ਨਵੀਂ ਦਿੱਲੀ (ਜੇਐੱਨਐੱਨ) : ਦਿੱਗਜ ਸਪਿੰਨਰ ਅਨਿਲ ਕੁੰਬਲੇ ਨੇ ਕਿਹਾ ਕਿ ਉਨ੍ਹਾਂ ਲਈ ਕੋਚਿੰਗ ਦੇ ਪਿਛਲੇ ਤਜਰਬਿਆਂ ਦੀ ਸਭ ਤੋਂ ਵੱਡੀ ਸਿੱਖਿਆ ਖਿਡਾਰੀਆਂ 'ਤੋਂ ਦਬਾਅ ਘੱਟ ਕਰਨਾ ਤੇ ਉਨ੍ਹਾਂ ਨੂੰ ਸਹਿਜ ਰੱਖਣ ਵਿਚ ਮਦਦ ਕਰਨਾ ਸੀ। ਕੁੰਬਲੇ ਨੇ ਚੈਂਪੀਅਨਜ਼ ਟਰਾਫੀ 2017 ਦੇ ਫਾਈਨਲ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨਾਲ ਖ਼ਰਾਬ ਸੰਬੰਧਾਂ ਕਾਰਨ ਭਾਰਤੀ ਕੋਚ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਹਾਲਾਂਕਿ ਟੀਮ ਨੇ ਉਨ੍ਹਾਂ ਦੇ ਹੁੰਦਿਆਂ ਚੰਗਾ ਪ੍ਰਦਸ਼ਨ ਕੀਤਾ ਸੀ। 48 ਸਾਲਾ ਸਾਬਕਾ ਭਾਰਤੀ ਕਪਤਾਨ ਮੁੜ ਕੋਚਿੰਗ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ ਤੇ ਇਸ ਵਾਰ ਉਹ ਆਈਪੀਐੱਲ ਫਰੈਂਚਾਈਜ਼ੀ ਕਿੰਗਜ਼ ਇਲੈਵਨ ਪੰਜਾਬ ਨਾਲ ਕ੍ਰਿਕਟ ਸੰਚਾਲਨ ਡਾਇਰੈਕਟਰ ਦੇ ਰੂਪ ਵਿਚ ਜੁੜੇ ਹਨ। ਕੁੰਬਲੇ ਨੇ ਬੁੱਧਵਾਰ ਨੂੰ ਕਿਹਾ ਕਿ ਆਰਸੀਬੀ ਤੇ ਮੁੰਬਈ ਇੰਡੀਅਨਜ਼ ਨਾਲ ਕੋਚਿੰਗ ਦਾ ਤਜਰਬਾ ਸ਼ਾਨਦਾਰ ਰਿਹਾ ਸੀ। ਇਸ ਨਾਲ ਯਕੀਨੀ ਤੌਰ 'ਤੇ (ਕੋਚ ਵਜੋਂ) ਮਦਦ ਮਿਲਦੀ ਹੈ। ਆਖ਼ਰ 'ਚ ਇਹ ਸਭ ਕ੍ਰਿਕਟ ਨੂੰ ਲੈ ਕੇ ਹੈ। ਜਿਸ ਸਮੇਂ ਤੁਸੀਂ ਨਤੀਜੇ, ਜਿੱਤ, ਟਰਾਫੀ ਨੂੰ ਮਹੱਤਵ ਦੇਣਾ ਸ਼ੁਰੂ ਕਰਦੇ ਹੋ ਤਾਂ ਤੁਸੀਂ ਖਿਡਾਰੀਆਂ 'ਤੇ ਜ਼ਿਆਦਾ ਦਬਾਅ ਬਣਾ ਦਿੰਦੇ ਹੋ ਇਸ ਲਈ ਮੈਂ ਇਹ ਸਿੱਖਿਆ ਹੈ ਕਿ ਦਬਾਅ ਮੁਕਤ ਰਹੋ ਤੇ ਖਿਡਾਰੀਆਂ ਨੂੰ ਸਹਿਜ ਰੱਖਣ ਵਿਚ ਮਦਦ ਕਰੋ। ਜਦ ਉਹ ਸਹਿਜ ਹੋ ਕੇ ਖੇਡਦੇ ਹਨ ਤਾਂ ਚੰਗਾ ਪ੍ਰਦਰਸ਼ਨ ਕਰਦੇ ਹਨ। ਕਿੰਗਜ਼ ਇਲੈਵਨ ਪੰਜਾਬ ਕਦੀ ਆਈਪੀਐੱਲ ਖ਼ਿਤਾਬ ਨਹੀਂ ਜਿੱਤ ਸਕਿਆ ਹੈ ਤੇ ਕੁੰਬਲੇ ਖ਼ਿਤਾਬ ਦਾ ਸੋਕਾ ਸਮਾਪਤ ਕਰਨ ਦੇ ਟੀਚੇ ਨਾਲ ਟੀਮ ਨਾਲ ਜੁੜੇ ਹਨ ਤੇ ਦਸੰਬਰ ਵਿਚ ਹੋਣ ਵਾਲੀ ਆਈਪੀਐੱਲ ਨਿਲਾਮੀ ਲਈ ਜਲਦੀ ਹੀ ਰਣਨੀਤੀ ਤਿਆਰ ਕਰਨਗੇ। ਉਨ੍ਹਾਂ ਨੇ ਕਿਹਾ ਕਿ ਤੁਹਾਨੂੰ ਧੀਰਜ ਰੱਖਣ ਦੀ ਲੋੜ ਹੁੰਦੀ ਹੈ ਤੇ ਫਿਰ ਆਪਣੇ ਖਿਡਾਰੀਆਂ ਦਾ ਸਾਥ ਦੇਣਾ ਪੈਂਦਾ ਹੈ। ਕਿੰਗਜ਼ ਇਲੈਵਨ ਪੰਜਾਬ ਨੇ ਪਿਛਲੇ ਦਿਨੀਂ ਰਵੀਚੰਦਰਨ ਅਸ਼ਵਿਨ ਨੂੰ ਟੀਮ ਨਾਲ ਜੋੜੀ ਰੱਖਣ ਦਾ ਫ਼ੈਸਲਾ ਕੀਤਾ ਪਰ ਕੁੰਬਲੇ ਨੇ ਕਿਹਾ ਕਿ ਇਹ ਅਜੇ ਤੈਅ ਨਹੀਂ ਹੈ ਕਿ ਇਹ ਆਫ ਸਪਿੰਨਰ ਮੁੜ ਤੋਂ ਕਪਤਾਨ ਬਣੇਗਾ ਜਾਂ ਨਹੀਂ।