ਨਵੀਂ ਦਿੱਲੀ (ਜੇਐੱਨਐੱਨ) : ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਨੂੰ ਆਪਣੇ ਨਾਲ ਜੋੜਨ ਵਾਲੀ ਦਿੱਲੀ ਕੈਪੀਟਲਜ਼ ਦੀਆਂ ਨਜ਼ਰਾਂ ਹੁਣ ਰਾਜਸਥਾਨ ਰਾਇਲਾਜ਼ ਦੇ ਕਪਤਾਨ ਅਜਿੰਕੇ ਰਹਾਣੇ 'ਤੇ ਹਨ। ਭਾਰਤੀ ਟੈਸਟ ਟੀਮ ਦੇ ਉੱਪ ਕਪਤਾਨ ਰਹਾਣੇ ਵੀ ਦਿੱਲੀ ਕੈਪੀਟਲਜ਼ ਨਾਲ ਜੁੜਨਾ ਚਾਹੁੰਦੇ ਸਨ। ਸੂਤਰਾਂ ਮੁਤਾਬਕ ਰਾਜਸਥਾਨ ਨੇ ਰਹਾਣੇ ਦੀ ਬਦਲੀ ਦਾ ਪੱਤਰ ਹਸਤਾਖਰ ਕਰ ਕੇ ਦਿੱਲੀ ਕੈਪੀਟਲਜ਼ ਨੂੰ ਭੇਜ ਦਿੱਤਾ ਹੈ। ਇਸ ਤੋਂ ਬਾਅਦ ਇੰਡੀਅਨ ਪ੍ਰਰੀਮੀਅਰ ਲੀਗ (ਆਈਪੀਐੱਲ) ਦੀ ਰਾਜਧਾਨੀ ਦੀ ਫਰੈਂਚਾਈਜ਼ੀ ਨੇ ਵੀ ਉਸ ਵਿਚ ਸਹਿਮਤੀ ਦੇ ਕੇ ਪ੍ਰਕਿਰਿਆ 'ਤੇ ਮੋਹਰ ਲਾਉਣ ਲਈ ਆਈਪੀਐੱਲ ਗਵਰਨਿੰਗ ਕੌਂਸਲ ਤੇ ਬੀਸੀਸੀਆਈ ਨੂੰ ਭੇਜ ਦਿੱਤਾ ਹੈ। ਵੀਰਵਾਰ ਨੂੰ ਆਈਪੀਐੱਲ ਦੀ ਟ੍ਰੇਡ ਵਿੰਡੋ ਬੰਦ ਹੋ ਜਾਵੇਗੀ ਤੇ ਇਸ ਤੋਂ ਬਾਅਦ ਫਰੈਂਚਾਈਜ਼ੀਆਂ ਵਿਚਾਲੇ ਕਿਸੇ ਵੀ ਖਿਡਾਰੀ ਦੀ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ। ਦਿੱਲੀ ਕੈਪੀਟਲਜ਼ ਦੇ ਇਕ ਸੀਨੀਅਰ ਅਧਿਕਾਰੀ ਤੋਂ ਜਦ ਇਸ ਬਾਰੇ ਪੁੱਿਛਆ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਬੀਸੀਸੀਆਈ ਦੀ ਇਜਾਜ਼ਤ ਮਿਲਣ ਤੋਂ ਬਾਅਦ ਹੀ ਅਸੀਂ ਇਸ ਬਾਰੇ ਕੁਝ ਕਹਿ ਸਕਦੇ ਹਾਂ। ਅਸੀਂ ਇੰਨਾ ਜ਼ਰੂਰ ਕਹਿ ਸਕਦੇ ਹਾਂ ਕਿ ਰਹਾਣੇ ਨੂੰ ਲੈ ਕੇ ਦਿੱਲੀ ਤੇ ਰਾਜਸਥਾਨ ਵਿਚਾਲੇ ਕਾਫੀ ਦਿਨਾਂ ਤੋਂ ਚੱਲ ਰਹੀ ਗੱਲਬਾਤ ਆਖ਼ਰੀ ਗੇੜ ਵਿਚ ਹੈ। ਜ਼ਿਕਰਯੋਗ ਹੈ ਕਿ ਇਸੇ ਮਹੀਨੇ ਦੀ ਅੱਠ ਤਰੀਕ ਨੂੰ ਦਿੱਲੀ ਕੈਪੀਟਲਜ਼ ਨੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ ਨੂੰ ਆਈਪੀਐੱਲ ਦੇ ਅਗਲੇ ਐਡੀਸ਼ਨ ਵਿਚ ਆਪਣੀ ਟੀਮ ਦੇ ਨਾਲ ਜੋੜਨ ਦਾ ਰਸਮੀ ਐਲਾਨ ਕੀਤਾ ਸੀ। ਬਦਲੀ ਰਾਹੀਂ ਦਿੱਲੀ ਨੇ ਉਨ੍ਹਾਂ ਨੂੰ ਕਿੰਗਜ਼ ਇਲੈਵਨ ਪੰਜਾਬ ਤੋਂ ਖ਼ਰੀਦਿਆ ਸੀ। ਅਸ਼ਵਿਨ ਬੀਤੇ ਦੋ ਐਡੀਸ਼ਨਾਂ ਵਿਚ ਪੰਜਾਬ ਲਈ ਖੇਡ ਰਹੇ ਸਨ ਤੇ ਉਸ ਟੀਮ ਦੇ ਕਪਤਾਨ ਸਨ। ਹਾਲਾਂਕਿ ਚੰਗੀ ਸ਼ੁਰੂਆਤ ਤੋਂ ਬਾਅਦ ਵੀ ਉਹ ਟੀਮ ਨੂੰ ਪਲੇਆਫ ਤਕ ਨਹੀਂ ਲਿਜਾ ਸਕੇ। ਅਸ਼ਵਿਨ ਨੂੰ ਆਪਣੇ ਖੇਮੇ ਵਿਚ ਲਿਆਉਣ ਤੋਂ ਬਾਅਦ ਦਿੱਲੀ ਕੈਪੀਟਲਜ਼ ਦੀਆਂ ਨਜ਼ਰਾਂ ਰਹਾਣੇ 'ਤੇ ਸਨ। ਇਸ ਨੂੰ ਲੈ ਕੇ ਕਈ ਦਿਨਾਂ ਤੋਂ ਦਿੱਲੀ ਤੇ ਰਾਜਸਥਾਨ ਰਾਇਲਜ਼ ਵਿਚਾਲੇ ਗੱਲ ਚੱਲ ਰਹੀ ਸੀ ਪਰ ਸੋਮਵਾਰ ਤੇ ਮੰਗਲਵਾਰ ਨੂੰ ਇਸ 'ਤੇ ਸਹਿਮਤੀ ਬਣ ਗਈ ਸੀ।

