ਜੇਐੱਨਐੱਨ, ਨਵੀਂ ਦਿੱਲੀ : ਯੁਵਰਾਜ ਸਿੰਘ ਨੇ ਪਿਛਲੇ ਸਾਲ ਇੰਟਰਨੈਸ਼ਨਲ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ, ਪਰ ਇਕ ਵਾਰ ਫਿਰ ਤੋਂ ਉਹ ਕ੍ਰਿਕਟ ਮੈਦਾਨ 'ਤੇ ਵਾਪਸੀ ਕਰ ਸਕਦੇ ਹਨ। ਭਾਰਤ 'ਚ ਸੈਯਦ ਮੁਸ਼ਤਾਕ ਅਲੀ ਟੀ-20 ਕ੍ਰਿਕਟ ਟੂਰਨਾਮੈਂਟ ਰਾਹੀਂ ਘਰੇਲੂ ਕ੍ਰਿਕਟ ਦੀ ਵਾਪਸੀ ਹੋਣ ਵਾਲੀ ਹੈ ਅਤੇ ਇਸਦੇ ਲਈ ਪੰਜਾਬ ਨੇ ਆਪਣੇ ਸੰਭਾਵਿਤ 30 ਖਿਡਾਰੀਆਂ ਦੀ ਲਿਸਟ ਜਾਰੀ ਕਰ ਦਿੱਤੀ ਹੈ। ਇਸ ਲਿਸਟ 'ਚ ਯੁਵਰਾਜ ਸਿੰਘ ਦਾ ਨਾਮ ਵੀ ਸ਼ਾਮਿਲ ਹੈ। ਯੂਵੀ ਨੇ ਪਿਛਲੇ ਸਾਲ ਸੰਨਿਆਸ ਲੈ ਲਿਆ ਸੀ, ਪਰ ਪੰਜਾਬ ਕ੍ਰਿਕਟ ਐਸੋਸੀਏਸ਼ਨ ਨੇ ਉਨ੍ਹਾਂ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੀ ਘਰੇਲੂ ਟੀਮ ਲਈ ਖੇਡਣ ਅਤੇ ਉਨ੍ਹਾਂ ਨੇ ਇਸਦੇ ਲਈ ਹਾਮੀ ਭਰੀ ਸੀ।

ਇਕ ਅੰਗਰੇਜ਼ੀ ਅਖ਼ਬਾਰ ਦੀ ਖ਼ਬਰ ਅਨੁਸਾਰ ਯੁਵਰਾਜ ਨੇ ਇਸਦੇ ਲਈ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਹਨ ਅਤੇ ਉਹ ਪਿਛਲੇ ਕੁਝ ਦਿਨਾਂ ਤੋਂ ਪੀਸੀਏ ਸਟੇਡੀਅਮ 'ਚ ਜੰਮ ਕੇ ਤਿਆਰੀ ਵੀ ਕਰ ਰਹੇ ਹਨ। ਵੈਸੇ ਹਾਲੇ ਤਕ ਇਹ ਸਾਫ਼ ਨਹੀਂ ਹੋ ਪਾਇਆ ਹੈ ਕਿ ਉਹ ਇਸ ਟੂਰਨਾਮੈਂਟ ਦਾ ਹਿੱਸਾ ਹੋਣਗੇ ਜਾਂ ਨਹੀਂ, ਪਰ ਪੀਸੀਏ ਦੇ ਸੈਕਰੇਟਰੀ ਪੁਨੀਤ ਬਾਲੀ ਨੇ ਕਿਹਾ ਹੈ ਕਿ, ਉਨ੍ਹਾਂ ਨੂੰ ਬੀਸੀਸੀਆਈ ਦੇ ਜਵਾਬ ਦਾ ਇੰਤਜ਼ਾਰ ਹੈ। ਇਸਤੋਂ ਪਹਿਲਾਂ ਬੋਰਡ ਨੇ ਯੁਵਰਾਜ ਸਿੰਘ ਨੂੰ ਵਿਦੇਸ਼ੀ ਲੀਗ 'ਚ ਖੇਡਣ ਦੀ ਆਗਿਆ ਦਿੱਤੀ ਸੀ। ਤੁਹਾਨੂੰ ਦੱਸ ਦੇਈਏ ਕਿ ਸੈਯਦ ਮੁਸ਼ਤਾਕ ਅਲੀ ਟੀ-20 ਟੂਰਨਾਮੈਂਟ 10 ਜਨਵਰੀ ਤੋਂ ਲੈ ਕੇ 31 ਜਨਵਰੀ ਤਕ ਕੀਤਾ ਜਾਵੇਗਾ ਤਾਂ ਉਥੇ ਹੀ ਯੁਵਰਾਜ ਸਿੰਘ ਨੇ ਆਪਣੀ ਪ੍ਰੈਕਟਿਸ ਦਾ ਇਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਵੀ ਕੀਤਾ।

