ਨਵੀਂ ਦਿੱਲੀ (ਜੇਐੱਨਐੱਨ) : ਜ਼ਿੰਬਾਬਵੇ ਨੇ ਆਬੂਧਾਬੀ ਵਿਚ ਖੇਡੇ ਗਏ ਪਹਿਲੇ ਟੈਸਟ ਮੈਚ ਵਿਚ ਅਫ਼ਗਾਨਿਸਤਾਨ ਨੂੰ ਦੋ ਦਿਨਾਂ ਅੰਦਰ ਹੀ 10 ਵਿਕਟਾਂ ਨਾਲ ਹਰਾ ਦਿੱਤਾ। ਇਹ ਜ਼ਿੰਬਾਬਵੇ ਦੀ ਅਫ਼ਗਾਨਿਸਤਾਨ ਖ਼ਿਲਾਫ਼ ਪਹਿਲੀ ਟੈਸਟ ਜਿੱਤ ਹੈ। ਜ਼ਿੰਬਾਬਵੇ ਨੂੰ ਮੈਚ ਜਿੱਤਣ ਲਈ 17 ਦੌੜਾਂ ਦਾ ਟੀਚਾ ਮਿਲਿਆ ਸੀ ਜੋ ਉਸ ਨੇ 3.2 ਓਵਰਾਂ ਵਿਚ ਬਿਨਾਂ ਕਿਸੇ ਨੁਕਸਾਨ ਹਾਸਲ ਕਰ ਲਿਆ। ਟੈਸਟ ਕ੍ਰਿਕਟ ਇਤਿਹਾਸ ਵਿਚ 132 ਸਾਲ ਬਾਅਦ ਲਗਾਤਾਰ ਦੋ ਟੈਸਟ ਦੋ ਦਿਨ ਵਿਚ ਖ਼ਤਮ ਹੋਏ ਹਨ।

ਇਸ ਤੋਂ ਪਹਿਲਾਂ ਭਾਰਤ ਤੇ ਇੰਗਲੈਂਡ ਵਿਚਾਲੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ ਤੀਜਾ ਡੇ-ਨਾਈਟ ਟੈਸਟ ਵੀ ਦੋ ਦਿਨ ਵਿਚ ਖ਼ਤਮ ਹੋ ਗਿਆ ਸੀ। ਮੈਚ ਦੇ ਦੂਜੇ ਦਿਨ ਜ਼ਿੰਬਾਬਵੇ ਨੇ ਪਹਿਲੀ ਪਾਰੀ ਵਿਚ ਪੰਜ ਵਿਕਟਾਂ 'ਤੇ 133 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਤੇ ਪੂਰੀ ਟੀਮ 250 ਦੌੜਾਂ 'ਤੇ ਸਿਮਟ ਗਈ। ਅਫ਼ਗਾਨਿਸਤਾਨ ਨੇ ਪਹਿਲੀ ਪਾਰੀ ਵਿਚ 131 ਦੌੜਾਂ ਬਣਾਈਆਂ ਸਨ। ਇਸ ਤਰ੍ਹਾਂ ਜ਼ਿੰਬਾਬਵੇ ਨੂੰ 119 ਦੌੜਾਂ ਦੀ ਬੜ੍ਹਤ ਮਿਲੀ। ਜਵਾਬ ਵਿਚ ਅਫ਼ਗਾਨਿਸਤਾਨ ਦੀ ਟੀਮ ਦੂਜੀ ਪਾਰੀ ਵਿਚ 135 ਦੌੜਾਂ 'ਤੇ ਸਿਮਟ ਗਈ ਸੀ। ਮੈਚ ਵਿਚ ਕੁੱਲ 30 ਵਿਕਟਾਂ ਡਿੱਗੀਆਂ ਜਿਨ੍ਹਾਂ ਵਿਚੋਂ 18 ਵਿਕਟਾਂ ਤੇਜ਼ ਗੇਂਦਬਾਜ਼ ਨੂੰ ਤੇ 12 ਸਪਿੰਨਰਾਂ ਨੂੰ ਮਿਲੀਆਂ।

Posted By: Sunil Thapa