ਮੈਲਬੌਰਨ (ਪੀਟੀਆਈ) : ਆਸਟ੍ਰੇਲੀਆ ਦੇ ਸਾਬਕਾ ਦਿੱਗਜ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਨੇ ਹਰਭਜਨ ਸਿੰਘ ਨੂੰ 'ਔਖਾ ਵਿਰੋਧੀ' ਕਰਾਰ ਦਿੰਦੇ ਹੋਏ ਕਿਹਾ ਕਿ ਭਾਰਤ ਦਾ ਇਹ ਆਫ ਸਪਿੰਨਰ ਤੇ ਸ੍ਰੀਲੰਕਾ ਦਾ ਮੁਥਈਆ ਮੁਰਲੀਧਰਨ ਉਨ੍ਹਾਂ ਦੇ ਅੰਤਰਰਾਸ਼ਟਰੀ ਕਰੀਅਰ ਵਿਚ ਦੋ ਸਭ ਤੋਂ ਔਖੇ ਗੇਂਦਬਾਜ਼ ਰਹੇ। ਆਪਣੇ ਸ਼ਾਨਦਾਰ ਕਰੀਅਰ ਦੀਆਂ ਉਪਲੱਬਧੀਆਂ ਤੇ ਯਾਦਗਾਰ ਪਲ਼ਾਂ ਨੂੰ ਯਾਦ ਕਰਦੇ ਹੋਏ ਗਿਲਕ੍ਰਿਸਟ ਨੇ 2001 ਦੇ ਭਾਰਤ ਦੌਰੇ ਦਾ ਜ਼ਿਕਰ ਕੀਤਾ ਜਿਸ ਵਿਚ ਹਰਭਜਨ ਨੇ ਗੇਂਦਬਾਜ਼ੀ ਦੇ ਜੌਹਰ ਦਿਖਾਏ ਸਨ। ਉਨ੍ਹਾਂ ਨੇ ਕਿਹਾ ਕਿ ਹਰਭਜਨ ਮੇਰੇ ਪੂਰੇ ਕਰੀਅਰ ਵਿਚ ਸਭ ਤੋਂ ਔਖੇ ਵਿਰੋਧੀ ਰਹੇ। ਮੁਰਲੀ ਤੇ ਹਰਭਜਨ ਦੋ ਅਜਿਹੇ ਗੇਂਦਬਾਜ਼ ਰਹੇ ਜਿਨ੍ਹਾਂ ਦਾ ਸਾਹਮਣਾ ਕਰਨ ਵਿਚ ਸਭ ਤੋਂ ਜ਼ਿਆਦਾ ਮੁਸ਼ਕਲ ਹੋਈ। ਭਾਰਤ ਨੇ 2001 ਦੀ ਸੀਰੀਜ਼ ਵਿਚ ਆਸਟ੍ਰੇਲੀਆ ਦੀ 15 ਮੈਚਾਂ ਦੀ ਜੇਤੂ ਮੁਹਿੰਮ 'ਤੇ ਰੋਕ ਲਾਈ ਸੀ। ਆਸਟ੍ਰੇਲੀਆ ਨੇ ਪਹਿਲਾ ਟੈਸਟ 10 ਵਿਕਟਾਂ ਨਾਲ ਜਿੱਤਿਆ ਸੀ ਪਰ ਉਸ ਤੋਂ ਬਾਅਦ ਹਰਭਜਨ ਦੀ ਗੇਂਦਬਾਜ਼ੀ ਦੇ ਦਮ 'ਤੇ ਭਾਰਤ ਨੇ ਦੋ ਟੈਸਟ ਜਿੱਤੇ।

ਸਾਡੇ ਪੈਰਾਂ ਹੇਠੋਂ ਨਿਕਲੀ ਜ਼ਮੀਨ :

ਗਿਲਕ੍ਰਿਸਟ ਨੇ ਹਰਭਜਨ ਸਿੰਘ ਬਾਰੇ ਕਿਹਾ ਕਿ 2001 'ਚ ਮੈਨੂੰ ਲੱਗਾ ਕਿ ਉਨ੍ਹਾਂ ਦਾ ਸਾਹਮਣਾ ਕਰਨਾ ਬਹੁਤ ਸੌਖਾ ਹੈ ਪਰ ਮੈਂ ਗ਼ਲਤ ਸੀ। ਦੂਜੇ ਟੈਸਟ ਵਿਚ ਹੀ ਸਾਡਾ ਸਾਹਮਣਾ ਹਕੀਕਤ ਨਾਲ ਹੋਇਆ। ਹਰਭਜਨ ਨੇ ਸਾਡੇ ਪੈਰਾਂ ਹੇਠੋਂ ਜ਼ਮੀਨ ਖ਼ਿਸਕਾ ਦਿੱਤੀ ਸੀ।