ਲੀਡਸ (ਏਐੱਫਪੀ) : ਐਸ਼ੇਜ਼ ਸੀਰੀਜ਼ ਵਿਚ 1-0 ਨਾਲ ਅੱਗੇ ਚੱਲ ਰਹੀ ਮਹਿਮਾਨ ਆਸਟ੍ਰੇਲੀਆਈ ਟੀਮ ਵੀਰਵਾਰ ਨੂੰ ਇੱਥੇ ਹੈਡਿੰਗਲੇ ਵਿਚ ਇੰਗਲੈਂਡ ਖ਼ਿਲਾਫ਼ ਤੀਜੇ ਟੈਸਟ ਮੈਚ ਵਿਚ ਉਤਰੇਗੀ ਤਾਂ ਉਸ ਦੇ ਬੱਲੇਬਾਜ਼ਾਂ ਨੂੰ ਤੇਜ਼ ਗੇਂਦਬਾਜ਼ ਜੋਫਰਾ ਆਰਚਰ ਦੇ ਬਾਊਂਸਰਾਂ ਦਾ ਮੁੜ ਸਾਹਮਣਾ ਕਰਨਾ ਪਵੇਗਾ। ਆਪਣੀ ਸ਼ੁਰੂਆਤੀ ਸੀਰੀਜ਼ ਦੇ ਪਿਛਲੇ ਮੈਚ ਵਿਚ ਆਰਚਰ ਨੇ ਆਪਣੇ ਗੇਂਦਬਾਜ਼ੀ ਸਪੈੱਲ ਵਿਚ ਬਾਊਂਸਰਾਂ ਦਾ ਕਹਿਰ ਵਰ੍ਹਾਇਆ ਤੇ ਉਸ ਵਿਚ ਆਸਟ੍ਰੇਲੀਆ ਦੇ ਮੁੱਖ ਬੱਲੇਬਾਜ਼ ਸਟੀਵ ਸਮਿਥ ਜ਼ਖ਼ਮੀ ਹੋ ਗਏ। ਸਮਿਥ ਦੇ ਜ਼ਖ਼ਮੀ ਹੋਣ ਨਾਲ ਇੰਗਲੈਂਡ ਨੂੰ ਮੁੜ ਤੋਂ ਸੀਰੀਜ਼ ਵਿਚ ਵਾਪਸੀ ਕਰਨ ਦਾ ਮੌਕਾ ਮਿਲ ਜਾਵੇਗਾ ਕਿਉਂਕਿ ਆਸਟ੍ਰੇਲੀਆ ਦੀ ਪਾਰੀ ਸਮਿਥ ਦੇ ਆਲੇ ਦੁਆਲੇ ਘੁੰਮਦੀ ਹੈ। ਦੂਜੇ ਟੈਸਟ ਵਿਚ ਸਮਿਥ ਜ਼ਖ਼ਮੀ ਹੋਣ ਕਾਰਨ ਦੂਜੀ ਪਾਰੀ ਵਿਚ ਖੇਡਣ ਨਹੀਂ ਆਏ ਸਨ। ਆਸਟ੍ਰੇਲੀਆ ਨੇ ਇਸ ਮੈਚ ਲਈ ਉਨ੍ਹਾਂ ਦੀ ਥਾਂ ਮਾਰਨਸ ਲਾਬੂਸ਼ਾਨੇ ਨੂੰ ਸ਼ਾਮਲ ਕੀਤਾ ਹੈ।

ਇੰਗਲੈਂਡ ਦੀ ਚਿੰਤਾ :

