ਲਖਨਊ (ਜੇਐੱਨਐੱਨ) : ਅਟਲ ਬਿਹਾਰੀ ਵਾਜਪਾਈ ਇਕਾਨਾ ਸਟੇਡੀਅਮ ਦੀ ਦੁੱਧ ਚਿੱਟੀ ਰੋਸ਼ਨੀ ਵਿਚ ਬੁੱਧਵਾਰ ਨੂੰ ਵੈਸਟਇੰਡੀਜ਼ ਨੇ ਅਫ਼ਗਾਨਿਸਤਾਨ ਦੀ ਟੀਮ ਨੂੰ ਸੱਤ ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਬੱਲੇਬਾਜ਼ੀ ਕਰਦਿਆਂ ਅਫ਼ਗਾਨਿਸਤਾਨ ਦੀ ਟੀਮ ਖ਼ਰਾਬ ਸ਼ੁਰੂਆਤ ਤੋਂ ਬਾਅਦ ਸੰਭਲ ਨਹੀਂ ਸਕੀ ਤੇ ਮੱਧਕ੍ਰਮ ਵਿਚ ਇਕਰਾਮ ਅਲੀਖਿਲ (58) ਤੇ ਰਹਿਮਤ ਸ਼ਾਹ (61) ਦੀਆਂ ਸ਼ਾਨਦਾਰ ਅਰਧ ਸੈਂਕੜੇ ਵਾਲੀਆਂ ਪਾਰੀਆਂ ਦੇ ਬਾਵਜੂਦ 45.2 ਓਵਰਾਂ ਵਿਚ 194 ਦੌੜਾਂ 'ਤੇ ਆਲ ਆਊਟ ਹੋ ਗਈ। ਜਵਾਬ ਵਿਚ ਕੈਰੇਬਿਆਈ ਟੀਮ ਨੇ 46.3 ਓਵਰਾਂ 'ਚ ਤਿੰਨ ਵਿਕਟਾਂ ਦੇ ਨੁਕਸਾਨ 'ਤੇ 197 ਦੌੜਾਂ ਬਣਾ ਕੇ ਮੈਚ ਆਪਣੇ ਨਾਂ ਕੀਤਾ। ਵੈਸਟਇੰਡੀਜ਼ ਵੱਲੋਂ ਰੋਸਟਨ ਚੇਸ ਨੇ 94 ਤੇ ਸ਼ਾਈ ਹੋਪ ਨੇ 77 ਦੌੜਾਂ ਬਣਾਈਆਂ।

ਵੈਸਟਇੰਡੀਜ਼ ਦੇ ਕਪਤਾਨ ਕੀਰੋਨ ਪੋਲਾਰਡ ਨੇ ਟਾਸ ਜਿੱਤ ਕੇ ਪਹਿਲਾਂ ਫੀਲਡਿੰਗ ਕਰਨ ਦਾ ਫ਼ੈਸਲਾ ਕੀਤਾ। 15 ਦੌੜਾਂ ਦੇ ਟੀਮ ਸਕੋਰ ਤਕ ਹਜ਼ਰਤੁੱਲ੍ਹਾ ਜਜਈ (09) ਨੂੰ ਸ਼ੇਲਡਨ ਕਾਟਰੇਲ ਨੇ ਅਤੇ ਜਾਵੇਦ ਅਹਿਮਦੀ (05) ਨੂੰ ਜੇਸਨ ਹੋਲਡਰ ਨੇ ਆਊਟ ਕਰ ਦਿੱਤਾ। ਰਹਿਮਤ ਤੇ ਇਕਰਾਮ ਨੇ ਅਫ਼ਗਾਨੀ ਟੀਮ ਨੂੰ 150 ਦੌੜਾਂ ਤੋਂ ਪਾਰ ਪਹੁੰਚਾਇਆ। ਦੋਵਾਂ ਨੇ ਤੀਜੀ ਵਿਕਟ ਲਈ 111 ਦੌੜਾਂ ਜੋੜੀਆਂ। ਸ਼ਾਹ ਨੇ 80 ਗੇਂਦਾਂ ਦਾ ਸਾਹਮਣਾ ਕੀਤਾ ਤੇ ਛੇ ਚੌਕੇ ਤੇ ਇਕ ਛੱਕਾ ਲਾਇਆ। ਇਕਰਾਮ ਨੇ 62 ਗੇਂਦਾਂ ਦਾ ਸਾਹਮਣਾ ਕੀਤਾ ਤੇ ਛੇ ਚੌਕੇ ਤੇ ਇਕ ਛੱਕਾ ਲਾਇਆ। ਇਸ ਤੋਂ ਬਾਅਦ ਅਸਗ਼ਰ ਅਫ਼ਗਾਨ ਨੇ 52 ਗੇਂਦਾਂ 'ਤੇ 35 ਦੌੜਾਂ ਦਾ ਯੋਗਦਾਨ ਦਿੱਤਾ। ਵੈਸਟਇੰਡੀਜ਼ ਲਈ ਹੋਲਡਰ, ਰੋਮਾਰੀਓ ਸ਼ੇਫਰਡ ਤੇ ਚੇਸ ਨੇ ਦੋ-ਦੋ ਵਿਕਟਾਂ ਲਈਆਂ।