ਯੂਵੀ ਨੇ ਜੋ ਵੀਡੀਓ ਸ਼ੇਅਰ ਕੀਤੀ ਸੀ, ਉਸ 'ਚ ਉਹ ਇਕ ਸ਼ਾਨਦਾਰ ਸ਼ਾਟ ਲਗਾਉਂਦੇ ਨਜ਼ਰ ਆ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਯੁਵਰਾਜ ਸਿੰਘ ਟੀਮ ਇੰਡੀਆ ਦੇ ਅਹਿਮ ਖਿਡਾਰੀ ਰਹਿ ਚੁੱਕੇ ਹਨ ਅਤੇ ਉਹ 2007 ਟੀ20 ਵਰਲਡ ਕੱਪ ਤੇ 2011 ਵਨਡੇ ਵਰਲਡ ਕੱਪ 'ਚ ਭਾਰਤੀ ਟੀਮ ਲਈ ਸ਼ਾਨਦਾਰ ਪ੍ਰਦਰਸ਼ਨ ਕਰ ਚੁੱਕੇ ਹਨ। ਉਹ ਇਨ੍ਹਾਂ ਟੂਰਨਾਮੈਂਟ 'ਚ 'ਮੈਨ ਆਫ ਦਿ ਸੀਰੀਜ਼' ਵੀ ਰਹਿ ਚੁੱਕੇ ਸਨ। ਯੂਵੀ ਭਾਰਤੀ ਵਨਡੇ ਤੇ ਟੀ20 ਟੀਮ 'ਚ ਸ਼ਾਨਦਾਰ ਰਹੇ, ਪਰ ਉਨ੍ਹਾਂ ਦਾ ਟੈਸਟ ਕਰੀਅਰ ਜ਼ਿਆਦਾ ਚੰਗਾ ਨਹੀਂ ਰਿਹਾ ਸੀ।

ਸੈਯਦ ਮੁਸ਼ਤਾਕ ਅਲੀ ਟੀ-20 ਕ੍ਰਿਕਟ ਟੂਰਨਾਮੈਂਟ ਲਈ ਪੰਜਾਬ ਦੇ ਸੰਭਾਵਿਤ 30 ਖਿਡਾਰੀ

ਯੁਵਰਾਜ ਸਿੰਘ, ਮਨਦੀਪ ਸਿੰਘ, ਅਨਮੋਲਪ੍ਰੀਤ ਸਿੰਘ, ਪ੍ਰਭਸਿਮਰਨ ਸਿੰਘ, ਨੇਹਾ, ਵਧੇਰਾ, ਅਨਮੋਲ ਮਲਹੋਤਰਾ, ਆਰੁਸ਼ ਸਬਰਵਾਲ, ਅਭਿਸ਼ੇਕ ਸ਼ਰਮਾ, ਸਲਿਲ ਅਰੋੜਾ, ਗੀਤਾਂਸ਼ ਖੇਰਾ, ਰਮਨਦੀਪ ਸਿੰਘ, ਸਨਵੀਰ ਸਿੰਘ, ਕਰਨ ਕੈਲਾ, ਰਾਹੁਲ ਸ਼ਰਮਾ, ਕ੍ਰਿਸ਼ਨ ਅਲੰਗ, ਗੁਰਕੀਰਤ ਸਿੰਘ, ਅਭਿਨਵ ਸ਼ਰਮਾ, ਹਰਪ੍ਰੀਤ ਬਰਾਰ, ਮਯੰਕ ਅਰਕੰਡੇ, ਬਲਤੇਜ ਸਿੰਘ, ਸਿਧਾਰਥ ਕੌਲ, ਬਰਿੰਦਰ ਸਰਨ, ਗੁਰਨੂਰ ਸਿੰਘ, ਹਰਜਨ, ਅਭਿਜੀਤ ਗਰਗ, ਕੁੰਵਰ ਪਾਠਕ, ਸੰਦੀਪ ਸ਼ਰਮਾ, ਅਰਸ਼ਦੀਪ ਸਿੰਘ, ਇਕਜੋਤ ਸਿੰਘ, ਨਮਨ ਧੀਰ, ਅਭਿਸ਼ੇਕ ਗੁਪਤਾ, ਹਿਮਾਂਸ਼ੂ ਸੱਤਿਆਵਾਨ।

Posted By: Ramanjit Kaur