ਮੈਲਬੌਰਨ (ਏਐੱਫਪੀ) : ਆਸਟ੍ਰੇਲੀਆ ਦੇ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ ਨਿੱਜੀ ਕਾਰਨਾਂ ਨਾਲ ਸ੍ਰੀਲੰਕਾ ਨਾਲ ਬੁੱਧਵਾਰ ਨੂੰ ਹੋਣ ਵਾਲੇ ਦੂਜੇ ਟੀ-20 ਮੈਚ ਵਿਚ ਨਹੀਂ ਖੇਡਣਗੇ। ਸਟਾਰਕ ਆਪਣੇ ਭਰਾ ਦੇ ਵਿਆਹ ਵਿਚ ਸ਼ਾਮਲ ਹੋਣਗੇ। ਸਟਾਰਕ ਨੂੰ ਵਿਆਹ ਤੋਂ ਬਾਅਦ ਮੁੜ ਟੀਮ ਨਾਲ ਜੁੜਨ ਦੀ ਇਜਾਜ਼ਤ ਦੇ ਦਿੱਤੀ ਗਈ ਹੈ। ਸਟਾਰਕ ਆਪਣੇ ਭਰਾ ਤੇ ਵਿਸ਼ਵ ਪੱਧਰੀ ਲੰਬੀ ਛਾਲ ਅਥਲੀਟ ਬਰੈਂਡਨ ਦੇ ਵਿਆਹ ਤੋਂ ਬਾਅਦ ਮੁੜ ਟੀਮ ਨਾਲ ਜੁੜ ਜਾਣਗੇ। ਸਟਾਰਕ ਦੀ ਥਾਂ ਬਿਲੀ ਸਟੇਨਲੇਕ ਨੂੰ ਦੂਜੇ ਟੀ-20 ਮੈਚ ਲਈ ਟੀਮ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ ਜਦਕਿ ਸੀਨ ਏਬਾਟ ਨੂੰ ਪਹਿਲਾਂ ਹੀ ਜ਼ਖ਼ਮੀ ਐਂਡਰਿਊ ਟਾਈ ਦੀ ਥਾਂ ਟੀਮ ਵਿਚ ਸ਼ਾਮਲ ਕਰ ਲਿਆ ਗਿਆ ਹੈ। ਮੇਜ਼ਬਾਨ ਆਸਟ੍ਰੇਲੀਆ ਨੇ ਪਹਿਲਾ ਟੀ-20 ਮੈਚ 134 ਦੌੜਾਂ ਨਾਲ ਜਿੱਤ ਕੇ ਤਿੰਨ ਮੈਚਾਂ ਦੀ ਸੀਰੀਜ਼ ਵਿਚ 1-0 ਦੀ ਬੜ੍ਹਤ ਬਣਾ ਲਈ ਹੈ।