ਲਾਹੌਰ (ਏਜੰਸੀ) : ਸ੍ਰੀਲੰਕਾ ਨੇ ਦਸੰਬਰ ਵਿਚ ਪਾਕਿਸਤਾਨ ਵਿਚ ਦੋ ਟੈਸਟ ਮੈਚਾਂ ਦੀ ਲੜੀ ਖੇਡਣ ਦੀ ਪੁਸ਼ਟੀ ਕੀਤੀ, ਜਿਸ ਨਾਲ ਪਾਕਿਸਤਾਨ ਵਿਚ ਇਕ ਦਹਾਕੇ ਤੋਂ ਵੀ ਵਧ ਸਮੇਂ ਬਾਅਦ ਟੈਸਟ ਕ੍ਰਿਕਟ ਦੀ ਵਾਪਸੀ ਹੋਵੇਗੀ। ਇਹ ਲੜੀ ਮੌਜੂਦਾ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਹਿੱਸਾ ਹੋਵੇਗੀ। ਇਕ ਰੋਜ਼ਾ ਕਪਤਾਨ ਦਿਮੁਥ ਕਰੁਣਾਰਤਨੇ ਅਤੇ ਟੀ-20 ਕਪਤਾਨ ਲਸਿਤ ਮਲਿੰਗਾ ਸਣੇ 10 ਖਿਡਾਰੀਆਂ ਦੀ ਸੁਰੱਖਿਆ ਕਾਰਨਾਂ ਕਰ ਕੇ ਹਟਣ ਦੇ ਬਾਵਜੂਦ ਸ੍ਰੀਲੰਕਾ ਨੇ ਇਸ ਸਾਲ ਸਤੰਬਰ-ਅਕਤੂਬਰ ਵਿਚ ਪਾਕਿਸਤਾਨ ਵਿਚ ਦੋਪੱਖੀ ਇਕ ਰੋਜ਼ਾ ਅਤੇ ਟੀ-20 ਅੰਤਰਰਾਸ਼ਟਰੀ ਲੜੀ ਖੇਡੀ ਸੀ। ਆਗਾਮੀ ਲੜੀ ਦਾ ਪਹਿਲਾ ਟੈਸਟ 11 ਤੋਂ 15 ਦਸੰਬਰ ਤਕ ਰਾਵਲਪਿੰਡ ਵਿਚ, ਜਦਕਿ ਦੂਜਾ ਟੈਸਟ 19 ਤੋਂ 23 ਦਸੰਬਰ ਤਕ ਕਰਾਚੀ ਵਿਚ ਖੇਡਿਆ ਜਾਵੇਗਾ। ਪੀਸੀਬੀ ਦੇ ਡਾਇਰੈਕਟਰ ਜਾਕਿਰ ਖ਼ਾਨ ਨੇ ਕਿਹਾ ਕਿ ਪਾਕਿਸਤਾਨ ਦੇ ਕ੍ਰਿਕਟ ਅਤੇ ਦੁਨੀਆ ਦੇ ਕਿਸੇ ਹੋਰ ਦੇਸ਼ ਦੀ ਤਰ੍ਹਾਂ ਸੁਰੱਖਿਅਤ ਦੇਸ਼ ਦੇ ਰੂਪ ਵਿਚ ਇਸ ਦੀ ਹੋਂਦ ਤੇ ਸਨਮਾਨ ਲਈ ਇਹ ਸ਼ਾਨਦਾਰ ਖ਼ਬਰ ਹੈ। ਖੇਡ ਦੇ ਲੰਮੀ ਵੰਨਗੀ ਲਈ ਟੀਮ ਭੇਜਣ 'ਤੇ ਰਾਜੀ ਹੋਣ ਲਈ ਅਸੀਂ ਸ੍ਰੀਲੰਕਾ ਕ੍ਰਿਕਟ ਦਾ ਧੰਨਵਾਦ ਕਰਦੇ ਹਾਂ।

ਖ਼ਾਨ ਨੇ ਕਿਹਾ ਕਿ ਇਸ ਪੁਸ਼ਟੀ ਨਾਲ ਦੇਸ਼ ਵਿਚ ਅੰਤਰਰਾਸ਼ਟਰੀ ਕ੍ਰਿਕਟ ਨਿਯਮਿਤ ਰੂਪ ਨਾਲ ਦੁਬਾਰਾ ਸ਼ੁਰੂ ਕਰਵਾਉਣ ਦੀਆਂ ਕੋਸ਼ਿਸ਼ਾਂ ਵਿਚ ਮਦਦ ਮਿਲੇਗੀ। ਸ੍ਰੀਲੰਕਾ ਨੇ ਹੀ 2009 ਵਿਚ ਪਾਕਿਸਤਾਨ ਵਿਚ ਪਿਛਲਾ ਟੈਸਟ ਖੇਡਿਆ ਸੀ। ਉਸ ਦੌਰੇ ਦੌਰਾਨ ਲਾਹੌਰ ਵਿਚ ਅੱਤਵਾਦੀਆਂ ਨੇ ਸ੍ਰੀਲੰਕਾ ਦੀ ਟੀਮ 'ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਅੰਤਰਰਾਸ਼ਟਰੀ ਟੀਮਾਂ ਨੇ ਕ੍ਰਿਕਟ ਖੇਡਣ ਲਈ ਪਾਕਿਸਤਾਨ ਆਉਣ ਤੋਂ ਇਨਕਾਰ ਕਰ ਦਿੱਤਾ ਸੀ। ਸ੍ਰੀਲੰਕਾ ਨੂੰ ਸ਼ੁਰੂਆਤ ਵਿਚ ਅਕਤੂਬਰ ਵਿਚ ਟੈਸਟ ਲੜੀ, ਜਦਕਿ ਦਸੰਬਰ ਵਿਚ ਸੀਮਿਤ ਓਵਰਾਂ ਦੀ ਲੜੀ ਖੇਡਣੀ ਸੀ ਪਰ ਟੈਸਟ ਸਥਾਨ ਬਾਰੇ ਵਿਚ ਫ਼ੈਸਲਾ ਕਰਨ ਤੋਂ ਪਹਿਲਾਂ ਸੁਰੱਖਿਆ 'ਤੇ ਦੀ ਸਮੀਖਿਆ ਕਰਨ ਦਾ ਮੌਕੇ ਦੇਣ ਲਈ ਦੋਵੇਂ ਲੜੀਆਂ ਦੀ ਅਦਲਾ-ਬਦਲੀ ਕੀਤੀ ਗਈ ਸੀ। ਸ੍ਰੀਲੰਕਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਐਸ਼ਲੇ ਡਿਸਿਲਵਾ ਨੇ ਕਿਹਾ ਕਿ ਪਹਿਲਾਂ ਦੇ ਦੌਰੇ ਦੇ ਆਧਾਰ 'ਤੇ ਸ੍ਰੀਲੰਕਾ ਕ੍ਰਿਕਟ ਮੰਨਦਾ ਹੈ ਕਿ ਹਾਲਾਤ ਟੈਸਟ ਕ੍ਰਿਕਟ ਲਈ ਠੀਕ ਹਨ।