ਨਵੀਂ ਦਿੱਲੀ (ਜੇਐੱਨਐੱਨ) : ਭਾਰਤੀ ਕ੍ਰਿਕਟ ਦੀ ਪਹੁੰਚ ਨੂੰ ਵਧਾਉਣ ਲਈ ਬੀਸੀਸੀਆਈ ਨੇ ਮੰਗਲਵਾਰ ਨੂੰ ਆਲ ਇੰਡੀਆ ਰੇਡੀਓ (ਏਆਈਆਰ) ਨਾਲ ਰੇਡੀਓ ਅਧਿਕਾਰਾਂ ਨੂੰ ਲੈ ਕੇ ਦੋ ਸਾਲ ਦਾ ਕਰਾਰ ਕੀਤਾ। ਇਸ ਕਰਾਰ ਦੇ ਤਹਿਤ ਕ੍ਰਿਕਟ ਪ੍ਰੇਮੀਆਂ ਨੂੰ ਉਨ੍ਹਾਂ ਦੇ ਪਸੰਦੀਦਾ ਖੇਡ ਤੇ ਮੈਚਾਂ ਦੀ ਕੁਮੈਂਟਰੀ ਰੇਡੀਓ 'ਤੇ ਲਾਈਵ ਸੁਣਨ ਦਾ ਮੌਕਾ ਮਿਲੇਗਾ। ਬੋਰਡ ਨੇ ਕਿਹਾ ਕਿ ਦੱਖਣੀ ਅਫਰੀਕਾ ਨਾਲ ਹੋਣ ਵਾਲੀ ਟੀ-20 ਸੀਰੀਜ਼ ਨਾਲ ਰੇਡੀਓ ਕੁਮੈਂਟਰੀ ਸ਼ੁਰੂ ਹੋ ਜਾਵੇਗੀ। ਸੀਰੀਜ਼ ਦਾ ਪਹਿਲਾ ਮੈਚ 15 ਸਤੰਬਰ ਨੂੰ ਧਰਮਸ਼ਾਲਾ ਵਿਚ ਖੇਡਿਆ ਜਾਣਾ ਹੈ। ਇਸ ਤੋਂ ਇਲਾਵਾ ਏਆਈਆਰ ਮਰਦ ਤੇ ਮਹਿਲਾ ਘਰੇਲੂ ਟੂਰਨਾਮੈਂਟਾਂ ਦਾ ਵੀ ਰੇਡੀਓ ਪ੍ਰਸਾਰਣ ਕਰੇਗਾ। ਬੀਸੀਸੀਆਈ ਦੇ ਨਾਲ ਉਸ ਦਾ ਦੋ ਸਾਲ ਦਾ ਕਰਾਰ ਇਸੇ ਸਾਲ 10 ਸਤੰਬਰ ਤੋਂ ਸ਼ੁਰੂ ਹੋਵੇਗਾ ਤੇ 31 ਅਗਸਤ 2021 ਤਕ ਜਾਰੀ ਰਹੇਗਾ। ਭਾਰਤ ਦੇ ਅੰਤਰਰਾਸ਼ਟਰੀ ਮੈਚਾਂ ਤੋਂ ਇਲਾਵਾ ਏਆਈਆਰ ਦਲੀਪ ਟਰਾਫੀ, ਦੇਵਧਰ ਟਰਾਫੀ, ਮਹਿਲਾ ਚੈਲੰਜਰ ਸੀਰੀਜ਼, ਸਈਅਦ ਮੁਸ਼ਤਾਕ ਅਲੀ ਟਰਾਫੀ ਤੇ ਈਰਾਨੀ ਟਰਾਫੀ ਦੀ ਰੇਡੀਓ ਕੁਮੈਂਟਰੀ ਵੀ ਕਰੇਗਾ।