। ਇਸ ਵਾਰ ਵੀ ਸਹੀ ਸਮੇਂ 'ਤੇ ਟੀਮ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਆਸਟ੍ਰੇਲੀਆ ਕੋਚ ਜਸਟਿਨ ਲੈਂਗਰ ਨੇ ਕਿਹਾ ਕਿ ਇਸ ਸਾਲ ਪਹਿਲਾਂ ਅਸੀਂ ਇੰਨੇ ਮਜ਼ਬੂਤ ਨਹੀਂ ਸੀ। ਅਸੀਂ ਵੱਡੇ ਸੰਕਟ ਵਿਚੋਂ ਲੰਘੇ, ਜਿਸ ਦਾ ਅਸਰ ਖੇਡ 'ਤੇ ਨਹੀਂ ਬਲਕਿ ਸਾਡੇ ਦੇਸ਼ 'ਤੇ ਵੀ ਪਿਆ। ਉਨ੍ਹਾਂ ਨੇ ਡੇਵਿਡ ਵਾਰਨਰ ਤੇ ਸਟੀਵ ਸਮਿੱਥ ਦਾ ਜ਼ਿਕਰ ਕਰਦੇ ਹੋਏ ਕਿਹਾ ਮੈਨੂੰ ਪਤਾ ਸੀ ਕਿ ਇੰਗਲੈਂਡ ਵਿਚ ਕੁਝ ਲੋਕ ਮਜ਼ਾਕ ਕਰਨਗੇ ਪਰ ਇਹ ਸਹੀ ਸੀ। ਸਾਨੂੰ ਮਿਹਨਤ ਕਰਨੀ ਸੀ। ਸਾਨੂੰ ਪਤਾ ਸੀ ਕਿ ਸਾਡੇ ਕੋਲ ਚੰਗੇ ਖਿਡਾਰੀ ਹਨ।