ਸੌਰਵ ਗਾਂਗੁਲੀ ਦੀ ਸਨ ਪਸੰਦ :

ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਪਿਛਲੇ ਸੈਸ਼ਨ ਵਿਚ ਦਿੱਲੀ ਕੈਪੀਟਲਜ਼ ਦੇ ਸਲਾਹਕਾਰ ਸਨ ਤੇ ਉਹ ਚਾਹੁੰਦੇ ਸਨ ਕਿ ਰਹਾਣੇ ਵਰਗਾ ਇਕ ਤਜਰਬੇਕਾਰ ਖਿਡਾਰੀ ਉਨ੍ਹਾਂ ਦੀ ਟੀਮ ਵਿਚ ਹੋਣਾ ਚਾਹੀਦਾ ਹੈ। ਹਾਲਾਂਕਿ ਹੁਣ ਉਹ ਦਿੱਲੀ ਕੈਪੀਟਲਜ਼ ਦਾ ਹਿੱਸਾ ਨਹੀਂ ਹਨ ਪਰ ਉਨ੍ਹਾਂ ਦੀ ਟੀਮ ਨੇ ਰਹਾਣੇ ਨੂੰ ਆਪਣੇ ਨਾਲ ਲੈਣ ਦਾ ਫ਼ੈਸਲਾ ਕੀਤਾ ਹੈ।

ਤਜਰਬੇਕਾਰ ਖਿਡਾਰੀਆਂ ਦੀ ਲੋੜ :

