ਮੁੰਬਈ (ਆਈਏਐੱਨਐੱਸ) : ਆਸਟ੍ਰੇਲੀਆ ਅਜੇ ਤਕ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕਿਆ ਹੈ ਪਰ ਇਸ ਟੀਮ ਦੇ ਸਾਬਕਾ ਦਿੱਗਜ ਵਿਕਟਕੀਪਰ ਬੱਲੇਬਾਜ਼ ਐਡਮ ਗਿਲਕ੍ਰਿਸਟ ਦਾ ਮੰਨਣਾ ਹੈ ਕਿ ਅਗਲੇ ਸਾਲ ਆਸਟ੍ਰੇਲੀਆ ਵਿਚ ਹੋਣ ਵਾਲੇ ਇਸ ਵਿਸ਼ਵ ਕੱਪ ਵਿਚ ਮੇਜ਼ਬਾਨ ਟੀਮ ਕੋਲ ਇਸ ਖ਼ਰਾਬ ਦੌਰ ਦਾ ਅੰਤ ਕਰਨ ਦਾ ਮੌਕਾ ਹੋਵੇਗਾ। ਆਸਟ੍ਰੇਲੀਆ ਦੀ ਟੀਮ ਵਨ ਡੇ ਵਿਸ਼ਵ ਕੱਪ ਵਿਚ ਸਭ ਤੋਂ ਕਾਮਯਾਬ ਟੀਮ ਹੈ ਜਿਨ੍ਹਾਂ ਨੇ ਪੰਜ ਵਾਰ ਇਹ ਖ਼ਿਤਾਬ ਜਿੱਤਿਆ ਹੈ ਪਰ ਅਜੇ ਵੀ ਉਹ ਕ੍ਰਿਕਟ ਦੇ ਸਭ ਤੋਂ ਛੋਟੇ ਫਾਰਮੈਟ ਦੇ ਆਈਸੀਸੀ ਟੂਰਨਾਮੈਂਟ ਦਾ ਖ਼ਿਤਾਬ ਜਿੱਤਣ ਤੋਂ ਵਾਂਝੀ ਹੈ। ਆਸਟ੍ਰੇਲੀਆਈ ਟੀਮ 2007 ਤੋਂ ਛੇ ਵਾਰ ਟੀ-20 ਵਿਸ਼ਵ ਕੱਪ ਵਿਚ ਹਿੱਸਾ ਲੈ ਚੁੱਕਾ ਹੈ। ਆਰੋਨ ਫਿੰਚ ਦੀ ਕਪਤਾਨੀ ਵਿਚ ਆਸਟ੍ਰੇਲੀਆਈ ਟੀਮ ਨੇ ਸ੍ਰੀਲੰਕਾ ਤੇ ਪਾਕਿਸਤਾਨ ਨੂੰ ਲਗਾਤਾਰ ਟੀ-0 ਸੀਰੀਜ਼ਾਂ ਵਿਚ ਮਾਤ ਦਿੱਤੀ ਹੈ ਤੇ 2019 ਵਿਚ ਇਸ ਫਾਰਮੈਟ ਵਿਚ ਅਜੇ ਤਕ ਹਾਰੀ ਨਹੀਂ ਹੈ। ਗਿਲਕ੍ਰਿਸਟ ਨੂੰ ਲਗਦਾ ਹੈ ਕਿ ਘਰੇਲੂ ਹਾਲਾਤ ਵਿਚ ਆਸਟ੍ਰੇਲੀਆਈ ਟੀਮ ਨੂੰ ਹਰਾਉਣਾ ਅਗਲੇ ਵਿਸ਼ਵ ਕੱਪ ਵਿਚ ਹੋਰ ਵੀ ਮੁਸ਼ਕਲ ਕੰਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਮੈਨੂੰ ਲਗਦਾ ਹੈ ਕਿ ਉਨ੍ਹਾਂ ਨੇ ਬਹੁਤ ਚੰਗੀ ਸ਼ੁਰੂਆਤ ਕੀਤੀ ਹੈ।

ਸਾਨੂੰ ਘਰੇਲੂ ਹਾਲਾਤ ਦਾ ਮਿਲੇਗਾ ਫ਼ਾਇਦਾ :

ਗਿਲਕ੍ਰਿਸਟ ਨੇ ਕਿਹਾ ਕਿ ਵਿਸ਼ਵ ਕੱਪ ਵਿਚ ਘਰੇਲੂ ਹਾਲਾਤ 'ਚ ਟੀਮ ਨੂੰ ਫ਼ਾਇਦਾ ਮਿਲੇਗਾ। ਉਥੇ ਵੱਡੇ ਮੈਦਾਨ ਹੋਣਗੇ ਜਿੱਥੇ ਉਹ ਚੰਗਾ ਖੇਡਦੇ ਹਨ। ਮੈਨੂੰ ਲਗਦਾ ਹੈ ਕਿ ਆਸਟ੍ਰੇਲੀਆ ਪਹਿਲੀ ਵਾਰ ਟੀ-20 ਵਿਸ਼ਵ ਕੱਪ ਜਿੱਤਣ ਵਿਚ ਕਾਮਯਾਬ ਰਹੇਗਾ।