ਦੂਜੇ ਪਾਸੇ ਮੇਜ਼ਬਾਨ ਇੰਗਲੈਂਡ ਦੀ ਟੀਮ ਸੀਰੀਜ਼ ਵਿਚ ਵਾਪਸੀ ਕਰਨਾ ਚਾਹੇਗੀ। ਤੀਜੇ ਟੈਸਟ ਵਿਚ ਮੇਜ਼ਬਾਨ ਟੀਮ ਦੀਆਂ ਨਜ਼ਰਾਂ ਬੱਲੇ ਨਾਲ-ਨਾਲ ਗੇਂਦ ਨਾਲ ਵੀ ਆਸਟ੍ਰੇਲੀਆਈ ਟੀਮ 'ਤੇ ਦਬਾਅ ਬਣਾਉਣ ਦੀ ਹੋਵੇਗੀ। ਹਾਲਾਂਕਿ ਪਿਛਲੇ ਦੋ ਟੈਸਟ ਮੈਚਾਂ ਵਿਚ ਟੀਮ ਦੀ ਸਲਾਮੀ ਜੋੜੀ ਦਾ ਨਾ ਚੱਲ ਸਕਣਾ ਟੀਮ ਲਈ ਚਿੰਤਾ ਦੀ ਗੱਲ ਹੈ। ਬੇਨ ਸਟੋਕਸ ਨੇ ਦੂਜੇ ਟੈਸਟ ਮੈਚ ਵਿਚ ਸੈਂਕੜਾ ਲਾ ਕੇ ਲੈਅ ਵਿਚ ਮੁੜਨ ਦੇ ਸੰਕੇਤ ਦਿੱਤੇ। ਮੇਜ਼ਬਾਨ ਟੀਮ ਇਸ ਮੈਚ ਵਿਚ ਬਿਨਾਂ ਕਿਸੇ ਤਬਦੀਲੀ ਦੇ ਹੀ ਆਪਣੀ 12 ਮੈਂਬਰੀ ਟੀਮ ਨਾਲ ਉਤਰੇਗੀ। ਇਸ ਤੋਂ ਇਲਾਵਾ ਟੀਮ ਕੋਲ ਬੇਨ ਸਟੋਕਸ ਤੇ ਕ੍ਰਿਸ ਵੋਕਸ ਵਰਗੇ ਗੇਂਦਬਾਜ਼ ਵਿਰੋਧੀ ਟੀਮ 'ਤੇ ਦਬਾਅ ਬਣਾਉਣਾ ਚਾਹੁਣਗੇ।

ਜ਼ਖ਼ਮ ਦੇ ਕੇ ਮੈਚ ਨਹੀਂ ਜਿੱਤੇ ਜਾਂਦੇ : ਲੈਂਗਰ

ਆਸਟ੍ਰੇਲੀਆਈ ਕੋਚ ਜਸਿਟਨ ਲੈਂਗਰ ਨੇ ਆਪਣੀ ਟੀਮ ਨੂੰ ਬਾਊਂਸਰਾਂ ਦੇ ਮੁਕਾਬਲੇ ਤੋਂ ਬਚਣ ਦੀ ਸਲਾਹ ਦਿੱਤੀ ਹੈ। ਆਸਟ੍ਰੇਲੀਆ ਦੇ ਕੋਲ ਵੀ ਪੈਟ ਕਮਿੰਸ, ਜੋਸ਼ ਹੇਜ਼ਲਵੁਡ ਤੇ ਮਿਸ਼ੇਲ ਸਟਾਰਕ ਦੇ ਰੂਪ ਵਿਚ ਸ਼ਾਨਦਾਰ ਤੇਜ਼ ਗੇਂਦਬਾਜ਼ ਹਨ। ਲੈਂਗਰ ਨੇ ਕਿਹਾ ਕਿ ਅਸੀਂ ਇੱਥੇ ਸਿਰਫ਼ ਜਿੱਤਣ ਆਏ ਹਾਂ। ਇਹ ਅਹਿਮ ਦਾ ਮੁਕਾਬਲਾ ਨਹੀਂ ਹੈ। ਅਸੀਂ ਟੈਸਟ ਮੈਚ ਜਿੱਤਣਾ ਹੈ, ਜ਼ਖ਼ਮ ਦੇਣ ਦਾ ਮੁਕਾਬਲਾ ਨਹੀਂ। ਸੱਟ ਦੇ ਕੇ ਮੁਕਾਬਲੇ ਨਹੀਂ ਜਿੱਤੇ ਜਾਂਦੇ। ਹਰ ਗੇਂਦਬਾਜ਼ ਬਾਊਂਸਰ ਸੁੱਟਣਾ ਜਾਣਦਾ ਹੈ। ਸਾਨੂੰ ਜੇ ਉਸ ਨਾਲ ਬੱਲੇਬਾਜ਼ ਨੂੰ ਆਊਟ ਕਰਨ ਵਿਚ ਮਦਦ ਮਿਲਦੀ ਹੈ ਤਾਂ ਅਸੀਂ ਉਨ੍ਹਾਂ ਦਾ ਇਸਤੇਮਾਲ ਕਰਾਂਗੇ, ਵਰਨਾ ਨਹੀਂ।