ਜੇ ਦਿੱਲੀ ਕੈਪੀਟਲਜ਼ ਦੀ ਟੀਮ ਵਿਚ ਭਾਰਤੀ ਖਿਡਾਰੀਆਂ 'ਤੇ ਨਜ਼ਰ ਮਾਰੀ ਜਾਵੇ ਤਾਂ ਉਨ੍ਹਾਂ ਕੋਲ ਸ਼੍ਰੇਅਸ ਅਈਅਰ, ਰਿਸ਼ਭ ਪੰਤ, ਪਿ੍ਰਥਵੀ ਸ਼ਾਅ, ਹਨੂਮਾ ਵਿਹਾਰੀ, ਆਵੇਸ਼ ਖਾਨ, ਅਕਸ਼ਰ ਪਟੇਲ, ਹਰਸ਼ਲ ਪਟੇਲ, ਅੰਕੁਸ਼ ਬੈਂਸ, ਮਨਜੋਤ ਕਾਲੜਾ ਵਰਗੇ ਨੌਜਵਾਨ ਹਨ। ਉਥੇ ਸ਼ਿਖਰ ਧਵਨ ਤੇ ਇਸ਼ਾਂਤ ਸ਼ਰਮਾ ਤੇ ਅਮਿਤ ਸ਼ਰਮਾ ਵਰਗੇ ਤਜਰਬੇਕਾਰ ਭਾਰਤੀ ਖਿਡਾਰੀ ਵੀ ਟੀਮ ਵਿਚ ਹਨ ਪਰ ਦਿੱਲੀ ਕੈਪੀਟਲਜ਼ ਦੀ ਮੈਨੇਜਮੈਂਟ ਚਾਹੁੰਦੀ ਸੀ ਕਿ ਉਨ੍ਹਾਂ ਕੋਲ ਭਾਰਤ ਦੇ ਦੋ ਅਜਿਹੇ ਸੀਨੀਅਰ ਖਿਡਾਰੀ ਹੋਣ ਜਿਨ੍ਹਾਂ ਦੀ ਟੀਮ ਵਿਚ ਥਾਂ ਪੱਕੀ ਹੋਵੇ ਤੇ ਉਨ੍ਹਾਂ ਕੋਲ ਕਪਤਾਨੀ ਦਾ ਤਜਰਬਾ ਵੀ ਹੋਵੇ। ਇਸ ਵਿਚ ਅਸ਼ਵਿਨ ਤੇ ਰਹਾਣੇ ਫਿੱਟ ਬੈਠਦੇ ਹਨ।

ਆਈਪੀਐੱਲ 'ਚ ਕਾਮਯਾਬ ਬੱਲੇਬਾਜ਼ :

ਭਾਰਤੀ ਟੈਸਟ ਟੀਮ ਦੇ ਉੱਪ ਕਪਤਾਨ ਰਹਾਣੇ ਨੇ 140 ਆਈਪੀਐੱਲ ਮੈਚ ਖੇਡੇ ਹਨ ਤੇ ਉਨ੍ਹਾਂ ਵਿਚ 32.93 ਦੀ ਸਤ ਨਾਲ 3133 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਰਬੋਤਮ ਸਕੋਰ ਅਜੇਤੂ 105 ਦੌੜਾਂ ਹੈ। ਉਹ ਆਈਪੀਐੱਲ ਵਿਚ ਦੋ ਸੈਂਕੜਿਆਂ ਨਾਲ 27 ਅਰਧ ਸੈਂਕੜੇ ਲਾ ਚੁੱਕੇ ਹਨ। ਉਨ੍ਹਾਂ ਨੇ ਖ਼ਰਾਬ ਤੋਂ ਖ਼ਰਾਬ ਹਾਲਾਤ ਵਿਚ ਰਾਜਸਥਾਨ ਰਾਇਲਜ਼ ਦੀ ਕਪਤਾਨੀ ਕੀਤੀ। ਉਨ੍ਹਾਂ ਨੇ ਪਿਛਲੇ ਸੈਸ਼ਨ ਵਿਚ ਰਾਜਸਥਾਨ ਲਈ 14 ਮੈਚਾਂ ਵਿਚ 393 ਦੌੜਾਂ ਬਣਾਈਆਂ ਸਨ। ਉਹ ਮੁੰਬਈ ਇੰਡੀਅਨਜ਼ ਤੇ ਰਾਈਜ਼ਿੰਗ ਪੁਣੇ ਸੁਪਰਜਾਇੰਟਜ਼ ਦਾ ਹਿੱਸਾ ਵੀ ਰਹਿ ਚੁੱਕੇ ਹਨ।

ਆਈਪੀਐਲ 'ਚ 125 ਵਿਕਟਾਂ :

ਅਸ਼ਵਿਨ ਨੇ 28 ਮੈਚਾਂ ਵਿਚ ਪੰਜਾਬ ਦੀ ਕਪਤਾਨੀ ਕੀਤੀ ਸੀ ਜਿਸ ਵਿਚ 12 ਵਿਚ ਉਸ ਨੂੰ ਜਿੱਤ ਤਾਂ 16 ਵਿਚ ਹਾਰ ਮਿਲੀ ਸੀ। ਆਈਪੀਐੱਲ ਵਿਚ ਅਸ਼ਵਿਨ ਦੇ ਨਾਂ 125 ਵਿਕਟਾਂ ਹਨ। ਅਸ਼ਵਿਨ ਨੇ 2009 ਵਿਚ ਚੇਨਈ ਸੁਪਰ ਕਿੰਗਜ਼ ਨਾਲ ਆਈਪੀਐੱਲ ਵਿਚ ਸ਼ੁਰੂਆਤ ਕੀਤੀ ਸੀ। ਫਿਰ ਉਹ ਰਾਈਜ਼ਿੰਗ ਪੁਣੇ ਸੁਪਰਜਾਇੰਟਸ ਵੱਲੋਂ ਖੇਡੇ ਤੇ ਫਿਰ ਪੰਜਾਬ ਪੁੱਜੇ ਸਨ।