ਨਵੀਂ ਦਿੱਲੀ (ਜੇਐੱਨਐੱਨ) : ਭਾਰਤ ਦੇ ਸਾਬਕਾ ਕੋਚ, ਕਪਤਾਨ ਤੇ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਗੇਂਦਬਾਜ਼ ਕੁੰਬਲੇ ਹੁਣ ਕਿੰਗਜ਼ ਇਲੈਵਨ ਪੰਜਾਬ ਦੇ ਡਾਇਰੈਕਟਰ (ਕ੍ਰਿਕਟ ਆਪ੍ਰਰੇਸ਼ਨਜ਼) ਦੇ ਰੂਪ 'ਚ ਕੰਮ ਕਰਦੇ ਨਜ਼ਰ ਆਉਣਗੇ। ਵੀਰਵਾਰ ਨੂੰ ਮੁੰਬਈ ਦੇ ਇਕ ਪੰਜ ਸਿਤਾਰਾ ਹੋਟਲ ਵਿਚ ਫਰੈਂਚਾਈਜ਼ੀ ਦੇ ਨਾਲ ਉਨ੍ਹਾਂ ਦੀ ਮੀਟਿੰਗ ਦੌਰਾਨ ਇਸ 'ਤੇ ਮੋਹਰ ਲਾਈ ਗਈ। ਕੁੰਬਲੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਚੀਫ ਮੇਂਟਰ ਰਹਿ ਚੁੱਕੇ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਮੁੰਬਈ ਇੰਡੀਅਨਜ਼ ਦੇ ਨਾਲ ਵੀ ਕੰਮ ਕੀਤਾ ਹੈ। ਕੁੰਬਲੇ ਦੇ ਨਾਲ ਕੰਮ ਕਰਨ ਲਈ ਸਹਾਇਕ ਸਟਾਫ ਵੀ ਨਿਯੁਕਤ ਕੀਤਾ ਗਿਆ ਹੈ। ਆਸਟ੍ਰੇਲੀਆ ਦੇ ਸਾਬਕਾ ਕਪਤਾਨ (ਸੀਮਤ ਓਵਰ) ਜਾਰਜ ਬੈਲੀ ਨੂੰ ਟੀਮ ਦਾ ਨਵਾਂ ਬੱਲੇਬਾਜ਼ੀ ਕੋਚ ਬਣਾਇਆ ਗਿਆ ਹੈ। ਬੈਲੀ 2014 ਦੇ ਫਾਈਨਲ ਵਿਚ ਪੁੱਜਣ ਵਾਲੀ ਕਿੰਗਜ਼ ਇਲੈਵਨ ਟੀਮ ਦੇ ਕਪਤਾਨ ਵੀ ਸਨ। ਸਾਬਕਾ ਭਾਰਤੀ ਸਪਿੰਨਰ ਸੁਨੀਲ ਜੋਸ਼ੀ ਨੂੰ ਟੀਮ ਦਾ ਸਹਾਇਕ ਕੋਚ ਬਣਾਇਆ ਗਿਆ ਹੈ। ਜੋਸ਼ੀ ਬੰਗਲਾਦੇਸ ਟੀਮ ਦੇ ਸਪਿੰਨ ਗੇਂਦਬਾਜ਼ੀ ਕੋਚ ਰਹੇ ਹਨ ਤੇ ਮੌਜੂਦਾ ਸਮੇਂ ਵਿਚ ਉੱਤਰ ਪ੍ਰਦੇਸ਼ ਦੀ ਸੀਨੀਅਰ ਟੀਮ ਦੇ ਮੁੱਖ ਕੋਚ ਹਨ। ਦੱਖਣੀ ਅਫਰੀਕਾ ਦੇ ਦਿੱਗਜ ਜੋਂਟੀ ਰੋਡਜ਼ ਨੂੰ ਟੀਮ ਦਾ ਫੀਲਡਿੰਗ ਕੋਚ ਬਣਾਇਆ ਗਿਆ ਹੈ। ਉਥੇ ਵੈਸਟਇੰਡੀਜ਼ ਦੇ ਸਾਬਕਾ ਮਹਾਨ ਗੇਂਦਬਾਜ਼ ਕੋਰਟਨੀ ਵਾਲਸ਼ ਨੂੰ ਟੀਮ ਦਾ ਗੇਂਦਬਾਜ਼ੀ ਕੋਚ ਕਮ ਟੈਲੰਟ ਸਕਾਊਟ ਬਣਾਇਆ ਗਿਆ ਹੈ। ਇਹ ਵੀ ਖ਼ਬਰਾਂ ਸਨ ਕਿ ਕਿੰਗਜ਼ ਇਲੈਵਨ ਪੰਜਾਬ ਆਪਣੇ ਕਪਤਾਨ ਤੇ ਭਾਰਤੀ ਟੈਸਟ ਟੀਮ ਦੇ ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਦਿੱਲੀ ਕੈਪੀਟਲਜ਼ ਦੇ ਨਾਲ ਟ੍ਰੇਡ ਕਰ ਸਕਦੀ ਹੈ ਪਰ ਫਰੈਂਚਾਈਜ਼ੀ ਦੇ ਸਹਿ ਮਾਲਿਕ ਨੈੱਸ ਵਾਡੀਆ ਨੇ ਸਾਫ਼ ਕੀਤਾ ਹੈ ਕਿ ਅਸ਼ਵਿਨ ਕਿੰਗਜ਼ ਦੀ ਟੀਮ ਦਾ ਅਹਿਮ ਹਿੱਸਾ ਬਣੇ ਰਹਿਣਗੇ। ਕੁੰਬਲੇ 19 ਦਸੰਬਰ ਨੂੰ ਕੋਲਕਾਤਾ ਵਿਚ ਹੋਣ ਵਾਲੀ ਆਈਪੀਐੱਲ ਨੀਲਾਮੀ ਵਿਚ ਟੀਮ ਦੇ ਨਾਲ ਪਹਿਲੀ ਵਾਰ ਨਜ਼ਰ ਆਉਣਗੇ।