ਲੰਡਨ (ਪੀਟੀਆਈ) : ਪਾਕਿਸਤਾਨ ਦੇ ਦਿੱਗਜ ਬੱਲੇਬਾਜ਼ ਜ਼ਹੀਰ ਅੱਬਾਸ ਨੂੰ ਇੱਥੇ ਇਕ ਨਿੱਜੀ ਹਸਪਤਾਲ 'ਚ ਆਈਸੀਯੂ 'ਚ ਦਾਖ਼ਲ ਕਰਵਾਇਆ ਗਿਆ ਹੈ। ਰਿਪੋਰਟ ਮੁਤਾਬਕ, 74 ਸਾਲਾ ਅੱਬਾਸ ਨੂੰ ਪੈਡਿੰਗਟਨ ਦੇ ਸੇਂਟ ਮੈਰੀ ਹਸਪਤਾਲ 'ਚ ਦਾਖ਼ਲ ਕਰਾਉਣ ਦੇ ਤਿੰਨ ਦਿਨਾਂ ਬਾਅਦ ਆਈਸੀਯੂ 'ਚ ਭੇਜ ਦਿੱਤਾ ਗਿਆ। ਆਪਣੇ ਜ਼ਮਾਨੇ ਦੇ ਕਲਾਤਮਕ ਬੱਲੇਬਾਜ਼ਾਂ 'ਚੋਂ ਇਕ ਅੱਬਾਸ ਦੁਬਈ ਤੋਂ ਲੰਡਨ ਦੀ ਯਾਤਰਾ ਦੌਰਾਨ ਕੋਵਿਡ-19 ਦੀ ਲਪੇਟ 'ਚ ਆ ਗਏ ਸਨ। ਉਨ੍ਹਾਂ ਨੇ ਦਰਦ ਦੀ ਸ਼ਿਕਾਇਤ ਕੀਤੀ ਸੀ ਤੇ ਲੰਡਨ ਪੁੱਜਣ ਤੋਂ ਬਾਅਦ ਉਨ੍ਹਾਂ ਨੂੰ ਨਿਮੋਨੀਆ ਹੋ ਗਿਆ ਸੀ। ਸੂਤਰਾਂ ਮੁਤਾਬਕ, ਹਾਲੇ ਉਹ ਡਾਇਲਸਿਸ 'ਤੇ ਹਨ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਲੋਕਾਂ ਨਾਲ ਨਾ ਮਿਲਣ ਦੀ ਸਲਾਹ ਦਿੱਤੀ ਹੈ।